ਭਾਰਤ ਤੇ ਮਲੇਸ਼ੀਆ ਵੱਲੋਂ ਰੱਖਿਆ ਸਹਿਯੋਗ ਸਮੇਤ 3 ਅਹਿਮ ਸਮਝੌਤੇ

ਕੁਆਲਾਲੰਪੁਰ (ਨਵਾਂ ਜ਼ਮਾਨਾ ਸਰਵਿਸ)
ਭਾਰਤ ਅਤੇ ਮਲੇਸ਼ੀਆ ਨੇ ਰੱਖਿਆ ਸਹਿਯੋਗ ਸਮੇਤ ਤਿੰਨ ਅਹਿਮ ਸਮਝੌਤਿਆਂ 'ਤੇ ਦਸਤਖ਼ਤ ਕੀਤੇ। ਕੁਆਲਾਲੰਪੁਰ 'ਚ ਪ੍ਰਤੀਨਿਧ ਪੱਧਰ ਦੀ ਮੀਟਿੰਗ ਮਗਰੋਂ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰੱਜਾਕ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦੀਆਂ ਬਹੁਤ ਵੱਡੀਆਂ ਸੰਭਾਵਨਾਵਾਂ ਹਨ। ਉਨ੍ਹਾ ਕਿਹਾ ਕਿ ਦੋਵੇਂ ਮੁਲਕ ਪੌਣ-ਪਾਣੀ 'ਚ ਤਬਦੀਲੀ ਅਤੇ ਅੱਤਵਾਦ ਨਾਲ ਮਿਲ ਕੇ ਸਿੱਝਣ ਲਈ ਸਹਿਮਤ ਹੋਏ ਹਨ। ਰੱਜ਼ਾਕ ਨੇ ਦੱਸਿਆ ਕਿ ਮਲੇਸ਼ੀਆ ਵੱਲੋਂ ਨਵੀਂ ਦਿੱਲੀ ਵਿੱਚ ਇੱਕ ਕਨਵੈਨਸ਼ਨ ਸੈਂਟਰ ਖੋਲ੍ਹਿਆ ਜਾਵੇਗਾ।
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਮਲੇਸ਼ੀਆ ਵਿਚਾਲੇ ਸੰਬੰਧ ਬਹੁਤ ਹੀ ਪੁਰਾਣੇ ਹਨ। ਉਨ੍ਹਾ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਸਾਈਬਰ ਸੁਰੱਖਿਆ ਬਾਰੇ ਹੋਇਆ ਸਮਝੌਤਾ ਬਹੁਤ ਹੀ ਅਹਿਮ ਹੈ। ਮੋਦੀ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਰੱਖਿਆ ਸਹਿਯੋਗ ਬਹੁਤ ਹੀ ਮਜ਼ਬੂਤ ਹੋ ਰਿਹਾ ਹੈ। ਸਾਂਝੀ ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਜੀਬ ਰੱਜ਼ਾਕ ਬਹੁਤ ਹੀ ਨਿੱਘ ਨਾਲ ਮਿਲੇ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੁਆਲਾਲੰਪੁਰ ਵਿੱਚ ਸੋਮਵਾਰ ਸਵੇਰੇ ਰਸਮੀ ਸਵਾਗਤ ਕੀਤਾ ਗਿਆ। ਇਸ ਮੌਕੇ ਨਰਿੰਦਰ ਮੋਦੀ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ ਅਤੇ ਇੱਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦ ਨੂੰ ਵਿਸ਼ਵ ਲਈ ਸਭ ਤੋਂ ਵੱਡੀ ਵੰਗਾਰ ਦੱਸਦਿਆਂ ਇਸ ਨੂੰ ਧਰਮ ਨਾਲੋਂ ਨਿਖੇੜਾ ਕਰਨ ਦਾ ਸੱਦਾ ਦਿੱਤਾ। ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਨਰਿੰਦਰ ਮੋਦੀ ਨੇ ਵਿਸ਼ਵ ਨੂੰ ਇਸ ਬੁਰਾਈ ਨਾਲ ਸਿੱਝਣ ਲਈ ਇਕਜੁੱਟ ਹੋ ਕੇ ਨਵੀਂ ਰਣਨੀਤੀ ਘੜਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰੱਜ਼ਾਕ ਨੇ ਕੁਆਲਾਲੰਪੁਰ ਵਿੱਚ ਤੋਰਨ ਗੇਟ ਦਾ ਸਾਂਝੇ ਤੌਰ 'ਤੇ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਤੋਰਨ ਗੇਟ ਭਾਰਤ ਤੇ ਮਲੇਸ਼ੀਆ ਦੇ ਸੱਭਿਆਚਾਰਕ ਸੰਬੰਧਾਂ ਨੂੰ ਉਜਾਗਰ ਕਰਦਾ ਹੈ। ਮੋਦੀ ਨੇ ਕਿਹਾ ਕਿ ਭਗਵਾਨ ਬੁੱਧ ਨੇ ਏਸ਼ੀਆ ਨੂੰ ਪ੍ਰੇਰਿਤ ਕੀਤਾ ਸੀ ਅਤੇ ਇਹ ਤੋਰਨ ਗੇਟ ਬੁੱਧ ਧਰਮ ਨਾਲ ਜੁੜਿਆ ਹੋਇਆ ਹੈ। ਇਸੇ ਤਰ੍ਹਾਂ ਦਾ ਤੋਰਨ ਗੇਟ ਸਮਰਾਟ ਅਸ਼ੋਕ ਨੇ ਵੀ ਬਣਵਾਇਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਤੋਰਨ ਗੇਟ ਭਾਰਤ ਅਤੇ ਮਲੇਸ਼ੀਆ ਦੇ ਸੰਬੰਧਾਂ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ। ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਮਲੇਸ਼ੀਆ ਵਿਚਾਲੇ ਨਾ ਕੇਵਲ ਆਰਥਕ, ਸਮਾਜਕ ਤੇ ਸਿਆਸੀ ਸੰਬੰਧ ਮਜ਼ਬੂਤ ਹੋਏ ਹਨ, ਸਗੋਂ ਸੱਭਿਆਚਾਰ ਦੇ ਖੇਤਰ ਵਿੱਚ ਵੀ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਹੋਈਆਂ ਹਨ। ਉਨ੍ਹਾ ਕਿਹਾ ਕਿ ਭਾਰਤ ਅਤੇ ਮਲੇਸ਼ੀਆ ਵਿਚਾਲੇ ਸੰਬੰਧਾਂ ਦਾ ਪੂਰੇ ਏਸ਼ੀਆ ਉੱਪਰ ਸਾਕਾਰਾਤਮਕ ਅਸਰ ਪਾਵੇਗਾ। ਮੋਦੀ ਨੇ ਕਿਹਾ ਕਿ ਤੋਰਨ ਦਾ ਇੱਕ-ਇੱਕ ਪੱਥਰ ਪ੍ਰੇਰਣਾ ਦਾ ਸਰੋਤ ਰਹੇਗਾ ਅਤੇ ਤੋਰਨ ਗੇਟ 'ਤੇ ਲਿਟਲ ਇੰਡੀਆ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਨਗੇ। ਪ੍ਰਧਾਨ ਮੰਤਰੀ ਨੇ ਆਪਣੇ ਮਲੇਸੀਆ ਦੌਰੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾ ਦੇ ਇਸ ਦੌਰੇ ਨਾਲ ਦੋਵਾਂ ਮੁਲਕਾਂ ਦੇ ਸੰਬੰਧ ਹੋਰ ਡੂੰਘੇ ਅਤੇ ਮਜ਼ਬੂਤ ਹੋਣਗੇ। ਆਸੀਆਨ ਆਗੂਆਂ ਨੇ ਯੂਰਪੀ ਯੂਨੀਅਨ ਦੀ ਤਰਜ਼ 'ਤੇ ਖੇਤਰੀ ਆਰਥਕ ਬਲਾਕ 'ਆਸੀਆਨ ਆਰਥਿਕ ਭਾਈਚਾਰਾ' ਕਾਇਮ ਕਰਨ ਦਾ ਐਲਾਨ ਕੀਤਾ ਹੈ। ਆਸੀਆਨ ਆਰਥਿਕ ਭਾਈਚਾਰਾ ਇਕੱਲਾ ਬਜ਼ਾਰ ਹੋਵੇਗਾ, ਜਿਸ ਵਿੱਚ ਵਸਤੂਆਂ, ਪੂੰਜੀ ਅਤੇ ਕੁਸ਼ਲ ਕਾਮਿਆਂ ਦਾ ਖੁੱਲ੍ਹਾ ਪ੍ਰਵਾਹ ਹੋਵੇਗਾ। ਆਸੀਆਨ ਆਰਥਕ ਭਾਈਚਾਰਾ ਕਾਇਮ ਕੀਤੇ ਜਾਣ ਮੌਕੇ ਕੁਆਲਾਲੰਪੁਰ ਐਲਾਨਨਾਮੇ ਉੱਤੇ ਆਸੀਆਨ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਵਰਗੇ ਆਗੂਆਂ ਦੀ ਹਾਜ਼ਰੀ ਵਿੱਚ ਹਸਤਾਖ਼ਰ ਕੀਤੇ। ਆਸੀਆਨ ਆਰਥਿਕ ਭਾਈਚਾਰਾ ਤਹਿਤ ਇਕਹਿਰੇ ਬਜ਼ਾਰ ਵਿੱਚ ਵਸਤੂਆਂ, ਪੂੰਜੀ ਅਤੇ ਕੁਸ਼ਲ ਕਾਮਿਆਂ ਦਾ ਪ੍ਰਵਾਹ ਸਰਹੱਦੀ ਪਾਬੰਦੀਆਂ ਤੋਂ ਮੁਕਤ ਹੋਵੇਗਾ।