ਰੋਡਵੇਜ਼ ਕਾਮਿਆਂ ਵੱਲੋਂ ਹੱਕੀ ਮੰਗਾਂ ਨੂੰ ਲੈ ਕੇ ਗੇਟ ਰੈਲੀ

ਮੋਗਾ (ਇਕਬਾਲ ਸਿੰਘ)
ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਰੋਡਵੇਜ਼ ਮੋਗਾ ਡਿਪੂ ਸਾਹਮਣੇ ਗੇਟ ਰੈਲੀ ਕੀਤੀ ਗਈ। ਇਸ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਦੇ ਸੂਬਾਈ ਜਨਰਲ ਸਕੱਤਰ ਸਾਥੀ ਜਗਦੀਸ਼ ਸਿੰਘ ਚਾਹਲ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਐਕਸ਼ਨ ਕਮੇਟੀ ਰਾਹੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। ਐਕਸ਼ਨ ਕਮੇਟੀ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਉਪਰ ਇਸ ਗੱਲ ਦਾ ਖਾਸ ਤੌਰ 'ਤੇ ਰੋਸ ਸੀ ਕਿ ਟਰਾਂਸਪੋਰਟ ਮੰਤਰੀ ਨੇ ਐਕਸ਼ਨ ਕਮੇਟੀ ਨਾਲ ਵਾਰ-ਵਾਰ ਮੀਟਿੰਗਾਂ ਕਰਕੇ ਮੰਗਾਂ ਸੰਬੰਧੀ ਵਾਅਦੇ ਵੀ ਲਿਖਤੀ ਤੌਰ 'ਤੇ ਕੀਤੇ, ਜਿਨ੍ਹਾਂ ਵਿੱਚ ਖਾਸ ਤੌਰ 'ਤੇ ਪੰਜਾਬ ਰੋਡਵੇਜ਼ ਵਿੱਚ ਨਵੀਂਆਂ ਬੱਸਾਂ ਪਾਉਣ ਲਈ 42.75 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਬੱਜਟ ਵਿੱਚ ਰੱਖਿਆ ਫੰਡ ਜਲਦੀ ਰਿਲੀਜ਼ ਕਰਾਉਣਾ ਸੀ। ਪੰਜਾਬ ਰੋਡਵੇਜ਼ ਵਿੱਚ 1997 ਤੋਂ ਬਾਅਦ ਕੋਈ ਵੀ ਨਵੀਂ ਬੱਸ ਰੋਡਵੇਜ਼ ਵਿੱਚ ਸ਼ਾਮਲ ਨਹੀਂ ਕੀਤੀ ਗਈ। ਪੰਜ-ਸੱਤ ਸਾਲ ਬਾਅਦ ਕਰਜ਼ਾ-ਮੁਕਤ ਖਟਾਰਾ ਹੋ ਚੁੱਕੀ ਪੁਰਾਣੀ ਬੱਸ ਹੀ ਰੋਡਵੇਜ਼ ਦੇ ਫਲੀਟ ਵਿੱਚ ਸ਼ਾਮਲ ਕੀਤੀ ਜਾਂਦੀ ਹੈ, ਜੋ ਕਿ ਘਾਟੇ ਦਾ ਕਾਰਨ ਬਣਦੀ ਹੈ, ਜਿਸ ਕਰਕੇ ਐਕਸ਼ਨ ਕਮੇਟੀ ਨੇ ਮਜਬੂਰ ਹੋ ਕੇ ਟਰਾਂਸਪੋਰਟ ਮੰਤਰੀ ਦੇ ਹਲਕੇ ਸ਼ਾਹਕੋਟ ਵਿੱਚ 28 ਨਵੰਬਰ ਨੂੰ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਸੀ, ਜਿਸ ਤਹਿਤ ਸੈਕਟਰੀ ਟਰਾਂਸਪੋਰਟ ਤੇ ਮਹਿਕਮੇ ਦੇ ਉਚ ਅਧਿਕਾਰੀਆਂ ਵੱਲੋਂ 24 ਨਵੰਬਰ ਨੂੰ ਐਕਸ਼ਨ ਕਮੇਟੀ ਦੀ ਮੀਟਿੰਗ ਬੁਲਾ ਕੇ ਕਰਜ਼ਾ ਮੁਕਤ 265 ਬੱਸਾਂ 31 ਦਸੰਬਰ ਤੱਕ ਰੋਡਵੇਜ਼ ਵਿੱਚ ਸ਼ਾਮਲ ਕਰਨ, ਰਹਿੰਦੀਆਂ ਪ੍ਰਮੋਸ਼ਨਾਂ 20 ਦਿਨਾਂ ਦੇ ਅੰਦਰ ਕਰਨ, ਮੌਤ ਹੋਏ ਮੁਲਾਜ਼ਮਾਂ ਦੇ ਵਾਰਸਾਂ ਨੂੰ 15 ਦਿਨਾਂ ਅੰਦਰ ਨੌਕਰੀਆਂ ਦੇਣ, ਵਰਕਸ਼ਾਪ ਤੇ ਇੰਸਪੈਕਟਰਾਂ ਦੀ ਪ੍ਰਮੋਸ਼ਨ ਦੀ ਸਮਾਂ ਸੀਮਾ ਘੱਟ ਕਰਨ, ਪੰਜਾਬ ਰੋਡਵੇਜ਼ ਦੀਆਂ ਖਤਮ ਹੋਈਆਂ ਪੋਸਟਾਂ ਨੂੰ ਸੁਰਜੀਤ ਕਰਨ, ਓਵਰਟਾਈਮ, ਵਰਦੀਆਂ ਜਲਦੀ ਦੇਣ, ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਤੇ ਪੰਜਾਬ ਰੋਡਵੇਜ਼ ਦਾ ਬੱਜਟ ਰਿਲੀਜ਼ ਕਰਾਉਣ ਲਈ 10 ਦਿਨਾਂ ਵਿੱਚ ਵਿੱਤ ਮੰਤਰੀ ਨਾਲ ਮੀਟਿੰਗ ਕਰਾਉਣ ਦਾ ਵਾਅਦਾ ਕੀਤਾ ਹੈ। ਇਸ ਮੀਟਿੰਗ ਵਿੱਚ ਹੋਏ ਫੈਸਲਿਆਂ ਉਪਰ ਐਕਸ਼ਨ ਕਮੇਟੀ ਵੱਲੋਂ ਮੀਟਿੰਗ ਕਰਕੇ ਤੱਸਲੀ ਪ੍ਰਗਟ ਕੀਤੀ, ਜਿਸ ਕਰਕੇ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਕਿ ਜੇਕਰ ਟਰਾਂਸਪੋਰਟ ਮੰਤਰੀ ਨੇ 31 ਦਸੰਬਰ ਤੱਕ ਉਪਰੋਕਤ ਮੰਗਾਂ ਲਾਗੂ ਨਾ ਕਰਵਾਈਆਂ ਤਾਂ ਐਕਸ਼ਨ ਕਮੇਟੀ ਟਰਾਂਸਪੋਰਟ ਮੰਤਰੀ ਦਾ ਪੂਰਨ ਰੂਪ ਵਿੱਚ ਬਾਈਕਾਟ ਕਰੇਗੀ ਤੇ 5 ਜਨਵਰੀ 2016 ਨੂੰ ਸ਼ਾਹਕੋਟ ਵਿਖੇ ਮੁਜ਼ਾਹਰਾ ਕੀਤਾ ਜਾਵੇਗਾ।
ਰੈਲੀ ਨੂੰ ਸੰਬੋਧਨ ਕਰਦਿਆਂ ਸਾਥੀ ਦਰਸ਼ਨ ਟੂਟੀ ਸੂਬਾਈ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਸੰਘਰਸ਼ਸ਼ੀਲ ਲੋਕਾਂ ਦੇ ਸੰਘਰਸ਼ ਨੂੰ ਦਬਾਉਣ ਲਈ ਆਪਣੀ ਭਾਈਵਾਲ ਪਾਰਟੀ ਬੀ.ਜੇ.ਪੀ. ਰਾਹੀਂ ਪਬਲਿਕ ਐਂਡ ਪ੍ਰਾਈਵੇਟ ਸੇਫਟੀ ਬਿੱਲ ਰਾਸ਼ਟਰਪਤੀ ਰਾਹੀਂ ਪਾਸ ਕਰਵਾ ਕੇ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ, ਜਿਸ ਨੂੰ ਪੰਜਾਬ ਦੇ ਮਿਹਨਤੀ ਲੋਕ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ ਤੇ ਇਸ ਬਿੱਲ ਦਾ ਸਖਤ ਵਿਰੋਧ ਕਰਨਗੇ। ਅੱਜ ਦੀ ਗੇਟ ਰੈਲੀ ਨੂੰ ਕਰਮਚਾਰੀ ਦਲ ਦੇ ਸੂਬਾਈ ਆਗੂ ਰਸ਼ਪਾਲ ਸਿੰਘ, ਇੰਟਕ ਦੇ ਸਾਥੀ ਗੁਰਦੇਵ ਸਿੰਘ, ਖੁਸ਼ਪਾਲ ਸਿੰਘ, ਏਟਕ ਦੇ ਬਚਿੱਤਰ ਸਿੰਘ ਧੋਥੜ, ਸੁਰਿੰਦਰ ਸਿੰਘ ਬਰਾੜ, ਬਲਕਰਨ ਮੋਗਾ, ਇੰਦਰਜੀਤ ਭਿੰਡਰ ਨੇ ਸੰਬੋਧਨ ਕੀਤਾ। ਇਸ ਰੈਲੀ 'ਚ ਪੋਹਲਾ ਸਿੰਘ ਬਰਾੜ ਏਟਕ, ਕਰਮਚਾਰੀ ਦਲ ਦੇ ਸੁਰਜਨ ਸਿੰਘ, ਕੁਲਦੀਪ ਚੰਦ ਜਨਰਲ ਸੱਕਤਰ ਇੰਟਕ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰੋਡਵੇਜ਼ ਕਾਮੇ ਹਾਜ਼ਰ ਸਨ।