ਜੀ ਐੱਸ ਟੀ ਬਿੱਲ; ਕਾਂਗਰਸ ਤਿੰਨ ਮੁੱਦਿਆਂ 'ਤੇ ਅੜੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਵਸਤੂ ਅਤੇ ਸੇਵਾ ਕਰ ਜੀ ਐੱਸ ਟੀ ਬਿੱਲ ਬਾਰੇ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਰੇੜਕਾ ਲਗਾਤਾਰ ਜਾਰੀ ਹੈ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਦੱਸਿਆ ਕਿ ਜੀ ਐੱਸ ਟੀ ਨਾਲ ਜੁੜੇ ਤਿੰਨ ਅਜਿਹੇ ਮੁੱਦੇ ਹਨ, ਜਿਨ੍ਹਾਂ ਬਾਰੇ ਸਮਝੌਤਾ ਨਹੀਂ ਕੀਤਾ ਜਾ ਸਕਦਾ। ਗੱਲਬਾਤ ਦੌਰਾਨ ਦੋਹਾਂ ਆਗੂਆਂ ਨੇ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਦੇ ਉਸ ਦਾਅਵੇ ਨੂੰ ਵੀ ਨਿਸ਼ਾਨਾ ਬਣਾਇਆ ਕਿ ਉਨ੍ਹਾਂ ਨੇ ਇਸ ਮੁੱਦੇ ਬਾਰੇ ਸਾਰੇ ਕਾਂਗਰਸੀ ਆਗੂਆਂ ਨਾਲ ਗੱਲਬਾਤ ਕਰ ਲਈ ਹੈ। ਜੇਤਲੀ ਨਾਲ ਮੁਲਾਕਾਤ ਬਾਰੇ ਸੋਨੀਆ ਅਤੇ ਰਾਹੁਲ ਨੇ ਦੱਸਿਆ ਕਿ ਜੇਤਲੀ ਆਪਣੀ ਧੀ ਦੇ ਵਿਆਹ ਦਾ ਸੱਦਾ ਦੇਣ ਆਏ ਸਨ ਅਤੇ ਇਹ ਇੱਕ ਨਿੱਜੀ ਗੱਲਬਾਤ ਤੇ ਮਿਲਣੀ ਸੀ। ਆਗੂਆਂ ਨੇ ਕਿਹਾ ਕਿ ਕਾਂਗਰਸ ਨਿਰਮਾਤਾਵਾਂ 'ਤੇ ਇੱਕ ਫੀਸਦੀ ਟੈਕਸ, ਜੀ ਐੱਨ ਸੀ ਲਈ 18 ਫੀਸਦੀ ਦੀ ਸੰਵਿਧਾਨ ਸੀਮਾ ਅਤੇ ਜੀ ਐੱਸ ਟੀ ਲਈ ਵਿਵਾਦ ਹੱਲ ਕਰਨ ਲਈ ਇੱਕ ਵੱਖਰੇ ਤਾਣੇ-ਬਾਣੇ ਦੇ ਮੁੱਦਿਆਂ 'ਤੇ ਕੋਈ ਸਮਝੌਤਾ ਨਹੀਂ ਕਰ ਸਕਦੀ।
ਉਨ੍ਹਾ ਕਿਹਾ ਕਿ ਜਦੋਂ ਤੱਕ ਸਰਕਾਰ ਇਨ੍ਹਾਂ ਤਿੰਨਾਂ ਮੁੱਦਿਆਂ ਬਾਰੇ ਹੁੰਗਾਰਾ ਨਹੀਂ ਭਰਦੀ, ਉਦੋਂ ਤੱਕ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਅਰੁਣ ਜੇਤਲੀ ਨੇ ਇੱਕ ਇੰਟਰਵਿਊ ਦੌਰਾਨ ਆਸ ਪ੍ਰਗਟ ਕੀਤੀ ਸੀ ਕਿ ਜੀ ਐੱਸ ਟੀ ਬਿੱਲ ਪਾਸ ਹੋ ਜਾਵੇਗਾ। ਉਨ੍ਹਾ ਦਾਅਵਾ ਕੀਤਾ ਸੀ ਕਿ ਕਾਂਗਰਸ ਨੇ ਜੀ ਐੱਸ ਟੀ ਨੂੰ ਹਮਾਇਤ ਦੇਣ ਲਈ ਹਾਮੀ ਭਰ ਦਿੱਤੀ ਹੈ।
ਸਰਕਾਰ ਦੀ ਇਸ ਵਾਰੀ ਪੂਰੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਜੀ ਐੱਸ ਟੀ ਬਿੱਲ ਪਾਸ ਕਰਵਾ ਲਿਆ ਜਾਵੇ। ਇਸ ਬਿੱਲ ਨੂੰ ਲੋਕ ਸਭਾ ਵਿੱਚ ਪਾਸ ਕਰਾਉਣ 'ਚ ਸਰਕਾਰ ਨੂੰ ਕੋਈ ਦਿੱਕਤ ਨਹੀਂ ਹੈ, ਉਸ ਕੋਲ ਸਦਨ ਵਿੱਚ ਪੂਰਨ ਬਹੁਮਤ ਹੈ। ਰਾਜ ਸਭਾ ਵਿੱਚ ਘੱਟ ਗਿਣਤੀ ਵਿੱਚ ਹੋਣ ਕਰਕੇ ਸਰਕਾਰ ਦਾ ਪੇਚ ਫਸਿਆ ਪਿਆ ਹੈ। ਜੀ ਐੱਸ ਟੀ ਇੱਕ ਸੰਵਿਧਾਨਕ ਸੋਧ ਬਿੱਲ ਹੈ, ਜਿਸ ਨੂੰ ਪਾਸ ਕਰਾਉਣ ਲਈ ਦੋ ਤਿਹਾਈ ਬਹੁਮਤ ਦੀ ਲੋੜ ਹੈ। ਰਾਜ ਸਭਾ ਦੇ ਕੁੱਲ 241 ਮੈਂਬਰ ਹਨ ਅਤੇ ਇਸ ਬਿੱਲ ਨੂੰ ਪਾਸ ਕਰਾਉਣ ਲਈ ਸਰਕਾਰ ਨੂੰ 160 ਸਾਂਸਦਾਂ ਦੀ ਲੋੜ ਹੈ। ਰਾਜ ਸਭਾ ਵਿੱਚ ਭਾਜਪਾ ਦੇ 46 ਮੈਂਬਰਾਂ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਦੇ 12, ਬੀਜੂ ਜਨਤਾ ਦਲ ਦੇ 6, ਜਨਤਾ ਦਲ ਯੂ ਦੇ 12 ਸਮੇਤ ਸਰਕਾਰ ਕੋਲ ਮੈਂਬਰਾਂ ਦੀ ਗਿਣਤੀ 140 ਹੀ ਬਣਦੀ ਹੈ। ਦੂਜੇ ਪਾਸੇ ਕਾਂਗਰਸ ਕੋਲ 67, ਸੀ ਪੀ ਆਈ, ਸੀ ਪੀ ਐੱਮ 10, ਨਾਮਜ਼ਦ 8, ਏ ਆਈ ਡੀ ਐੱਮ ਕੇ 12, ਡੀ ਐੱਮ ਕੇ ਦੇ 4 ਮਿਲਾ ਕੇ 101 ਮੈਂਬਰ ਜੀ ਐੱਸ ਟੀ ਬਿੱਲ ਦਾ ਵਿਰੋਧ ਕਰ ਰਹੇ ਹਨ।
ਨਰਿੰਦਰ ਮੋਦੀ ਸੰਸਦ ਦੀ ਕਾਰਵਾਈ ਬਾਰੇ ਆਸਬੰਦ
ਨਵੀਂ ਦਿੱਲੀ (ਨ ਜ਼ ਸ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਚਰਚਾ ਲਈ ਸੰਸਦ ਸਭ ਤੋਂ ਵੱਡਾ ਅਤੇ ਵਧੀਆ ਮੰਚ ਹੈ। ਸਰਦ ਰੁੱਤ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਸੰਸਦ ਭਵਨ ਰੁਸ਼ਨਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਸੰਸਦ ਭਵਨ ਅੰਦਰੋਂ ਵੀ ਨਵੇਂ-ਨਵੇਂ ਵਿਚਾਰਾਂ ਨਾਲ ਰੁਸ਼ਨਾਏਗਾ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਕੱਲ੍ਹ ਬਹੁਤ ਹੀ ਚੰਗੇ ਮਾਹੌਲ ਵਿੱਚ ਗੱਲਬਾਤ ਹੋਈ ਹੈ।
ਉਨ੍ਹਾਂ ਕਿਹਾ ਕਿ ਸਾਰੀਆਂ ਧਿਰਾਂ ਨੇ ਚਰਚਾ ਲਈ ਸਕਾਰਾਤਮਕ ਪਹੁੰਚ ਅਪਣਾਈ ਹੈ। ਨਰਿੰਦਰ ਮੋਦੀ ਨੇ ਆਸ ਪ੍ਰਗਟ ਕੀਤੀ ਕਿ ਸਾਰੇ ਸਾਂਸਦ ਦੇਸ਼ ਅਤੇ ਲੋਕਾਂ ਦੀਆਂ ਉਮੰਗਾਂ ਪੂਰੀਆਂ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਚਰਚਾ ਲਈ ਸੰਸਦ ਤੋਂ ਵੱਡਾ ਕੋਈ ਵੀ ਮੰਚ ਨਹੀਂ ਹੋ ਸਕਦਾ। ਮੋਦੀ ਨੇ ਕਿਹਾ ਕਿ ਵਾਦ-ਵਿਵਾਦ ਅਤੇ ਚਰਚਾ ਸੰਸਦ ਦੀ ਆਤਮਾ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸੰਸਦ ਦੀ ਕਾਰਵਾਈ ਸੁਚਾਰੂ ਢੰਗ ਨਾਲ ਚੱਲੇਗੀ।