ਭਾਰਤ ਨੇ ਪ੍ਰਨੀਤ ਕੌਰ ਦੇ ਸਵਿਸ ਖਾਤਿਆਂ ਦੀ ਜਾਂਚ 'ਚ ਸਵਿਟਜ਼ਰਲੈਂਡ ਤੋਂ ਮਦਦ ਮੰਗੀ

ਬਰਨ/ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ) ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਅਤੇ ਉਨ੍ਹਾ ਦੇ ਪੁੱਤਰ ਰਣਇੰਦਰ ਸਿੰਘ ਦੇ ਸਵਿਸ ਬੈਂਕਾਂ ਵਿੱਚ ਕਥਿਤ ਖਾਤਿਆਂ ਦੀ ਜਾਂਚ ਹੋਵੇਗੀ। ਸਵਿਸ ਖਾਤਿਆਂ ਦੀ ਜਾਂਚ ਲਈ ਭਾਰਤ ਸਰਕਾਰ ਨੇ ਸਵਿਟਜ਼ਰਲੈਂਡ ਸਰਕਾਰ ਤੋਂ ਮਦਦ ਮੰਗੀ ਹੈ। ਸਵਿਟਜ਼ਰਲੈਂਡ ਦੇ ਸੰਘੀ ਟੈਕਸ ਵਿਭਾਗ ਨੇ ਕਿਹਾ ਕਿ ਪ੍ਰਨੀਤ ਕੌਰ ਅਤੇ ਰਣਇੰਦਰ ਸਿੰਘ ਆਪਣਾ ਪੱਖ ਰੱਖਣ ਲਈ ਦਸ ਦਿਨਾਂ ਦੇ ਵਿੱਚ ਅਪੀਲ ਕਰ ਸਕਦੇ ਹਨ। ਸਵਿਸ ਟੈਕਸ ਵਿਭਾਗ ਵੱਲੋਂ ਸਵਿਟਜ਼ਰਲੈਂਡ ਸਰਕਾਰ ਦੇ ਸੰਘੀ ਗਜ਼ਟ ਵਿੱਚ ਅੱਜ ਛਾਪੇ ਗਏ ਦੋ ਵੱਖਰੇ-ਵੱਖਰੇ ਨੋਟੀਫ਼ਿਕੇਸ਼ਨਾਂ ਤੋਂ ਇਹ ਖ਼ੁਲਾਸਾ ਹੋਇਆ ਹੈ। ਇਨ੍ਹਾਂ ਨੋਟੀਫਿਕੇਸ਼ਨਾਂ ਵਿੱਚ ਵਿਸਥਾਰ ਵਿੱਚ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਸੰਬੰਧ ਵਿੱਚ ਪ੍ਰਨੀਤ ਕੌਰ ਅਤੇ ਰਣਇੰਦਰ ਸਿੰਘ ਦਾ ਅਜੇ ਤੱਕ ਪੱਖ ਨਹੀਂ ਮਿਲ ਸਕਿਆ।
ਸਵਿਸ ਬੈਂਕ ਖਾਤਿਆਂ ਦਾ ਮਾਮਲਾ ਪਹਿਲਾਂ ਵੀ ਉਠ ਚੁੱਕਿਆ ਹੈ ਅਤੇ ਉਸ ਵੇਲੇ ਪ੍ਰਨੀਤ ਕੌਰ ਨੇ ਕਿਸੇ ਵਿਦੇਸ਼ੀ ਬੈਂਕ ਵਿੱਚ ਆਪਣਾ ਖਾਤਾ ਹੋਣ ਤੋਂ ਇਨਕਾਰ ਕੀਤਾ ਸੀ। ਦੁਵੱਲੀ ਸੰਧੀ ਹੋਣ ਸਦਕਾ ਭਾਰਤ ਅਤੇ ਸਵਿਟਜ਼ਰਲੈਂਡ ਬੈਂਕ ਖਾਤਿਆਂ ਬਾਰੇ ਇੱਕ-ਦੂਜੇ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹਨ। ਪ੍ਰਨੀਤ ਕੌਰ ਪਿਛਲੀ ਯੂ ਪੀ ਏ ਸਰਕਾਰ 'ਚ ਵਿਦੇਸ਼ ਰਾਜ ਮੰਤਰੀ ਰਹੇ ਹਨ ਅਤੇ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ 'ਚ ਕਾਂਗਰਸ ਦੇ ਉਪ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਹਨ। ਸਵਿਟਜ਼ਲੈਂਡ ਨੇ ਵਿਸ਼ਵ ਪੱਧਰ ਤੋਂ ਪੈ ਰਹੇ ਦਬਾਅ ਨੂੰ ਦੇਖਦਿਆ ਹਾਲ ਹੀ ਦੇ ਮਹੀਨਿਆਂ 'ਚ ਸਵਿਸ ਬੈਕਾਂ 'ਚ ਕਾਲਾ ਧਨ ਰੱਖਣ ਵਾਲੇ ਕਈ ਭਾਰਤੀਆਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ। ਐੱਨ ਡੀ ਏ ਸਰਕਾਰ ਨੇ ਲੋਕ ਸਭਾ ਚੋਣਾਂ 'ਚ ਕਾਲੇ ਧਨ ਨੂੰ ਮੁੱਖ ਮੁੱਦਾ ਬਣਾਇਆ ਸੀ।