Latest News
ਰੇਂਜ ਰੋਵਰ ਦੀ ਛੱਤ ਤਾਂ ਖੁੱਲ੍ਹਵਾ ਲਈ ਪਰ..!

Published on 24 Nov, 2015 01:02 PM.

ਬਠਿੰਡਾ (ਬਖਤੌਰ ਢਿੱਲੋਂ)
ਸਰਕਾਰੀ ਤਾਕਤ ਦੀ ਦੁਰਵਰਤੋਂ ਅਤੇ ਦੌਲਤ ਦੇ ਬਲਬੂਤੇ ਇਕੱਤਰ ਕੀਤੀ ਭੀੜ ਕੀ ਹਰਮਨ ਪਿਆਰਤਾ ਦਾ ਪੈਮਾਨਾ ਮੰਨੀ ਜਾ ਸਕਦੀ ਹੈ? ਜੇਕਰ ਇਹ ਹਕੀਕਤ ਹੁੰਦੀ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕੱਲ੍ਹ ਮਾਯੂਸ ਨਾ ਹੋਣਾ ਪੈਂਦਾ।
ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਕੱਲ੍ਹ ਇੱਥੇ ਆਯੋਜਿਤ ਹੋਈ ਰੈਲੀ ਵਿੱਚ ਸ਼ਾਮਲ ਹੋਣ ਵਾਸਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇੱਕ ਵੱਡੇ ਕਾਫ਼ਲੇ ਨਾਲ ਪਿੰਡ ਬਾਦਲ 'ਚ ਸਥਿਤ ਆਪਣੇ ਮਹਿਲਨੁਮਾ ਘਰ ਤੋਂ ਚੱਲਣ ਦਾ ਪ੍ਰੋਗਰਾਮ ਬਣਾਇਆ ਸੀ। ਆਪਣੀ ਯਾਤਰਾ ਦਾ ਆਰੰਭ ਉਹਨਾਂ ਸਰਕਾਰੀ ਗੱਡੀ ਵਿੱਚ ਸਵਾਰ ਹੋ ਕੇ ਕੀਤਾ, ਅਜੇ ਉਹ ਬਾਦਲ ਪਿੰਡ ਦੀ ਜੂਹ ਵਿੱਚ ਹੀ ਸਨ ਕਿ ਸੁਆਗਤ ਲਈ ਸਰੀਕੇ 'ਚੋਂ ਉਹਨਾਂ ਦਾ ਭਰਾ ਬੌਬੀ ਬਾਦਲ ਮੌਜੂਦ ਸੀ। ਉਪ-ਮੁੱਖ ਮੰਤਰੀ ਉਸ ਬੌਬੀ ਦੀ ਗੱਡੀ ਵਿੱਚ ਸਵਾਰ ਹੋ ਕੇ ਅਗਲੀ ਮੰਜ਼ਿਲ ਲਈ ਚੱਲ ਪਏ।
ਪਿੰਡ ਨੰਦਗੜ੍ਹ ਦੀ ਹਦੂਦ 'ਚ ਵਿਧਾਨ ਸਭਾ ਹਲਕਾ ਗਿੱਦੜਬਾਹਾ ਲਈ ਅਕਾਲੀ ਦਲ ਦੇ ਇੰਚਾਰਜ ਸ੍ਰੀ ਹਰਦੀਪ ਸਿੰਘ ਡਿੰਪੀ ਨੇ ਉਹਨਾਂ ਨੂੰ ਜੀ ਆਇਆਂ ਕਿਹਾ। ਜੂਨੀਅਰ ਬਾਦਲ ਸ੍ਰੀ ਡਿੰਪੀ ਦੀ ਰੇਂਜ ਰੋਵਰ ਕਾਰ ਵਿੱਚ ਸਵਾਰ ਹੋ ਗਏ। ਅਗਲਾ ਪਿੰਡ ਘੁੱਦਾ, ਕਿਉਂਕਿ ਉਹਨਾਂ ਦੇ ਪੁਰਖਿਆਂ ਦੀ ਜਨਮ ਭੋਇ ਹੈ, ਇਸ ਲਈ ਉਪ ਮੁੱਖ ਮੰਤਰੀ ਇਸ ਆਸ ਨਾਲ ਕਾਰ ਦੀ ਛੱਤ ਖੁਲ੍ਹਵਾ ਕੇ ਖੜੇ ਹੋ ਗਏ ਕਿ ਉੱਥੋਂ ਦੇ ਲੋਕਾਂ ਵੱਲੋਂ ਕੀਤੇ ਜਾਣ ਵਾਲੇ ਭਰਵੇਂ ਸੁਆਗਤ ਨੂੰ ਉਹ ਬਾਂਹ ਹਿਲਾ ਕੇ ਕਬੂਲ ਕਰ ਸਕਣ, ਪਰ ਉਮੀਦ ਨੂੰ ਬੂਰ ਨਾ ਪਿਆ। ਪਿੰਡ ਜੈ ਸਿੰਘ ਵਾਲਾ ਦੀ ਜੂਹ 'ਚੋਂ ਮੋਟਰ ਸਾਈਕਲਾਂ ਦਾ ਇੱਕ ਕਾਫਲਾ ਉਹਨਾਂ ਦੀ ਅਗਵਾਈ ਕਰਦਾ ਹੈ, ਨਰੂਆਣਾ ਪਿੰਡ ਵਿੱਚ ਵੀ ਉਪ ਮੁੱਖ ਮੰਤਰੀ ਦੇ ਸੁਆਗਤ ਲਈ ਬੰਦਾ ਤਾਂ ਕੀ ਪਰਿੰਦਾ ਵੀ ਨਹੀਂ ਸੀ। ਬਠਿੰਡਾ ਵਿੱਚ ਦਾਖਲ ਹੁੰਦਿਆਂ ਹੀ ਨੰਨ੍ਹੀ ਛਾਂ ਚੌਕ ਵਿੱਚ ਖੜ ਕੇ ਰਣਨੀਤੀ ਬਣਾਉਣ ਉਪਰੰਤ ਜਦ ਕਾਫ਼ਲੇ ਨੂੰ ਅੱਗੇ ਤੋਰਿਆ ਤਾਂ ਆਈ ਟੀ ਆਈ ਚੌਕ ਵਿੱਚ ਸਥਿਤ ਰੇਲਵੇ ਓਵਰ ਬ੍ਰਿਜ ਉਤਰਨ 'ਤੇ ਕੁਝ ਐੱਸ ਓ ਆਈ ਦੇ ਵਾਲੰਟੀਅਰਾਂ ਨੇ ਉਹਨਾਂ ਨੂੰ ਜੀ ਆਇਆਂ ਕਿਹਾ। ਜਿਉਂ ਹੀ ਜੂਨੀਅਰ ਬਾਦਲ ਸ਼ਹਿਰ ਵੱਲ ਵਧੇ ਤਾਂ ਸੜਕ ਦੇ ਦੋਵਾਂ ਪਾਸਿਆਂ ਤੋਂ ਸੁਆਗਤ ਕਰਨ ਵਾਲਾ ਕੋਈ ਵੀ ਸ਼ਖ਼ਸ ਨਜ਼ਰ ਨਾ ਆਇਆ। ਇਸ 'ਤੇ ਸੁਖਬੀਰ ਹੁਰਾਂ ਨੇ ਆਪਣੇ ਸਾਥੀਆਂ ਨਾਲ ਕੁਝ ਗੁਫ਼ਤਗੂ ਕੀਤੀ ਤੇ ਫਿਰ ਹੇਠਾਂ ਸੀਟ ਉਪਰ ਬੈਠ ਗਏ, ਜਦਕਿ ਡਿੰਪੀ ਢਿੱਲੋਂ ਅਤੇ ਰੋਜ਼ੀ ਬਰਕੰਦੀ ਪਹਿਲਾਂ ਦੀ ਤਰ੍ਹਾਂ ਹੀ ਖੜੇ ਰਹੇ। ਪੌਣੇ ਕੁ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ 'ਚੋਂ ਮੱਦਦ ਲਈ ਮੰਗਵਾਈ ਮਨੁੱਖੀ ਸ਼ਕਤੀ, ਸਰਕਾਰੀ ਤਾਕਤ ਅਤੇ ਦੌਲਤ ਦੇ ਬਲਬੂਤੇ ਬੇਸ਼ੱਕ ਅਕਾਲੀ ਦਲ ਨੇ 45 ਤੋਂ 50 ਹਜ਼ਾਰ ਦੇ ਦਰਮਿਆਨ ਭੀੜ ਤਾਂ ਇਕੱਤਰ ਕਰ ਲਈ, ਲੇਕਿਨ ਇਸ ਨੂੰ ਹਰਮਨ ਪਿਆਰਤਾ ਦਾ ਜੇ ਪੈਮਾਨਾ ਮੰਨਿਆ ਜਾਵੇ ਤਾਂ ਮਾਯੂਸੀ ਦੇ ਆਲਮ ਵਿੱਚ ਬਾਦਲ ਨੂੰ ਸਵਾਗਤ ਕਬੂਲਣ ਵਾਸਤੇ ਖੜਨ ਲਈ ਖ਼ੁਦ ਖੁਲ੍ਹਵਾਈ ਹੋਈ ਛੱਤ 'ਚੋਂ ਨੀਚੇ ਨਾ ਬੈਠਣਾ ਪੈਂਦਾ।

1219 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper