ਯਾਕੂਬ ਮੇਮਨ ਨਾਲ ਕੋਈ ਡੀਲ ਨਹੀਂ ਹੋਈ ਸੀ : ਨੀਰਜ ਕੁਮਾਰ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਆਪਣੀ ਕਿਤਾਬ 'ਡਾਇਲ ਡੀ ਫਾਰ ਡਾਨ' ਰਾਹੀਂ ਦਾਊਦ ਇਬਰਾਹੀਮ ਬਾਰੇ ਅਹਿਮ ਖੁਲਾਸੇ ਕਰਨ ਵਾਲੇ ਦਿੱਲੀ ਦੇ ਸਾਬਕਾ ਪੁਲਸ ਕਮਿਸ਼ਨਰ ਨੀਰਜ ਕੁਮਾਰ ਲਿਖਦੇ ਹਨ ਕਿ ਯਾਕੂਬ ਮੇਮਨ ਪਰਵਾਰ ਨੂੰ ਭਾਰਤ ਲਿਆਉਣ ਲਈ ਕੋਈ ਡੀਲ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ 30 ਜੁਲਾਈ ਨੂੰ ਯਾਕੂਬ ਨੂੰ ਫਾਂਸੀ ਮਗਰੋਂ ਵਿਵਾਦ ਉਠਿਆ ਸੀ ਕਿ ਮੇਮਨ ਪਰਵਾਰ ਨੂੰ ਡੀਲ ਤਹਿਤ ਭਾਰਤ ਲਿਆ ਕੇ ਯਾਕੂਬ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ।
ਨੀਰਜ ਕੁਮਾਰ ਲਿਖਦੇ ਹਨ ਕਿ ਮੇਮਨ ਪਰਵਾਰ ਕਰਾਚੀ ਵਿੱਚ ਆਈ ਐੱਸ ਆਈ ਦੇ ਸਖਤ ਪਹਿਰੇ ਅਤੇ ਸ਼ਿਕੰਜੇ ਤੋਂ ਤੰਗ ਆ ਗਿਆ ਸੀ ਅਤੇ ਉਹ ਪਰਵਾਰ ਦੇਸ਼ ਆ ਕੇ ਕੁਝ ਵੀ ਸਹਿਣ ਲਈ ਤਿਆਰ ਸੀ ਅਤੇ ਉਥੋਂ ਨਿਕਲਣਾ ਚਾਹੁੰਦਾ ਸੀ। ਸਮਾਂ ਗੁਜ਼ਰਨ ਦੇ ਨਾਲ ਆਈ ਐੱਸ ਆਈ ਦਾ ਪਹਿਰਾ ਹਟ ਗਿਆ ਤਾਂ ਮੇਮਨ ਪਰਵਾਰ ਨੇ ਡੁਬਈ ਦੀ ਉਡਾਨ ਫੜ ਲਈ ਅਤੇ ਟਾਈਗਰ ਮੇਮਨ ਅਤੇ ਉਸ ਦਾ ਇੱਕ ਭਰਾ ਹੀ ਪਾਕਿਸਤਾਨ 'ਚ ਰਹਿ ਗਏ।
ਉਨ੍ਹਾ ਕਿਹਾ ਕਿ ਮੇਮਨ ਪਰਵਾਰ ਨੂੰ ਪਾਕਿਸਤਾਨੀ ਨਾਗਰਿਕ ਸਾਬਤ ਕਰਨ ਲਈ ਆਈ ਐੱਸ ਆਈ ਨੇ ਸਾਰਿਆਂ ਦੇ ਪਾਕਿਸਤਨੀ ਪਾਸਪੋਰਟ ਬਣਵਾ ਦਿੱਤੇ ਸਨ ਅਤੇ ਉਨ੍ਹਾਂ ਦੇ ਜਨਮ ਸਰਟੀਫਿਕੇਟ, ਸਕੂਲ/ਕਾਲਜ ਲੀਵਿੰਗ ਸਰਟੀਫਿਕੇਟ ਵੀ ਬਣਵਾ ਦਿੱਤੇ ਗਏ । 5 ਅਗਸਤ 1994 ਨੂੰ ਜਦੋਂ ਯਾਕੂਬ ਮੇਮਨ ਦਿੱਲੀ ਉਤਰਿਆ ਤਾਂ ਉਸ ਦੇ ਸੂਟਕੇਸ ਵਿੱਚ ਇਨ੍ਹਾਂ ਸਾਰੇ ਕਾਗਜ਼ਾਤ ਦੇ ਸਬੂਤ ਸਨ ਅਤੇ ਉਸ ਦੇ ਸੂਟਕੇਸ ਵਿੱਚੋਂ ਪਾਕਿਸਤਾਨ 'ਚ ਲਈ ਗਈ ਜਾਇਦਾਦ ਦੇ ਕਾਗਜ਼ਾਤ ਵੀ ਮਿਲੇ। ਇਸ ਦੇ ਨਾਲ ਹੀ ਉਸ ਕੋਲ ਮਾਈਕਰੋ ਕੈਸਿਟਾਂ ਵੀ ਸਨ, ਜਿਨ੍ਹਾਂ ਵਿੱਚ ਧਮਾਕਿਆਂ ਬਾਰੇ ਯਾਕੂਬ ਅਤੇ ਪਾਕਿਸਤਾਨੀ ਸਰਗਨਾ ਦੀ ਗੱਲਬਾਤ ਰਿਕਾਰਡ ਸੀ।
ਨੀਰਜ ਕੁਮਾਰ ਨੇ ਕਿਹਾ ਕਿ ਯਾਕੂਬ ਨੇ ਕਰਾਚੀ ਵਿੱਚ ਕੀਤੇ ਗਏ ਸਲੂਕ ਤੋਂ ਤੰਗ ਆ ਕੇ ਸਬੂਤ ਆਪਣੇ ਕੋਲ ਰੱਖ ਲਏ ਸਨ। ਇਹ ਯਾਕੂਬ ਅਤੇ ਮੇਮਨ ਪਰਵਾਰ ਦੇ ਨਾਲ-ਨਾਲ ਭਾਰਤ ਕੋਲ ਪਾਕਿਸਤਾਨ ਵਿਰੁੱਧ ਵੱਡਾ ਸਬੂਤ ਸੀ। ਉਨ੍ਹਾ ਕਿਹਾ ਕਿ ਉਹ ਆਪਣੇ ਦਫਤਰ ਵਿੱਚ ਯਾਕੂਬ ਮੇਮਨ ਤੋਂ 4-4 ਘੰਟੇ ਲੰਮੀ ਪੁੱਛਗਿੱਛ ਕਰਦੇ ਸਨ। ਯਾਕੂਬ ਨੇ ਦੱਸਿਆ ਸੀ ਕਿ ਕਰਾਚੀ ਪੁੱਜਣ 'ਤੇ ਉਨ੍ਹਾ ਨੂੰ ਸਮਗਲਰ ਤੌਫੀਕ ਜਲਿਆਂਵਾਲਾ ਦੇ ਮਕਾਨ ਕੈਸਰ ਏ ਰਿਆਜ਼ 'ਤੇ ਲਿਜਾਇਆ ਗਿਆ। ਇੱਕ ਹਫਤੇ ਮਗਰੋਂ ਉਸ ਨੂੰ 25 ਰੂਫੀ ਕਾਟੇਜ ਗੁਲਸ਼ਨ ਇਕਬਾਲ, ਕਰਾਚੀ ਵਿਚ ਰੱਖਿਆ ਗਿਆ। ਅੰਤ ਵਿੱਚ ਡੀ-58 ਦਰਕਸ਼ਾਂ ਵਿਲਾ ਡਿਫੈਂਸ ਹਾਊਸਿੰਗ ਅਥਾਰਟੀ ਕਰਾਚੀ ਵਿੱਚ ਰੱਖਿਆ ਅਤੇ ਇਨ੍ਹਾਂ ਸਾਰਿਆਂ ਥਾਵਾਂ 'ਤੇ ਪਾਬੰਦੀ ਸੀ ਅਤੇ ਪਰਵਾਰ ਪ੍ਰਤੀ ਸਲੂਕ ਮਾੜਾ ਸੀ, ਜਿਸ ਤਰ੍ਹਾਂ ਆਈ ਐੱਸ ਆਈ ਦੇ ਆਦਮੀ ਪੇਸ਼ ਆਉਂਦੇ ਸਨ, ਉਸ ਨਾਲ ਪਰਵਾਰ ਦੇ ਲੋਕਾਂ ਨੂੰ ਘੁੱਟਣ ਮਹਿਸੂਸ ਹੋਣ ਲੱਗ ਪਈ ਸੀ, ਇਸ ਲਈ ਉਨ੍ਹਾ ਮੌਕਾ ਮਿਲਦਿਆਂ ਹੀ ਕਰਾਚੀ ਛੱਡ ਦਿੱਤੀ।
ਉਨ੍ਹਾ ਕਿਹਾ ਕਿ ਸੀ ਬੀ ਆਈ ਨੂੰ ਇਸ ਮਾਮਲੇ ਦੀ ਜਾਂਚ 20 ਦਸੰਬਰ 1993 ਨੂੰ ਮਿਲੀ ਸੀ। ਦੇਸ਼ ਵਿੱਚ ਇੱਕ ਚਾਰਜਸ਼ੀਟ ਮੁੰਬਈ ਪੁਲਸ ਨੇ ਦਾਇਰ ਕੀਤੀ ਸੀ ਅਤੇ ਮਗਰੋਂ ਸੀ ਬੀ ਆਈ ਨੇ 14 ਪੂਰਕ ਚਾਰਜਸ਼ੀਟਾਂ ਦਾਇਰ ਕੀਤੀਆਂ। ਦੇਸ਼ ਵਿੱਚ ਕੁੱਲ 123 ਦੋਸ਼ੀ ਸਨ, ਜਿਨ੍ਹਾਂ 'ਚੋਂ 100 ਨੂੰ ਸਜ਼ਾ ਹੋਈ ਸੀ। 800 ਲੋਕ ਮਾਮਲੇ 'ਚ ਗਵਾਹ ਸਨ ਅਤੇ 29 ਭਗੌੜੇ ਦੋਸ਼ੀ ਸੀ ਬੀ ਆਈ ਨੇ ਗ੍ਰਿਫਤਾਰ ਕੀਤੇ ਸਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਵਿਦੇਸ਼ਾਂ ਤੋਂ ਲਿਆਂਦਾ ਗਿਆ ਸੀ। ਉਨ੍ਹਾ ਕਿਹਾ ਕਿ ਦੇਸ਼ ਵਿੱਚ ਫੜੇ ਗਏ ਜਾਂ ਵਿਦੇਸ਼ ਤੋਂ ਲਿਆਂਦੇ ਗਏ ਕਿਸੇ ਦੋਸ਼ੀ ਨਾਲ ਕੋਈ ਡੀਲ ਨਹੀਂ ਕੀਤੀ ਗਈ ਸੀ।