ਅੱਤਵਾਦੀ ਹਮਲੇ ਦੇ ਖ਼ਤਰੇ ਨੂੰ ਦੇਖਦਿਆਂ ਬੈਲਜੀਅਮ 'ਚ ਹਾਈ ਅਲਰਟ

ਬ੍ਰਸਲਜ਼ (ਨਵਾਂ ਜ਼ਮਾਨਾ ਸਰਵਿਸ)
ਪੈਰਿਸ ਹਮਲੇ ਤੋਂ ਬਾਅਦ ਬੈਲਜੀਅਮ ਵਿੱਚ ਅੱਤਵਾਦੀ ਹਮਲੇ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਇਸ ਮਾਮਲੇ 'ਚ ਅਤਿ ਚੌਕਸੀ ਜਾਰੀ ਕੀਤੀ ਗਈ ਹੈ। ਬੈਲਜੀਅਮ ਦੇ ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਵੱਲੋਂ ਕੋਈ 22 ਥਾਵਾਂ 'ਤੇ ਛਾਪੇ ਮਾਰੇ ਗਏ, ਪਰ ਇਨ੍ਹਾਂ ਛਾਪਿਆਂ ਦੌਰਾਨ ਕੋਈ ਹਥਿਆਰ ਜਾਂ ਵਿਸਫੋਟਕ ਸਮਗਰੀ ਹਾਸਲ ਨਹੀਂ ਹੋਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਛਾਪਿਆ ਦੌਰਾਨ ਪੈਰਿਸ ਹਮਲਿਆਂ ਦਾ ਸ਼ੱਕੀ ਦੋਸ਼ੀ ਸਲਾਹ ਅਬਦੇ ਸਲਾਮ ਅਜੇ ਤੱਕ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਸਲਾਹ ਦੇ ਭਰਾ ਮੁਹੰਮਦ ਅਬਦੇ ਸਲਾਮ ਨੇ ਬੈਲਜੀਅਮ ਟੀ ਵੀ ਚੈਨਲ 'ਤੇ ਬੋਲਦਿਆਂ ਆਪਣੇ ਭਰਾ ਨੂੰ ਪੁਲਸ ਅੱਗੇ ਆਤਮ-ਸਮਰਪਣ ਕਰਨ ਦੀ ਅਪੀਲ ਕੀਤੀ ਸੀ। ਮੁਹੰਮਦ ਦਾ ਦੂਜਾ ਭਰਾ ਬ੍ਰਾਹਮ ਅਬਦੇ ਸਲਾਮ ਪੈਰਿਸ ਹਮਲਿਆਂ ਵਿੱਚ ਸ਼ਾਮਲ ਸੀ ਅਤੇ ਉਸ ਨੇ ਪੈਰਿਸ ਹਮਲਿਆਂ ਮੌਕੇ ਆਪਣੇ-ਆਪ ਨੂੰ ਉਡਾ ਲਿਆ ਸੀ। ਪੈਰਿਸ ਅੱਤਵਾਦੀ ਹਮਲਿਆਂ 'ਚ ਕੋਈ 130 ਵਿਅਕਤੀ ਮਾਰੇ ਗਏ ਸਨ।
ਇਸੇ ਦੌਰਾਨ ਬੈਲਜੀਅਮ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਅੰਦਰ ਅੱਜ ਹਾਈ ਅਲਰਟ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਸਕੂਲ ਤੇ ਕਾਲਜ ਬੰਦ ਰੱਖੇ ਗਏ ਹਨ। ਪ੍ਰਧਾਨ ਮੰਤਰੀ ਚਾਰਲਸ ਮਸ਼ੇਲ ਨੇ ਦੱਸਿਆ ਕਿ ਅੱਤਵਾਦੀ ਹਮਲੇ ਦੇ ਖ਼ਤਰੇ ਨੂੰ ਦੇਖਦਿਆਂ ਸਾਰੀਆਂ ਯੂਨੀਵਰਸਿਟੀਆਂ, ਸਕੂਲ ਅਤੇ ਮੈਟਰੋ ਬੰਦ ਰੱਖੀ ਗਈ।
ਇਸੇ ਦੌਰਾਨ ਫ਼ਰਾਂਸ ਪੁਲਸ ਨੇ ਤਿੰਨ ਆਤਮਘਾਤੀ ਬੰਬਾਰਾਂ 'ਚੋਂ ਇੱਕ ਦੀ ਤਸਵੀਰ ਜਾਰੀ ਕੀਤੀ ਹੈ। ਆਤਮਘਾਤੀ ਬੰਬਾਰਾਂ 'ਚੋਂ ਸਿਰਫ਼ ਇੱਕ ਅੱਤਵਾਦੀ ਦੀ ਹੀ ਪਛਾਣ ਹੋ ਸਕੀ ਹੈ। ਇਸ ਅੱਤਵਾਦੀ ਦੀ ਪਛਾਣ ਬੈਲਜੀਅਮ ਦੇ ਬਿਲਾਲ ਹਦਫੀ ਵਜੋਂ ਹੋਈ ਹੈ। ਹਾਈ ਅਲਰਟ ਕਾਰਨ ਬੈਲਜੀਅਮ ਦੀ ਰਾਜਧਾਨੀ ਬ੍ਰਸੇਲਜ਼ ਦੀਆਂ ਸੜਕਾਂ ਸੁੰਨੀਆਂ ਨਜ਼ਰ ਆ ਰਹੀਆਂ ਹਨ। ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜਦੋਂ ਤੱਕ ਦੇਸ਼ ਖ਼ਤਰੇ 'ਚ ਹੈ, ਉਦੋਂ ਤੱਕ ਹਾਈ ਅਲਰਟ ਰੱਖਿਆ ਜਾਵੇਗਾ।