Latest News
ਭਾਰਤ ਤੇ ਸਿੰਗਾਪੁਰ ਵੱਲੋਂ 10 ਅਹਿਮ ਸਮਝੌਤੇ

Published on 24 Nov, 2015 12:52 PM.

ਸਿੰਗਾਪੁਰ (ਨਵਾਂ ਜ਼ਮਾਨਾ ਸਰਵਿਸ)
ਭਾਰਤ ਅਤੇ ਸਿੰਗਾਪੁਰ ਨੇ ਰਣਨੀਤਕ ਭਾਈਵਾਲੀ ਦੇ ਸਾਂਝੇ ਐਲਾਨਨਾਮੇ ਸਮੇਤ ਅੱਜ ਦਸ ਸਮਝੌਤਿਆਂ 'ਤੇ ਦਸਤਖਤ ਕੀਤੇ। ਦੋਵੇਂ ਮੁਲਕ ਰੱਖਿਆ ਸਹਿਯੋਗ, ਸ਼ਹਿਰੀ ਹਵਾਬਾਜ਼ੀ, ਜਹਾਜ਼ਰਾਨੀ, ਸਾਈਬਰ ਸੁਰੱਖਿਆ, ਸ਼ਹਿਰੀ ਯੋਜਨਾ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਸਹਿਯੋਗ ਕਰਨ ਲਈ ਸਹਿਮਤ ਹੋਏ ਹਨ। ਇਨ੍ਹਾਂ ਸਮਝੌਤਿਆਂ ਵਿੱਚ ਪੰਜ ਸਹਿਮਤੀ ਪੱਤਰ ਵੀ ਸ਼ਾਮਲ ਹਨ।
ਇਹਨਾਂ ਸਮਝੌਤਿਆਂ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਹਮ-ਅਹੁਦਾ ਲੀ ਹਸੇਨ ਲੁੰਗ ਦੀ ਹਾਜ਼ਰੀ ਵਿੱਚ ਸਹੀ ਪਾਈ ਗਈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹਮ-ਰੁਤਬਾ ਲੀ ਹਸੇਨ ਲੁੰਗ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਹਾਂ ਆਗੂਆਂ ਨੇ ਆਪਸੀ ਹਿੱਤ ਨਾਲ ਜੁੜੇ ਦੁਵੱਲੇ ਅਤੇ ਕੌਮਾਂਤਰੀ ਮਾਮਲਿਆਂ ਬਾਰੇ ਵਿਚਾਰ-ਚਰਚਾ ਕੀਤੀ। ਆਪਣੇ ਸਿੰਗਾਪੁਰ ਦੌਰੇ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਵਾਇਤੀ ਸਵਾਗਤ ਕੀਤਾ ਗਿਆ। ਉਨ੍ਹਾ ਸਿੰਗਾਪੁਰ ਦੇ ਰਾਸ਼ਟਰਪਤੀ ਟੋਨੀ ਤਾਨ ਜਾਮ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਦੁਵੱਲੇ ਸੰਬੰਧਾਂ ਬਾਰੇ ਡੂੰਘੀ ਵਿਚਾਰ-ਚਰਚਾ ਕੀਤੀ। ਇਸ ਗੱਲਬਾਤ ਦੌਰਾਨ ਸਿੰਗਾਪੁਰ ਨੇ ਭਾਰਤ ਦੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ 'ਚ ਪੱਕੀ ਮੈਂਬਰੀ ਦੀ ਦਾਅਵੇਦਾਰੀ ਦੀ ਹਮਾਇਤ ਕੀਤੀ ਹੈ। ਨਰਿੰਦਰ ਮੋਦੀ ਨੇ ਲੀ ਹਸੇਨ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ, ਜਿਸ ਨੂੰ ਉਨ੍ਹਾ ਪਰਵਾਨ ਕਰ ਲਿਆ। ਵਿਦੇਸ਼ ਵਿਭਾਗ ਦੇ ਬੁਲਾਰੇ ਵਿਕਾਸ ਸਵਰੂਪ ਨੇ ਟਵੀਟ ਕੀਤਾ ਕਿ ਦਸ ਖੇਤਰਾਂ ਵਿੱਚ ਸਹਿਯੋਗ ਲਈ ਸਮਝੌਤਿਆਂ 'ਤੇ ਸਹੀ ਪਾਈ ਹੈ।
ਸਵਰੂਪ ਨੇ ਟਵੀਟ ਕੀਤਾ ਕਿ ਰੱਖਿਆ, ਸਾਈਬਰ ਸੁਰੱਖਿਆ, ਜਹਾਜ਼ਰਾਨੀ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਬਾਰੇ ਖੇਤਰਾਂ ਵਿੱਚ ਹੋਏ ਸਮਝੌਤੇ ਦੋਵਾਂ ਮੁਲਕਾਂ ਦੇ ਨੇੜਲੇ ਅਤੇ ਮਜ਼ਬੂਤ ਸੰਬੰਧਾਂ ਨੂੰ ਦਰਸਾਉਂਦੇ ਹਨ। ਦੋਵਾਂ ਪ੍ਰਧਾਨ ਮੰਤਰੀਆਂ ਨੇ ਦੋਹਾਂ ਮੁਲਕਾਂ ਦੇ ਕੂਟਨੀਤਿਕ ਸੰਬੰਧਾਂ ਦੀ ਪੰਜਾਹਵੀਂ ਵਰ੍ਹੇਗੰਢ ਦੇ ਸੰਬੰਧ ਵਿੱਚ ਸਾਂਝੇ ਤੌਰ ਤੇ ਡਾਕ ਟਿਕਟਾਂ ਵੀ ਜਾਰੀ ਕੀਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸ਼ਾਮੀ ਸਿੰਗਾਪੁਰ ਪਹੁੰਚੇ ਸਨ ਅਤੇ ਉਹਨਾ ਸਿੰਗਾਪੁਰ ਬਾਰੇ ਇੱਕ ਭਾਸ਼ਣ ਦਿੱਤਾ ਸੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਭਾਰਤ ਵੱਲੋਂ ਅੱਤਵਾਦ ਵਿਰੁੱਧ ਸੰਕਲਪ ਨੂੰ ਦੁਹਰਾਇਆ।
ਉਨ੍ਹਾ ਕਿਹਾ ਕਿ ਏਸ਼ੀਆ ਵਿੱਚ ਭਾਰਤ ਦੀ ਬਹੁਤ ਹੀ ਅਹਿਮ ਭੂਮਿਕਾ ਹੈ। ਉਨ੍ਹਾਂ ਧਰਮ ਅਤੇ ਅੱਤਵਾਦ ਦਾ ਨਿਖੇੜਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਤਵਾਦੀਆਂ ਨੂੰ ਪਨਾਹ ਦੇਣ, ਸਮਰਥਨ ਕਰਨ, ਹਥਿਆਰ ਅਤੇ ਫੰਡ ਦੇਣ ਵਾਲੇ ਮੁਲਕਾਂ ਨੂੰ ਜਵਾਬਦੇਹ ਬਣਾਇਆ ਜਾਦਾ ਚਾਹੀਦਾ ਹੈ। ਮੋਦੀ ਨੇ ਕਿਹਾ ਕਿ ਅੱਤਵਾਦ ਵਿਰੁੱਧ ਲੜਦਿਆਂ ਇਸਲਾਮ ਦੀਆਂ ਕਦਰਾਂ-ਕੀਮਤਾਂ ਨੂੰ ਉਜਾਗਰ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾ ਕਿਹਾ ਕਿ ਏਸ਼ੀਆ ਵਿੱਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

936 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper