ਸਮੂਹ ਸਿਵਲ ਸਰਜਨਾਂ ਨੂੰ ਸਵਾਈਨ ਫਲੂ ਰੋਕਣ ਲਈ ਢੁੱਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼

ਚੰਡੀਗੜ੍ਹ (ਦਵਿੰਦਰਜੀਤ ਸਿੰਘ ਦਰਸ਼ੀ)
ਸਿਹਤ ਵਿਭਾਗ ਪੰਜਾਬ ਵੱਲੋਂ ਰਾਜ ਵਿੱਚ ਸਵਾਈਨ ਫਲੂ ਨਾਲ ਨਜਿੱਠਣ ਲਈ ਸਾਰੀਆਂ ਲੋੜੀਂਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਇਸ ਸੰਬੰਧੀ ਰਾਜ ਦੇ ਸਾਰੇ ਸਿਵਲ ਸਰਜਨਾਂ ਨੂੰ ਸਵਾਈਨ ਫਲੂ ਨੂੰ ਫੈਲਣ ਤੋਂ ਰੋਕਣ ਲਈ ਸਾਰੇ ਢੁੱਕਵੇਂ ਪ੍ਰਬੰਧ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਥੋਂ ਜਾਰੀ ਇੱਕ ਬਿਆਨ 'ਚ ਮੰਤਰੀ ਨੇ ਦੱਸਿਆ ਕਿ ਰਾਜ ਦੇ ਸਾਰੇ ਸਿਵਲ ਸਰਜਨਾਂ ਨੂੰ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਅਤੇ ਸਵਾਈਨ ਫਲੂ ਦੇ ਮਾਮਲਿਆਂ ਦੀ ਰੋਕਥਾਮ ਲਈ ਲੋੜੀਂਦੇ ਢੁੱਕਵੇਂ ਪ੍ਰਬੰਧ ਕਰਨ ਨੂੰ ਯਕੀਨੀ ਬਣਾਏ ਜਾਣ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ। ਮੰਤਰੀ ਨੇ ਇਹ ਵੀ ਦੱਸਿਆ ਕਿ ਮੌਸਮ ਵਿੱਚ ਤਬਦੀਲੀ ਦੇ ਚੱਲਦਿਆਂ ਯੋਗ ਕਦਮ ਪੁੱਟੇ ਜਾ ਰਹੇ ਹਨ ਅਤੇ ਸਵਾਈਨ ਫਲੂ ਦਾ ਵਾਇਰਸ ਆਮ ਕਰਕੇ ਸਰਦ ਮੌਸਮ ਵਿੱਚ ਫੈਲਦਾ ਹੈ। ਸਿਵਲ ਸਰਜਨਾਂ ਨੂੰ ਹਸਪਤਾਲਾਂ ਵਿੱਚ ਸਵਾਈਨ ਫਲੂ ਦੇ ਸ਼ੱਕੀ ਮਰੀਜ਼ਾਂ ਦੇ ਢੁੱਕਵੇਂ ਇਲਾਜ ਲਈ ਵੀ ਉਚਿਤ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ। ਸ੍ਰੀ ਜਿਆਣੀ ਨੇ ਕਿਹਾ ਕਿ ਲੋੜੀਂਦੀ ਮਾਤਰਾ 'ਚ ਟੈਮੀਫਲੂ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਗਿਆ ਹੈ ਅਤੇ ਰਾਜ ਦੇ ਸਾਰੇ ਹਸਪਤਾਲਾਂ ਦੀਆਂ ਲੋੜਾਂ ਮੁਤਾਬਕ ਵੈਂਟੀਲੇਟਰ ਅਤੇ ਆਈਸੋਲੇਸ਼ਨ ਵਾਰਡ ਤਿਆਰ ਕਰਕੇ ਰੱਖਣ ਸੰਬੰਧੀ ਹਦਾਇਤ ਕੀਤੀ ਗਈ ਹੈ।
ਸ੍ਰੀ ਜਿਆਣੀ ਨੇ ਇਹ ਵੀ ਕਿਹਾ ਕਿ ਲੋਕਾਂ ਦੀ ਸਿਹਤ 'ਤੇ ਤਿੱਖੀ ਨਜ਼ਰ ਰੱਖਣ ਲਈ ਰਾਜ ਦੇ ਚੌਕਸੀ ਯੂਨਿਟ ਨੂੰ ਸਰਗਰਮ ਕਰ ਦਿੱਤਾ ਗਿਆ ਹੈ ਅਤੇ ਸਵਾਈਨ ਫਲੂ ਦੀ ਸਥਿਤੀ ਨਾਲ ਨਜਿੱਠਣ ਲਈ ਲੋੜੀਂਦੀ ਸਿਖਲਾਈ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸਿਵਲ ਸਰਜਨਾਂ ਨੂੰ ਇਸ ਸੰਬੰਧੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਇੱਕ ਮੀਟਿੰਗ ਕਰਕੇ ਸੰਬੰਧਤ ਜਾਣਕਾਰੀ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ। ਸ੍ਰੀ ਜਿਆਣੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਖਾਂਸੀ, ਜੁਕਾਮ ਅਤੇ ਸਾਹ ਲੈਣ ਸਮੇਂ ਤਕਲੀਫ਼ ਦੇ ਨਾਲ ਉਚ ਤਾਪਮਾਨ ਜਿਹੀਆਂ ਨਿਸ਼ਾਨੀਆਂ ਬਾਰੇ ਅਵੇਸਲਾਪਣ ਨਾ ਅਪਣਾਉਣ ਅਤੇ ਅਜਿਹੇ ਕਿਸੇ ਵੀ ਲੱਛਣ ਦੀ ਸੂਰਤ ਵਿੱਚ ਤੁਰੰਤ ਆਪਣੇ ਨਜ਼ਦੀਕੀ ਸਿਹਤ ਕੇਂਦਰ ਵਿਖੇ ਇਲਾਜ ਕਰਵਾਉਣ ਲਈ ਪਹੁੰਚ ਕਰਨ। ਉਨ੍ਹਾਂ ਕਿਹਾ ਕਿ ਜੇ ਲੋੜ ਪਵੇ ਤਾਂ ਅਜਿਹੇ ਮਰੀਜ਼ਾਂ ਦੇ ਖੂਨ ਦੇ ਨਮੂਨੇ ਲਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਭੀੜ ਵਾਲੇ ਸਥਾਨਾਂ 'ਤੇ ਜਾਣ ਅਤੇ ਮੁਲਾਕਾਤ ਕਰਨ ਸਮੇਂ ਹੋਰਨਾਂ ਤੋਂ ਘੱਟ-ਘੱਟ ਦੋ ਫੁੱਟ ਦੀ ਦੂਰੀ ਬਣਾਏ ਰੱਖਣੀ ਚਾਹੀਦੀ ਹੈ, ਜਿਹੜੇ ਲੋਕਾਂ ਵਿੱਚ ਸਵਾਈਨ ਫਲੂ ਦੇ ਲੱਛਣ ਪਾਏ ਜਾਂਦੇ ਹਨ।