'ਸੰਘ ਨੇ ਗਾਂਧੀ ਨੂੰ ਮਾਰਿਆ' ਵਾਲੇ ਬਿਆਨ 'ਤੇ ਮੁਆਫ਼ੀ ਨਹੀਂ ਮੰਗਣਗੇ ਰਾਹੁਲ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ 'ਮਹਾਤਮਾ ਗਾਂਧੀ' ਦੇ ਕਤਲ ਪਿੱਛੇ ਆਰ ਐਸ ਐਸ ਦਾ ਹੱਥ ਹੈ, ਵਾਲੇ ਆਪਣੇ ਬਿਆਨ 'ਤੇ ਅਫ਼ਸੋਸ ਜ਼ਾਹਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਰਾਹੁਲ ਨੇ ਇਸ ਮੁੱਦੇ 'ਤੇ ਸੁਪਰੀਮ ਕੋਰਟ ਦਾ ਸੁਝਾਅ ਠੁਕਰਾਉਂਦਿਆਂ ਆਪਣੇ ਬਿਆਨ 'ਤੇ ਅਫਸੋਸ ਜ਼ਾਹਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਅਮਲੇ 'ਚ ਮਹਾਰਾਸ਼ਟਰ ਦੀ ਭਵਿੱਡੀ ਅਦਾਲਤ ਨੇ ਰਾਹੁਲ ਖ਼ਿਲਾਫ਼ ਵਰੰਟ ਜਾਰੀ ਕੀਤਾ ਸੀ। ਹਾਲਾਂਕਿ ਰਾਹੁਲ ਗਾਂਧੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਵਰੰਟ 'ਤੇ ਰੋਕ ਲਗਾ ਦਿੱਤੀ ਸੀ। ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਦੇ ਵਕੀਲ ਕਪਿਲ ਸਿੱਬਲ ਨੂੰ ਇਹ ਸੁਝਾਅ ਦਿੱਤਾ ਸੀ, ਪਰ ਸਿੱਬਲ ਨੇ ਕੋਰਟ ਨੂੰ ਦੱਸਿਆ ਕਿ ਰਾਹੁਲ ਨੇ ਅਫ਼ਸੋਸ ਜ਼ਾਹਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮਾਣਹਾਨੀ ਦੇ ਇਸ ਮਾਮਲੇ ਦੀ ਅਗਲੀ ਸੁਣਵਾਈ 17 ਫ਼ਰਵਰੀ ਨੂੰ ਹੋਵੇਗੀ।