ਜਲਵਾਯੂ ਤਬਦੀਲੀ ਚਿੰਤਾ ਦਾ ਵਿਸ਼ਾ; ਮੋਦੀ ਨੇ 'ਮਨ ਕੀ ਬਾਤ' 'ਚ ਕਿਹਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਵਾਯੂ ਤਬਦੀਲੀ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਇਹ ਹਰ ਕਿਸੇ ਦੀ ਜ਼ਿੰਮੇਵਾਰੀ ਹੈ ਕਿ ਹੁਣ ਪ੍ਰਿਥਵੀ ਦਾ ਤਾਪਮਾਨ ਹੋਰ ਨਹੀਂ ਵਧਣਾ ਚਾਹੀਦਾ। ਐਤਵਾਰ ਨੂੰ 'ਮਨ ਕੀ ਬਾਤ' ਪ੍ਰੋਗਰਾਮ 'ਚ ਬੋਲਦਿਆਂ ਮੋਦੀ ਨੇ ਤਾਮਿਲਨਾਡੂ 'ਚ ਆਏ ਹੜ੍ਹ ਦੀ ਵਜ੍ਹਾ ਵੀ ਜਲਵਾਯੂ ਤਬਦੀਲੀ ਨੂੰ ਹੀ ਦੱਸਿਆ।
ਜੈਵਿਕ ਖੇਤੀ ਦੇ ਮਹੱਤਵ 'ਤੇ ਗੱਲ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਫਸਲ ਦੀ ਰਹਿੰਦ-ਖੂੰਹਦ ਵੀ ਬਹੁਤ ਕੀਮਤੀ ਅਤੇ ਆਪਣੇ ਆਪ 'ਚ ਜੈਵਿਕ ਖਾਦ ਹੁੰਦੀ ਹੈ, ਕਿਉਂਕਿ ਇਸ ਨਾਲ ਜ਼ਮੀਨ ਦੀ ਉਪਰਲੀ ਪਰਤ ਸੜ ਜਾਂਦੀ ਹੈ ਅਤੇ ਚੌਗਿਰਦੇ ਨੂੰ ਨੁਕਸਾਨ ਪਹੁੰਚਦਾ ਹੈ। ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਐਸੇ ਸਮੇਂ 'ਚ ਅਹਿਮ ਮੰਨਿਆ ਜਾ ਰਿਹਾ ਹੈ, ਜਦੋਂ ਕਈ ਰਿਪੋਰਟਾਂ 'ਚ ਪੰਜਾਬ 'ਚ ਖੇਤਾਂ 'ਚ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਦਿੱਲੀ ਅਤੇ ਹਰਿਆਣਾ 'ਚ ਪ੍ਰਦੂਸ਼ਣ ਪੱਧਰ ਵਧਣ ਨਾਲ ਜੋੜਿਆ ਗਿਆ ਹੈ। 'ਮਨ ਕੀ ਬਾਤ' ਪ੍ਰੋਗਰਾਮ 'ਚ ਜਲੰਧਰ ਦੇ ਲਖਵਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਇਸ ਮੁੱਦੇ ਨੂੰ ਉਠਾਇਆ ਸੀ। ਉਨ੍ਹਾ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਜੋ ਲੋਕ ਪਰਾਲੀ ਨੂੰ ਅੱਗ ਹਵਾਲੇ ਕਰਦੇ ਹਨ, ਉਨ੍ਹਾਂ ਨੂੰ ਸਮਝਾਇਆ ਅਤੇ ਜਾਗਰੂਕ ਕੀਤਾ ਜਾਵੇ ਕਿ ਇਹ ਗਲਤ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਜਵਾਬ 'ਚ ਕਿਹਾ ਕਿ ਇੱਕ ਤਾਂ ਆਨੰਦ ਇਸ ਗੱਲ ਦਾ ਹੋਇਆ ਕਿ ਤੁਸੀਂ ਜੈਵਿਕ ਖੇਤੀ ਕਰਨ ਵਾਲੇ ਕਿਸਾਨ ਹੋ ਅਤੇ ਖੁਦ ਜੈਵਿਕ ਖੇਤੀ ਕਰਦੇ ਹੋ, ਇੰਨਾ ਹੀ ਨਹੀਂ, ਤੁਸੀਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੋ। ਤੁਹਾਡੀ ਚਿੰਤਾ ਸਹੀ ਹੈ, ਪ੍ਰੰਤੂ ਇਹ ਸਿਰਫ ਪੰਜਾਬ, ਹਰਿਆਣਾ 'ਚ ਹੀ ਹੁੰਦਾ ਹੈ, ਇੰਝ ਨਹੀਂ ਹੈ, ਇਹ ਪੂਰੇ ਦੇਸ਼ 'ਚ ਹੋ ਰਿਹਾ ਹੈ ਅਤੇ ਵਿਰਾਸਤੀ ਰੂਪ 'ਚ ਅਸੀਂ ਇਸ ਪ੍ਰਕਾਰ ਨਾਲ ਆਪਣੀਆਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦਾ ਰਾਹ ਅਪਣਾ ਰਹੇ ਹਾਂ। ਪਹਿਲਾਂ ਇਸ ਦੇ ਨੁਕਸਾਨ ਦਾ ਅੰਦਾਜ਼ਾ ਨਹੀਂ ਸੀ, ਸਭ ਕਰਦੇ ਹਨ, ਇਸ ਲਈ ਅਸੀਂ ਕਰਦੇ ਹਾਂ, ਵਾਲੀ ਆਦਤ ਬਣ ਗਈ ਸੀ।
ਪ੍ਰਧਾਨ ਮੰਤਰੀ ਨੇ ਇਸ ਸਮੱਸਿਆ ਦੇ ਉਪਾਅ 'ਤੇ ਚਰਚਾ ਕਰਦਿਆਂ ਕਿਹਾ ਕਿ ਜੇਕਰ ਰਹਿੰਦ-ਖੂੰਹਦ ਦੇ ਛੋਟੇ-ਛੋਟੇ ਟੁਕੜੇ ਕਰ ਦਿੱਤੇ ਜਾਣ ਤਾਂ ਇਹ ਪਸ਼ੂਆਂ ਲਈ ਤਾਂ ਸੁੱਕਾ ਚਾਰਾ ਬਣ ਜਾਂਦੀ ਹੈ, ਦੂਜਾ ਇਹ ਕਿ ਇਸ ਰਹਿੰਦ-ਖੂੰਹਦ ਨੂੰ ਸਾੜਨ ਨਾਲ ਜ਼ਮੀਨ ਦੀ ਉਪਰਲੀ ਪਰਤ ਸੜ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮੁੱਢ ਨੂੰ ਫਿਰ ਤੋਂ ਜ਼ਮੀਨ 'ਚ ਦਬਾਅ ਦਿੱਤਾ ਜਾਵੇ ਤਾਂ ਵੀ ਇਹ ਖਾਦ ਬਣ ਜਾਂਦਾ ਹੈ ਜਾਂ ਫਿਰ ਕਿਸੇ ਟੋਏ 'ਚ ਢੇਰ ਲਾ ਕੇ ਗੰਡੋਏ ਪਾ ਕੇ ਥੋੜ੍ਹਾ ਪਾਣੀ ਪਾ ਦਿਓ ਤਾਂ ਉੱਤਮ ਪ੍ਰਕਾਰ ਦੀ ਜੈਵਿਕ ਖਾਦ ਤਿਆਰ ਹੋ ਜਾਂਦੀ ਹੈ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਕੇਲੇ ਦੀ ਖੇਤੀ ਤੋਂ ਬਾਅਦ ਉਸ ਦੇ ਮੁੱਢ ਜ਼ਮੀਨ 'ਚ ਗੱਡ ਦਿੱਤੇ ਜਾਣ ਤਾਂ ਉਸ ਤੋਂ ਨਿਕਲਣ ਵਾਲਾ ਪਾਣੀ ਫਸਲ ਨੂੰ ਜਿਊਂਦਾ ਰੱਖਣ 'ਚ ਮਦਦਗਾਰ ਹੋ ਸਕਦਾ ਹੈ।