Latest News

ਦੇਸ਼ ਦਾ ਪੇਟ ਭਰਨ ਵਾਲਾ ਕਿਸਾਨ ਆਪਣਾ ਪੇਟ ਭਰਨ ਤੋਂ ਅਸਮਰੱਥ : ਜਤਿੰਦਰ ਚੌਧਰੀ

Published on 28 Nov, 2015 12:06 PM.

ਧੂਰੀ (ਰਾਜੇਸ਼ਵਰ ਪਿੰਟੂ, ਬਿੰਨੀ ਗਰਗ)
ਪੰਜਾਬ ਕਿਸਾਨ ਸਭਾ ਵੱਲੋਂ ਕਿਸਾਨੀ ਮਸਲਿਆਂ ਨੂੰ ਲੈ ਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਕਾਮਰੇਡ ਗੁਰਚੇਤਨ ਸਿੰਘ ਬਾਸੀ ਦੀ ਪ੍ਰਧਾਨਗੀ ਹੇਠ ਪਿੰਡ ਭਸੌੜ ਵਿਖੇ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਸੂਬਾਈ ਰੈਲੀ ਕੀਤੀ ਗਈ, ਜਿਸ ਵਿੱਚ ਪੰਜਾਬ ਭਰ ਤੋਂ ਆਏ ਹਜ਼ਾਰਾਂ ਕਿਸਾਨਾਂ ਤੇ ਮਜ਼ਦੂਰਾਂ ਨੇ ਸ਼ਿਰਕਤ ਕੀਤੀ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਤ੍ਰਿਪੁਰਾ ਤੋਂ ਮੈਂਬਰ ਪਾਰਲੀਮੈਂਟ ਜਤਿੰਦਰ ਚੌਧਰੀ ਨੇ ਕਿਹਾ ਕਿ ਸੰਸਦ ਦੇ ਚੱਲਦੇ ਸੈਸ਼ਨ ਦੌਰਾਨ ਕੱਲ੍ਹ ਭਾਵੇਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 70 ਮਿੰਟ ਬੋਲੇ, ਪਰ ਉਨ੍ਹਾਂ ਦੀ ਜ਼ੁਬਾਨ 'ਚੋਂ ਇੱਕ ਵੀ ਸ਼ਬਦ ਕਿਸਾਨ ਪੱਖੀ ਨਹੀਂ ਨਿਕਲਿਆ ਅਤੇ ਨਾ ਹੀ ਚੋਣ ਵਾਅਦੇ ਅਨੁਸਾਰ ਉਨ੍ਹਾਂ ਡਾ. ਸੁਆਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਬਾਰੇ ਕੋਈ ਗੱਲ ਕੀਤੀ। ਉਨ੍ਹਾਂ ਅੱਛੇ ਦਿਨ ਲਿਆਉਣ ਦਾ ਲੋਕ ਲੁਭਾਊ ਨਾਅਰਾ ਲਗਾ ਕੇ ਸੱਤਾ 'ਚ ਆਈ ਕੇਂਦਰੀ ਭਾਜਪਾ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਮੋਦੀ ਸਰਕਾਰ ਅੱਛੇ ਦਿਨ ਲਿਆਉਣ 'ਚ ਅਸਫਲ ਹੀ ਨਹੀਂ, ਸਗਂੋ ਲੋਕ ਭਲਾਈ ਦੇ ਵੱਖ-ਵੱਖ ਵਿਭਾਗੀ ਬੱਜਟਾਂ 'ਚ ਕਰੋੜਾਂ ਰੁਪਏ ਦੀ ਕਟੌਤੀ ਕਰਕੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੰਦਿਆਂ ਪਿਛਲੀ ਯੂ.ਪੀ.ਏ ਸਰਕਾਰ ਦੇ ਰਾਹ ਚੱਲ ਕੇ ਕਾਰਪੋਰੇਟ-ਪੱਖੀ ਨੀਤੀਆਂ ਬਣਾਉਂਦਿਆਂ ਕਾਰਪੋਰੇਟ ਘਰਾਣਿਆਂ ਦਾ ਕਰੀਬ 6 ਲੱਖ 88 ਹਜ਼ਾਰ ਕਰੋੜ ਰੁਪਏ ਦਾ ਸਿੱਧਾ ਤੇ ਅਸਿੱਧਾ ਟੈਕਸ ਮੁਆਫ ਕੀਤਾ ਗਿਆ, ਜਦੋਂਕਿ ਦੇਸ਼ ਦੇ ਨਿਰਮਾਣ 'ਚ ਹਿੱਸਾ ਪਾਉਣ ਵਾਲੀ ਮਜ਼ਦੂਰ ਜਮਾਤ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੇ ਕਿਸਾਨ ਦੀ ਹਾਲਤ 'ਤੇ ਚਿੰਤਾ ਕਰਦਿਆਂ ਕਿਹਾ ਕਿ ਦੇਸ਼ ਦਾ ਪੇਟ ਭਰਨ ਵਾਲੇ ਕਿਸਾਨ ਆਪਣਾ ਪੇਟ ਭਰਨ ਤੋਂ ਅਸਮਰੱਥ ਦਿਖਾਈ ਦੇ ਰਿਹਾ ਹੈ। ਕੁਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਅਤੇ ਪਾਰਟੀ ਦੇ ਪੋਲਿਟ ਬਿਓਰੋ ਮੈਂਬਰ ਹਨਨ ਮੁੱਲ੍ਹਾ ਨੇ ਕਿਹਾ ਕਿ ਅਕਾਲੀਆਂ ਦੀ ਭਾਈਵਾਲ ਭਾਜਪਾ ਦੀ ਕੇਂਦਰੀ ਸਰਕਾਰ ਨੇ ਪੰਜਾਬ ਦੇ ਅਜਿਹੇ ਹਾਲਾਤ ਬਣਾ ਦਿੱਤੇ ਕਿ ਸਮੁੱਚੀ ਕਿਸਾਨੀ ਡੁੱਬਦੀ ਜਾ ਰਹੀ ਹੈ ਅਤੇ ਜਥੇਬੰਦੀ ਵੱਲੋਂ ਆਗਾਮੀ ਫ਼ਰਵਰੀ ਮਹੀਨੇ ਵਿੱਚ ਕਿਸਾਨੀ ਮੰਗਾਂ ਨੁੰ ਲੈ ਕੇ ਵਿਸ਼ਾਲ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਤਹਿਤ ਪਾਰਲੀਮੈਂਟ ਦਾ ਘਿਰਾਓ ਵੀ ਕੀਤਾ ਜਾਵੇਗਾ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਚੇਤਨ ਸਿੰਘ ਬਾਸੀ ਅਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਖੇਤੀ ਧੰਦਾ ਘਾਟੇ 'ਚ ਜਾਣ ਕਾਰਨ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ ਅਤੇ ਹੁਣ ਤੱਕ ਦੇਸ਼ ਅੰਦਰ ਕਰੀਬ 3 ਲੱਖ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ, ਪਰ ਕੇਂਦਰ ਸਰਕਾਰ ਲਗਾਤਾਰ ਕਿਸਾਨ ਵਿਰੋਧੀ ਨੀਤੀਆਂ ਬਣਾ ਕੇ ਕਾਰਪੋਰੇਟ ਸੈਕਟਰ ਨੂੰ ਲਾਭ ਦੇ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਖਿਲਾਫ ਸੰਘਰਸ਼ 'ਚ ਕੁੱਦਣ ਤਾਂ ਕਿ ਕਰਜ਼ੇ ਦੇ ਬੋਝ ਹੇਠਾਂ ਦੱਬੀ ਕਿਸਾਨੀ ਨੁੰ ਕਰਜ਼ਾ-ਮੁਕਤ ਕਰਵਾ ਕੇ ਖੁਦਕੁਸ਼ੀਆਂ ਤੋਂ ਰੋਕਿਆ ਜਾ ਸਕੇ। ਉਨ੍ਹਾਂ ਫਸਲੀ ਖਰਾਬੇ ਦਾ ਮੁਆਵਜ਼ਾ 40000/- ਰੁਪਏ ਪ੍ਰਤੀ ਏਕੜ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਸਹੀ ਫਸਲੀ ਖਰਾਬੀ ਮੁਆਵਜ਼ਾ ਦੇਣ ਲਈ ਕਾਨੂੰਨ 'ਚ ਸੋਧ ਕੀਤੀ ਜਾਵੇ ਅਤੇ ਕੇਂਦਰ ਤੇ ਰਾਜ ਸਰਕਾਰਾਂ ਫ਼ਸਲੀ ਬੀਮੇ ਦੀਆਂ ਸਾਰੀਆਂ ਕਿਸ਼ਤਾਂ ਆਪ ਭਰਨ। ਉਨ੍ਹਾਂ ਕਿਹਾ ਕਿ ਫਸਲੀ ਵਿਭਿੰਨਤਾ ਦਾ ਰੌਲਾ ਪਾਉਣ ਵਾਲੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੰਨਾ ਮਿੱਲਾਂ ਤੋਂ ਕਿਸਾਨਾਂ ਦੇ ਗੰਨੇ ਦਾ 134 ਕਰੋੜ 80 ਲੱਖ ਰੁਪਏ ਦਾ ਬਕਾਇਆ ਸਮੇਤ ਵਿਆਜ ਦੀ ਮੰਗ ਕਰਦਿਆਂ ਗੰਨੇ ਦਾ ਭਾਅ 400 ਰੁਪਏ ਕੁਇੰਟਲ ਮਿੱਥਣ ਦੀ ਮੰਗ ਕੀਤੀ। ਉਨ੍ਹਾਂ ਜਥੇਬੰਦੀ ਵੱਲੋਂ ਆਗਾਮੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਮੌਕੇ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨ ਨੂੰ ਲਾਗੂ ਹੋਣ ਤੋਂ ਰੋਕਣ ਲਈ ਪੰਜਾਬ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ ਅਤੇ 3 ਤੋਂ 10 ਦਸੰਬਰ ਤੱਕ ਗੰਨਾ ਮਿੱਲਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਅਤੇ 15 ਦਸੰਬਰ ਨੂੰ ਗੰਨਾ ਮਿੱਲਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਐੱਮ.ਐੱਲ.ਏ ਚੰਦ ਸਿੰਘ ਚੋਪੜਾ, ਸੂਬਾਈ ਆਗੂ ਮੇਜਰ ਸਿੰਘ ਪੁੰਨਾਵਾਲ, ਕਾਮਰੇਡ ਸੁਖਦੇਵ ਸਿੰਘ ਬੜੀ, ਜ਼ਿਲ੍ਹਾ ਸਕੱਤਰ ਭੂਪ ਚੰਦ ਚੰਨੋ, ਪ੍ਰਿੰਸੀਪਲ ਜੋਗਿੰਦਰ ਸਿੰਘ ਔਲਖ, ਬੰਤ ਸਿੰਘ ਨਮੋਲ, ਫੱਲੜ ਸਿੰਘ ਲੱਡਾ, ਸੁਖਵੰਤ ਸਿੰਘ ਗੁੱਡੂ, ਕੌਂਸਲਰ ਰਣ ਸਿੰਘ, ਅਮਰੀਕ ਸਿੰਘ ਕਾਂਝਲਾ ਆਦਿ ਨੇ ਵੀ ਸੰਬੋਧਨ ਕੀਤਾ।

653 Views

e-Paper