ਬਾਦਲ ਨੇ ਇੱਕ ਹੋਰ ਪੱਤਾ ਖੇਡਿਆ

ਬਠਿੰਡਾ (ਬਖਤੌਰ ਢਿੱਲੋਂ)
ਇਹ ਅਹਿਸਾਸ ਕਰਦਿਆਂ ਕਿ ਪੇਂਡੂ ਵੋਟ ਬੈਂਕ ਤੇਜ਼ੀ ਨਾਲ ਅਕਾਲੀ ਦਲ ਦੇ ਅਸਰ ਹੇਠੋਂ ਖਿਸਕ ਰਿਹਾ ਹੈ, ਹਿੰਦੂ ਭਾਈਚਾਰੇ ਨੂੰ ਦਹਿਸ਼ਤਜ਼ਦਾ ਕਰਨ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਕ ਅਜਿਹੇ ਖਤਰਨਾਕ ਨਾਅਰੇ ਨੂੰ ਵੀ ਇਸਤੇਮਾਲ ਕਰਨ ਤੋਂ ਗੁਰੇਜ਼ ਨਹੀਂ ਕੀਤਾ, ਕਾਲੇ ਦੌਰ ਦੌਰਾਨ ਜੋ ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਨਹੀਂ ਸੀ ਗੂੰਜਿਆ।
ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਹਾਲਾਂਕਿ ਮੁੱਖ ਮੰਤਰੀ ਨੇ ਅੱਜ ਦੀ ਸਦਭਾਵਨਾ ਰੈਲੀ ਨੂੰ ਆਪਣੇ 70 ਸਾਲਾ ਸਿਆਸੀ ਜੀਵਨ ਦੌਰਾਨ ਸਭ ਤੋਂ ਅਹਿਮ ਕਰਾਰ ਦਿੰਦਿਆਂ ਕਿਹਾ ਕਿ ਰਾਜਨੀਤਕ ਲਾਭ ਹਾਸਲ ਕਰਨ ਦੀ ਬਜਾਏ ਇਸ ਦਾ ਮੁੱਖ ਮਕਸਦ ਗੜਬੜ ਵਾਲੇ ਵਾਤਾਵਰਣ ਦਾ ਸਹਿਮ ਦੂਰ ਕਰਕੇ ਆਮ ਲੋਕਾਂ ਦਾ ਵਿਸ਼ਵਾਸ ਮੁੜ ਬਹਾਲ ਕਰਨਾ ਹੈ, ਬਾਵਜੂਦ ਇਸ ਦੇ ਉਹਨਾ ਇੱਕ ਅਜਿਹਾ ਤੀਰ ਵੀ ਛੱਡ ਦਿੱਤਾ, 2017 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਜੋ ਜਨਤਾ ਰੂਪੀ ਬੋਹੜ ਨੂੰ ਝੰਜੋੜ ਕੇ ਵੋਟਾਂ ਵਾਲੀਆਂ ਬਾਟੀਆਂ ਝਾੜਨ ਵਿੱਚ ਸਹਾਈ ਹੋ ਸਕਦਾ ਹੈ। ਅੱਤਵਾਦ ਦੇ ਕਾਲੇ ਦੌਰ ਦੌਰਾਨ ਗੁਰਚਰਨ ਸਿੰਘ ਟੌਹੜਾ ਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ 'ਤੇ ਹੋਏ ਕਾਤਲਾਨਾ ਹਮਲਿਆਂ ਦਾ ਜ਼ਿਕਰ ਕਰਦਿਆਂ ਭਾਜਪਾ ਆਗੂ ਹਿੱਤ ਅਭਿਲਾਸ਼ੀ ਤੋਂ ਇਲਾਵਾ ਸ੍ਰੀ ਬਾਦਲ ਉਸ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ ਦਾ ਵੀ ਉਚੇਚ ਨਾਲ ਜ਼ਿਕਰ ਕਰ ਗਏ, ਕਈ ਵਰ੍ਹਿਆਂ ਤੱਕ ਉਹ ਜਿਹਨਾ ਦੀ ਬਰਸੀ ਮੌਕੇ ਸ਼ਾਮਲ ਹੋਣ ਤੋਂ ਵੀ ਪਰਹੇਜ਼ ਕਰਦੇ ਰਹੇ। ਸਰਬੱਤ ਖਾਲਸਾ ਬੁਲਾਉਣ ਦੇ ਘਟਨਾਕ੍ਰਮ ਨੂੰ ਕੁਝ ਰੈਡੀਕਲ ਆਗੂਆਂ ਦਾ ਰੋਟੀ-ਰੋਜ਼ੀ ਦਾ ਜੁਗਾੜ ਕਰਾਰ ਦਿੰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਕੁਝ ਕਾਂਗਰਸੀ ਆਗੂਆਂ ਦਾ ਇਸ ਵਿੱਚ ਸ਼ਾਮਲ ਹੋਣਾ ਇਹ ਸਪੱਸ਼ਟ ਕਰਦਾ ਹੈ ਕਿ ਮੁੜ ਪੁਰਾਣਾ ਦੌਰ ਦੁਹਰਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਪੰਜਾਬ ਦੇ ਜਾਨੀ ਅਤੇ ਮਾਲੀ ਨੁਕਸਾਨ ਵਾਲੇ ਉਸ ਭਿਆਨਕ ਦੌਰ ਲਈ ਕੌਣ ਜ਼ੁੰਮੇਵਾਰ ਹਨ? ਇਸ ਹਕੀਕਤ ਦੀ ਸ਼ਨਾਖਤ ਦੀ ਲੋੜ ਮਹਿਸੂਸ ਕਰਦਿਆਂ ਸ੍ਰੀ ਬਾਦਲ 1997 ਦੀ ਪੰਜਾਬ ਵਿਧਾਨ ਸਭਾ ਦੀ ਚੋਣ ਵੇਲੇ ਅਕਾਲੀ ਦਲ ਵੱਲੋਂ ਕੀਤੇ ਉਸ ਵਾਅਦੇ ਦੀ ਯਾਦ ਵੀ ਭੁੱਲ ਗਏ, ਜਿਸ ਰਾਹੀਂ ਵੋਟਰਾਂ ਨਾਲ ਇਹ ਇਕਰਾਰ ਕੀਤਾ ਸੀ ਕਿ ਸੱਤਾ ਵਿੱਚ ਆਉਣ 'ਤੇ ਅੱਤਵਾਦ ਦੇ ਕਾਰਨਾਂ ਦੀ ਜਾਣਕਾਰੀ ਹਾਸਲ ਕਰਨ ਲਈ ਇੱਕ ਜਾਂਚ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ, ਜੋ ਆਪਣੀ ਉਸ ਪੰਜ ਸਾਲਾ ਹਕੂਮਤ ਤੋਂ ਬਿਨਾਂ ਹੁਣ ਵਾਲੇ ਨੌਂ ਸਾਲਾਂ ਦੌਰਾਨ ਵੀ ਨਹੀਂ ਬਣਾਇਆ ਗਿਆ।
ਸੱਤਰ ਵਰ੍ਹਿਆਂ ਦੇ ਰਾਜਸੀ ਜੀਵਨ ਦੌਰਾਨ ਜਨਤਾ ਜਨਾਰਦਨ ਦੀ ਰਗ-ਰਗ ਜਾਣਨ ਤੇ ਸਮਝਣ ਦੀ ਮੁਹਾਰਤ ਹਾਸਲ ਕਰ ਚੁੱਕੇ ਸ੍ਰੀ ਬਾਦਲ ਨੂੰ ਇਸ ਹਕੀਕਤ ਦਾ ਪੂਰੀ ਤਰ੍ਹਾਂ ਅਹਿਸਾਸ ਹੋ ਚੁੱਕਾ ਹੈ ਕਿ ਉਹਨਾ ਦੀ ਸਿਆਸਤ ਦੀ ਧੁਰੀ ਰਿਹਾ ਪੇਂਡੂ ਪੰਜਾਬ ਦਾ ਵੋਟ ਬੈਂਕ ਤੇਜ਼ੀ ਨਾਲ ਅਕਾਲੀ ਦਲ ਦੇ ਅਸਰ ਹੇਠੋਂ ਖਿਸਕ ਰਿਹਾ ਹੈ, ਇਸ ਪ੍ਰੋੜ੍ਹ ਆਗੂ ਨੇ ਅੱਜ ਇੱਕ ਅਜਿਹਾ ਤੀਰ ਛੱਡਿਆ, ਜਿਸ ਨੇ ਅੱਤਵਾਦ ਦਾ ਸੰਤਾਪ ਹੱਡੀਂ ਹੰਢਾ ਚੁੱਕੇ ਰਾਜਨੀਤਕ ਵਿਸ਼ਲੇਸਕਾਂ ਨੂੰ ਵੀ ਸਿਰ ਫੜ ਕੇ ਸੋਚਣ ਲਈ ਮਜਬੂਰ ਕਰ ਦਿੱਤਾ।
ਆਪਣੇ ਭਾਸ਼ਣ ਦੇ ਅੰਤ ਵਿੱਚ ਸ੍ਰੀ ਬਾਦਲ ਨੇ ਕਿਹਾ ਕਿ ਕਾਲੇ ਦਿਨਾਂ ਦੌਰਾਨ ਮਨੁੱਖਤਾ ਵਿਰੋਧੀ ਅਨਸਰਾਂ ਵੱਲੋਂ ਇਹ ਨਾਅਰਾ ਲਾ ਕੇ ਆਪਣੇ ਨਾਪਾਕ ਇਰਾਦਿਆਂ ਦਾ ਪ੍ਰਗਟਾਵਾ ਕੀਤਾ ਜਾਂਦਾ ਸੀ, 'ਪਹਿਲਾਂ ਵੱਢਾਂਗੇ ਮੋਨੇ, ਫੇਰ ਵੱਢਾਂਗੇ ਝੋਨੇ।' ਰਾਜਸੀ ਵਿਸ਼ਲੇਸ਼ਕ ਸ੍ਰੀ ਬਾਦਲ ਦੀ ਇਸ ਟੂਕ ਨੂੰ ਇੱਕ ਅਜਿਹੇ ਸਿਆਸੀ ਦਾਅ ਵਜੋਂ ਦੇਖਦੇ ਹਨ, ਜਿਸ ਦਾ ਅਸਰ ਕਬੂਲ ਕੇ ਹਿੰਦੂ ਭਾਈਚਾਰੇ ਦਾ ਝੁਕਾਅ ਅਕਾਲੀ ਦਲ ਵਾਲੇ ਪਾਸੇ ਹੋ ਜਾਵੇ। ਇੱਥੇ ਇਹ ਜ਼ਿਕਰ ਕਰਨਾ ਵੀ ਕੁਥਾਂ ਨਹੀਂ ਹੋਵੇਗਾ ਕਿ ਕਾਂਗਰਸ ਪਾਰਟੀ ਦੇ ਦੋ ਆਗੂਆਂ ਦੀ ਸ਼ਮੂਲੀਅਤ ਅਤੇ ਦੋ ਹੋਰਨਾਂ ਦੀ ਫੋਨ ਵਾਰਤਾ ਦੇ ਮਾਧਿਅਮ ਰਾਹੀਂ ਪਹਿਲਾਂ ਹੀ ਇਹ ਯਤਨ ਆਰੰਭੇ ਜਾ ਚੁੱਕੇ ਹਨ ਕਿ ਦੇਸ਼ ਦੀ ਸਭ ਤੋਂ ਪੁਰਾਣੀ ਕੌਮੀ ਪਾਰਟੀ ਤੇ ਰੈਡੀਕਲ ਸਿੱਖ ਧਿਰਾਂ ਆਪਸ ਵਿੱਚ ਮਿਲੇ ਹੋਏ ਹਨ।
ਝਲਕੀਆਂ
* ਹਾਲਾਂਕਿ ਕਾਂਗਰਸ ਪਾਰਟੀ ਨੇ ਤਾਂ ਅਜੇ ਤੱਕ ਆਪਣੀ ਪ੍ਰਦੇਸ਼ ਇਕਾਈ ਦਾ ਪੁਨਰਗਠਨ ਨਹੀਂ ਕੀਤਾ, ਪਰ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਦੇਸ਼ ਕਾਂਗਰਸ ਪਾਰਟੀ ਦਾ ਪ੍ਰਧਾਨ ਮੰਨ ਲਿਐ, ਕਿਉਂਕਿ ਸਾਰੇ ਬੁਲਾਰਿਆਂ ਦੇ ਹਮਲੇ ਉਹਨਾ 'ਤੇ ਹੀ ਕੇਂਦਰਤ ਸਨ।
* ਦਸ ਨਵੰਬਰ ਨੂੰ ਚੱਬਾ ਪਿੰਡ ਵਿਖੇ ਹੋਏ ਸਰਬੱਤ ਖਾਲਸਾ ਦੀ ਗਿਣਤੀ ਨੂੰ ਲੈ ਕੇ ਦੋ ਅਕਾਲੀ ਵਜ਼ੀਰ ਆਪਾ-ਵਿਰੋਧੀ ਸਬੂਤ ਦੇ ਗਏ। ਜਨਮੇਜਾ ਸਿੰਘ ਸੇਖੋਂ ਅਨੁਸਾਰ ਇਕੱਠ ਇੱਕ ਲੱਖ ਦਾ ਸੀ, ਜਿਸ ਦਾ ਖੰਡਨ ਕਰਦਿਆਂ ਸਿਕੰਦਰ ਸਿੰਘ ਮਲੂਕਾ ਕਹਿਣ ਲੱਗੇ ਤੀਹ-ਪੈਂਤੀ ਹਜ਼ਾਰ।
* ਹਰ ਬੁਲਾਰੇ ਵੱਲੋਂ ਅੱਜ ਦੀ ਸਦਭਾਵਨਾ ਰੈਲੀ ਨੂੰ ਭਾਵੇਂ ਤਿੰਨ ਜ਼ਿਲ੍ਹਿਆਂ ਤੱਕ ਸੀਮਤ ਹੀ ਦਰਸਾਇਆ ਜਾ ਰਿਹਾ ਸੀ, ਲੇਕਿਨ ਬੱਸਾਂ ਦੀ ਕਾਫ਼ੀ ਵੱਡੀ ਗਿਣਤੀ ਉਪਰ ਫਾਜ਼ਿਲਕਾ, ਮੁਕਤਸਰ, ਬਰਨਾਲਾ ਅਤੇ ਸੰਗਰੂਰ ਜ਼ਿਲ੍ਹਿਆਂ ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ ਦੇ ਸਟਿੱਕਰ ਵੀ ਲੱਗੇ ਹੋਏ ਸਨ।
* ਆਪਣੀਆਂ ਅਤੇ ਮੁੱਖ ਮੰਤਰੀ ਦੀਆਂ ਸੋਸ਼ਲ ਮੀਡੀਆ ਵਿੱਚ ਘੁੰਮ ਰਹੀਆਂ ਇਤਰਾਜ਼ਯੋਗ ਤਸਵੀਰਾਂ ਦਾ ਜ਼ਿਕਰ ਕਰਕੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਜਿਹੇ ਵਾਤਾਵਰਣ 'ਤੇ ਡਾਢਾ ਰੰਜ ਪ੍ਰਗਟ ਕੀਤਾ, ਜੋ ਧੀਆਂ-ਭੈਣਾਂ ਵਾਲੇ ਪਰਵਾਰਾਂ ਲਈ ਸ਼ਰਮਨਾਕ ਹੈ।
* ਦਸ ਨਵੰਬਰ ਦੇ ਸਰਬੱਤ ਖਾਲਸਾ ਤੇ ਅੱਜ ਦੀ ਸਦਭਾਵਨਾ ਰੈਲੀ ਵਿੱਚ ਵੱਡਾ ਫ਼ਰਕ ਇਹ ਸੀ ਕਿ ਉੱਥੇ ਆਵਾਜਾਈ ਸਵੈ-ਕੰਟਰੋਲ 'ਚ ਸੀ, ਜਦ ਕਿ ਵਿਆਪਕ ਪੁਲਸ ਪ੍ਰਬੰਧਾਂ ਦੇ ਬਾਵਜੂਦ ਇੱਥੋਂ ਦਾ ਕੰਟਰੋਲ ਕਈ ਵਾਰ ਬੇਕਾਬੂ ਵੀ ਹੋਇਆ।
* ਸਰਬੱਤ ਖਾਲਸਾ ਵਿੱਚ ਪੂਰਾ ਜੋਸ਼ੋ-ਖਰੋਸ ਸੀ, ਜਦ ਕਿ ਅੱਜ ਦੀ ਸਦਭਾਵਨਾ ਰੈਲੀ ਵਿੱਚ ਵਾਰ-ਵਾਰ ਕਹਿਣ ਦੇ ਬਾਵਜੂਦ ਫਤਿਹ ਨੂੰ ਉਤਸ਼ਾਹਜਨਕ ਹੁੰਗਾਰਾ ਨਹੀਂ ਮਿਲ ਰਿਹਾ ਸੀ।