ਅਸਹਿਣਸ਼ੀਲਤਾ ਬਾਰੇ ਆਮਿਰ ਦੀ ਟਿੱਪਣੀ 'ਤੇ ਅਸਹਿਣਸ਼ੀਲ ਪ੍ਰਤੀਕਿਰਿਆ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਉੱਘੇ ਫ਼ਿਲਮੀ ਅਦਾਕਾਰ ਆਮਿਰ ਖਾਨ ਦੇ ਅਸਹਿਣਸ਼ੀਲਤਾ ਬਾਰੇ ਬਿਆਨ 'ਤੇ ਹੋਈ ਅਸਹਿਣਸ਼ੀਲ ਪ੍ਰਤੀਕਿਰਿਆ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਆਮਿਰ ਖਾਨ ਨੇ ਕੋਈ ਗਲਤ ਗੱਲ ਨਹੀਂ ਕਹੀ।
ਜ਼ਿਕਰਯੋਗ ਹੈ ਕਿ ਇਕ ਪ੍ਰੋਗਰਾਮ 'ਚ ਆਮਿਰ ਨੇ ਕਿਹਾ ਸੀ ਕਿ ਮੈਨੂੰ ਲੱਗਦਾ ਕਿ ਪਿਛਲੇ 6 ਮਹੀਨਿਆਂ 'ਚ ਲੋਕਾਂ 'ਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਵਧੀ ਹੈ ਅਤੇ ਅਜਿਹੇ ਹਾਲਾਤ ਨੂੰ ਦੇਖਦਿਆਂ ਇੱਕ ਵਾਰ ਮੇਰੀ ਪਤਨੀ ਕਿਰਨ ਨੇ ਮੈਨੂੰ ਦੇਸ਼ ਛੱਡਣ ਲਈ ਕਿਹਾ ਸੀ, ਕਿਉਂਕਿ ਉਹ ਆਲੇ-ਦੁਆਲੇ ਦੇ ਮਾਹੌਲ ਤੋਂ ਫਿਕਰਮੰਦ ਸੀ ਅਤੇ ਉਸ ਨੇ ਬੱਚਿਆਂ ਦੀ ਚਿੰਤਾ 'ਚ ਏਨੀ ਵੱਡੀ ਗੱਲ ਆਖੀ ਸੀ।
ਆਮਿਰ ਖਾਨ ਦੇ ਅਸਹਿਣਸ਼ੀਲਤਾ ਵਾਲੇ ਬਿਆਨ 'ਤੇ ਹੁਣ ਸਿਆਸਤ ਦੇ ਨਾਲ-ਨਾਲ ਸੜਕਾਂ 'ਤੇ ਵੀ ਹੰਗਾਮਾ ਸ਼ੁਰੂ ਹੋ ਗਿਆ ਹੈ। ਜਿਥੇ ਇੱਕ ਪਾਸੇ ਦਿੱਲੀ ਦੇ ਨਿਊ ਅਸ਼ੋਕ ਨਗਰ ਥਾਣੇ 'ਚ ਆਮਿਰ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ, ਉਥੇ ਪਟਨਾ 'ਚ ਭਾਜਪਾ ਕਾਰਕੁੰਨਾਂ ਨੇ ਉਨ੍ਹਾ ਦੇ ਪੋਸਟਰ 'ਤੇ ਕਾਲਖ ਮਲ ਕੇ ਵਿਰੁੱਧ ਪ੍ਰਗਟ ਕੀਤਾ। ਇਸੇ ਦੌਰਾਨ ਪੁਲਸ ਨੇ ਮੁੰਬਈ 'ਚ ਆਮਿਰ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਹੈ।
ਮੁੰਬਈ ਪੁਲਸ ਨੇ ਆਮਿਰ ਦੇ ਘਰ ਦੇ ਬਾਹਰ ਪੁਲਸ ਤਾਇਨਾਤ ਕਰ ਦਿੱਤੀ ਹੈ। ਉਧਰ ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਅਸਹਿਣਸ਼ੀਲਤਾ 'ਤੇ ਅਮਿਰ ਖਾਨ ਦੇ ਬਿਆਨ ਨਾਲ ਦੇਸ਼ ਦੇ ਅਕਸ ਨੂੰ ਧੱਕਾ ਵੱਜਾ ਹੈ ਅਤੇ ਬਿਆਨ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਸ਼ਿਕਾਇਤਕਰਤਾ ਨੇ ਆਮਿਰ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਯੂ ਪੀ 'ਚ ਇਲਾਹਾਬਾਦ ਅਤੇ ਬਿਹਾਰ 'ਚ ਪਟਨਾ ਵਿਖੇ ਭਾਜਪਾ ਵਰਕਰਾਂ ਵੱਲੋਂ ਆਮਿਰ ਖਾਨ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾ ਕਈ ਥਾਈਂ ਆਮਿਰ ਖਾਨ ਦੇ ਪੋਸਟਰਾਂ 'ਤੇ ਕਾਲਖ ਮਲ ਦਿੱਤੀ ਅਤੇ ਕਈ ਥਾਈਂ ਆਮਿਰ ਖਾਨ ਦੇ ਪੋਸਟਰ ਵੀ ਸਾੜ ਦਿੱਤੇ ਗਏ।
ਜ਼ਿਕਰਯੋਗ ਹੈ ਕਿ ਆਮਿਰ ਖਾਨ ਨੇ ਅਸਹਿਣਸ਼ੀਲਤਾ ਵਿਰੁੱਧ ਐਵਾਰਡ ਵਾਪਸ ਕਰਨ ਵਾਲਿਆਂ ਦੀ ਹਮਾਇਤ ਕਰਦਿਆਂ ਕਿਹਾ ਸੀ ਕਿ ਇ ਉਨ੍ਹਾ ਦਾ ਵਿਰੋਧ ਪ੍ਰਗਟਾਉਣ ਤਾਂ ਤਰੀਕਾ ਹੋ ਸਕਦਾ ਹੈ। ਭਾਜਪਾ ਨੇ ਕਿਹਾ ਕਿ ਭਾਰਤ ਨੂੰ ਛੋਟੀਆਂ-ਮੋਟੀਆਂ ਘਟਨਾਵਾਂ ਤੋਂ ਪਰਿਭਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਪਾਰਟੀ ਤਰਜ਼ਮਾਨ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਭਾਰਤ ਤੋਂ ਚੰਗਾ ਹੋਰ ਕੋਈ ਦੇਸ਼ ਨਹੀਂ ਅਤੇ ਭਾਰਤ ਦੇ ਮੁਸਲਮਾਨਾਂ ਨੂੰ ਹਿੰਦੁਸਤਾਨ ਤੋਂ ਚੰਗਾ ਦੇਸ਼ ਅਤੇ ਹਿੰਦੂਆਂ ਤੋਂ ਚੰਗਾ ਗੁਆਂਢੀ ਨਹੀਂ ਮਿਲ ਸਕੇਗਾ। ਕੇਂਦਰੀ ਮੰਤਰੀ ਮੁਖਤਾਰ ਅਬਾਸ ਨਕਵੀ ਨੇ ਕਿਹਾ ਹੈ ਕਿ ਸਹਿਣਸ਼ੀਲਤਾ ਦੇਸ਼ ਦੇ ਡੀ ਐਨ ਏ 'ਚ ਹੈ ਅਤੇ ਅਸੀਂ ਆਮਿਰ ਖਾਨ ਨੂੰ ਕਿਤੇ ਨਹੀਂ ਜਾਣ ਦਿਆਂਗੇ। ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਅਜਿਹੇ ਬਿਆਨ ਨਾਲ ਦੇਸ਼ ਦੇ ਅਕਸ ਨੂੰ ਢਾਹ ਲੱਗਦੀ ਹੈ। ਆਮਿਰ ਦੇ ਬਿਆਨ 'ਤੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਪ੍ਰਤੀਕ੍ਰਿਆ 'ਚ ਕਿਹਾ ਕਿ ਮੋਦੀ ਅਤੇ ਸਰਕਾਰ ਨੂੰ ਸੁਆਲ ਪੁੱਛਣ ਵਾਲਿਆਂ ਨੂੰ ਗੈਰ-ਰਾਸ਼ਟਰਵਾਦੀ ਅਤੇ ਸਰਕਾਰ ਵਿਰੋਧੀ ਕਹਿਣ ਦੀ ਬਜਾਏ ਉਨ੍ਹਾਂ ਲੋਕਾਂ ਨਾਲ ਗੱਲ ਕਰਕੇ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕੀ ਪ੍ਰੇਸ਼ਾਨੀ ਹੈ। ਉਨ੍ਹਾ ਕਿਹਾ ਕਿ ਭਾਰਤ 'ਚ ਸਮੱਸਿਆਵਾਂ ਦਾ ਹੱਲ ਕੱਢਣ ਦਾ ਇਹੋ ਤਰੀਕਾ ਹੈ ਅਤੇ ਧਮਕੀਆਂ ਤੇ ਗਾਲ੍ਹਾਂ ਨਾਲ ਕੋਈ ਮਸਲਾ ਹੱਲ ਨਹੀਂ ਕੀਤਾ ਜਾ ਸਕਦਾ। ਫ਼ਿਲਮ ਅਦਾਕਾਰ ਆਮਿਰ ਖਾਨ ਦੇ ਬਿਆਨ ਮਗਰੋਂ ਅਸਹਿਣਸ਼ੀਲਤਾ ਦੇ ਮੁੱਦੇ 'ਤੇ ਦੇਸ਼ 'ਚ ਇੱਕ ਵਾਰ ਫੇਰ ਬਹਿਸ ਛਿੜ ਗਈ ਹੈ। ਜਿਥੇ ਭਾਜਪਾ ਨੇ ਆਮਿਰ ਖਾਨ ਦੇ ਬਿਆਨ ਦੀ ਆਲੋਚਨਾ ਕੀਤੀ ਹੈ, ਉਥੇ ਕੇਜਰੀਵਾਲ ਨੇ ਉਨ੍ਹਾ ਦੀ ਹਮਾਇਤ ਕੀਤੀ ਹੈ।
ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਆਮਿਰ ਖਾਨ ਜੇ ਅਜਿਹਾ ਕਹਿੰਦੇ ਹਨ ਤਾਂ ਉਨ੍ਹਾ ਦਾ ਮਨ ਗੰਦਾ ਹੈ। ਉਨ੍ਹਾ ਕਿਹਾ ਕਿ ਆਮਿਰ ਦੱਸਣ ਕਿ ਉਹ ਕਿਸਦੇ ਕਹਿਣ 'ਤੇ ਅਜਿਹੀਆਂ ਗੱਲਾਂ ਕਰ ਰਹੇ ਹਨ। ਉਹ ਦੱਸਣ ਕਿ ਜੇ ਉਨ੍ਹਾ ਨੂੰ ਭਾਰਤ ਚੰਗਾ ਨਹੀਂ ਲੱਗਦਾ ਤਾਂ ਕੀ ਉਨ੍ਹਾ ਨੂੰ ਈਰਾਨ, ਇਰਾਕ ਚੰਗਾ ਲੱਗਦਾ ਹੈ। ਕੀ ਉਨ੍ਹਾ ਨੂੰ ਔਰੰਗਜ਼ੇਬ ਦਾ ਰਾਜ ਚੰਗਾ ਲੱਗਦਾ ਹੈ ਅਤੇ ਕੀ ਉਨ੍ਹਾ ਨੂੰ ਤਾਲਿਬਾਨੀ ਦੇਸ਼ ਪਸੰਦ ਹੈ। ਉਨ੍ਹਾ ਕਿਹਾ ਕਿ ਆਮਿਰ ਦੱਸਣ ਕਿ ਉਨ੍ਹਾ ਨੂੰ ਦੇਸ਼ ਭਗਤ ਮੋਦੀ ਦਾ ਰਾਜ ਪਸੰਦ ਹੈ ਜਾਂ ਔਰੰਗਜ਼ੇਬ ਦਾ। ਉਨ੍ਹਾ ਕਿਹਾ ਕਿ ਸਾਰੇ ਧਰਮਾਂ ਦੇ ਲੋਕ ਆਮਿਰ ਦੇ ਫੈਨ ਹਨ, ਉਨ੍ਹਾ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਅਜਿਹੇ ਬਿਆਨ ਪ੍ਰਧਾਨ ਮੰਤਰੀ ਅਤੇ ਦੇਸ਼ ਦਾ ਅਕਸ ਖਰਾਬ ਕਰਦੇ ਹਨ। ਭਾਜਪਾ ਤਰਜ਼ਮਾਨ ਸ਼ਾਹ ਨਵਾਜ਼ ਹੁਸੈਨ ਨੇ ਕਿਹਾ ਕਿ ਆਮਿਰ ਖੁਦ ਡਰੇ ਹੋਏ ਨਹੀਂ, ਸਗੋਂ ਉਹ ਲੋਕਾਂ ਨੂੰ ਡਰਾ ਰਹੇ ਹਨ। ਕਾਂਗਰਸ ਨੇਤਾ ਰਾਸ਼ਿਦ ਅਲਵੀ ਨੇ ਕਿਹਾ ਕਿ ਭਾਈਚਾਰੇ 'ਚ ਸਾਡੇ ਦੇਸ਼ ਦਾ ਕੋਈ ਜੋੜ ਨਹੀਂ। ਉਨ੍ਹਾ ਕਿਹਾ ਕਿ ਦਾਦਰੀ ਘਟਨਾ ਮੰਦਭਾਗੀ ਸੀ, ਪਰ 99 ਫ਼ੀਸਦੀ ਗੈਰ-ਮੁਸਲਮਾਨਾਂ ਨੇ ਘਟਨਾ ਦੀ ਨਿਖੇਧੀ ਕੀਤੀ। ਜਨਤਾ ਦਲ (ਯੂ) ਦੇ ਆਗੂ ਕੇ ਸੀ ਤਿਆਗੀ ਨੇ ਆਮਿਰ ਦੇ ਬਿਆਨ ਨੂੰ ਦੁਖਦਾਈ ਦੱਸਿਆ ਅਤੇ ਦੇਸ਼ 'ਚ ਸਹਿਣਸ਼ੀਲਤਾ 'ਤੇ ਬਹਿਸ 'ਤੇ ਜ਼ੋਰ ਦਿੱਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮਿਰ ਖਾਨ ਦਾ ਇੱਕ-ਇੱਕ ਸ਼ਬਦ ਸਹੀ ਹੈ ਅਤੇ ਇਸ ਮੁੱਦੇ 'ਤੇ ਬੋਲਣ ਲਈ ਮੈਂ ਉਨ੍ਹਾ ਦੀ ਸ਼ਲਾਘਾ ਕਰਨਾ ਹਾਂ। ਕਾਂਗਰਸ ਆਗੂ ਅਭਿਸ਼ੇਕ ਮਨੂੰ ਸਿੰਘਵੀ ਨੇ ਵੀ ਆਮਿਰ ਦੇ ਬਿਆਨ ਦੀ ਹਮਾਇਤੀ ਕੀਤੀ ਅਤੇ ਕਿਹਾ ਕਿ ਆਮਿਰ ਨੇ ਭਾਜਪਾ ਆਗੂਆਂ ਦੀ ਮੌਜੂਦਗੀ 'ਚ ਜੋ ਕੁਝ ਕਿਹਾ, ਉਹ ਦੇਸ਼ ਦੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਹਨ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਸਰਕਾਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਚਾਹੀਦੀਆਂ ਹਨ। ਜ਼ਿਕਰਯੋਗ ਹੈ ਕਿ ਆਮਿਰ ਖਾਨ ਨੇ ਸੋਮਵਾਰ ਇੱਕ ਬਿਆਨ 'ਚ ਕਿਹਾ ਸੀ ਕਿ ਕਈ ਘਟਨਾਵਾਂ ਨੇ ਉਨ੍ਹਾ ਨੂੰ ਦੁਖੀ ਕੀਤਾ ਅਤੇ ਉਨ੍ਹਾ ਦੀ ਪਤਨੀ ਕਿਰਨ ਰਾਓ ਨੇ ਉਨ੍ਹਾ ਨੂੰ ਇੱਕ ਵਾਰ ਸੁਝਾਅ ਦੇ ਦਿੱਤਾ ਸੀ ਕਿ ਇਹ ਦੇਸ਼ ਛੱਡ ਦੇਣਾ ਚਾਹੀਦਾ ਹੈ। ਆਮਿਰ ਦੇ ਬਿਆਨ 'ਤੇ ਬਾਲੀਵੁਡ ਵੀ ਵੰਡਿਆ ਗਿਆ ਹੈ। ਅਨੁਪਮ ਖੇਰ, ਰਾਮ ਗੋਪਾਲ ਵਰਮਾ, ਪਰੇਸ਼ ਰਾਵਲ ਅਤੇ ਅਸ਼ੋਕ ਪੰਡਤ ਨੇ ਉਨ੍ਹਾ ਦੇ ਬਿਆਨ ਦੀ ਆਲੋਚਨਾ ਕੀਤੀ, ਜਦਕਿ ਫ਼ਿਲਮ ਕਲਾਕਾਰ ਰਜ਼ਾ ਮੁਰਾਦ ਨੇ ਉਨ੍ਹਾ ਦੀ ਹਮਾਇਤ ਕੀਤੀ ਹੈ।