ਕਿਸਾਨ ਨਾ ਬਚਿਆ ਤਾਂ ਦੇਸ਼ ਵੀ ਨਹੀਂ ਬਚੇਗਾ : ਹਨਨ ਮੁੱਲਾ

ਧੂਰੀ (ਰਾਜੇਸ਼ਵਰ ਪਿੰਟੂ)
'ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਖੇਤੀ ਉਸ ਦਾ ਸਦੀਆਂ ਤੋਂ ਮੁੱਖ ਧੰਦਾ ਰਿਹਾ ਹੈ ਅਤੇ ਜ਼ਮੀਨ ਕਿਸਾਨ ਦੀ ਮਾਂ ਦੀ ਤਰ੍ਹਾਂ ਹੁੰਦੀ ਹੈ। ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਜਿੱਥੇ ਖੇਤੀ ਘਾਟੇ ਦਾ ਧੰਦਾ ਬਣਦੀ ਜਾ ਰਹੀ ਹੈ, ਉਥੇ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ ਦੇ ਗਲੇ ਦਾ ਫੰਦਾ ਬਣ ਗਈ ਹੈ। ਦੇਸ਼ ਅੰਦਰ 3.19 ਲੱਖ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਨਰਿੰਦਰ ਮੋਦੀ ਦੀ ਸਰਕਾਰ ਨੇ ਕਿਸਾਨ ਦੀ ਜ਼ਮੀਨ ਵੀ ਖੋਹ ਲੈਣ ਲਈ ਆਰਡੀਨੈਂਸ ਜਾਰੀ ਕੀਤੇ, ਜੇਕਰ ਦੇਸ਼ ਦਾ ਕਿਸਾਨ ਨਹੀਂ ਬਚਿਆ ਤਾਂ ਦੇਸ਼ ਵੀ ਨਹੀਂ ਬਚੇਗਾ।'
ਇਹ ਵਿਚਾਰ ਕੁੱਲ ਹਿੰਦ ਕਿਸਾਨ ਸਭਾ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਹਨਨ ਮੁੱਲਾ ਨੇ ਸੀ ਪੀ ਆਈ ਐੱਮ ਦੇ ਜ਼ਿਲ੍ਹਾ ਕਮੇਟੀ ਮੈਂਬਰ ਅਨਵਰ ਭਸੌੜ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ। ਉਨ੍ਹਾ ਕਿਹਾ ਕਿ ਪਿਛਲੇ ਸਮੇਂ 'ਚ ਕਰੀਬ 3 ਲੱਖ ਕਿਸਾਨਾਂ ਨੇ ਕਰਜ਼ੇ ਦੇ ਭਾਰ ਹੇਠ ਆ ਕੇ ਖੁਦਕੁਸ਼ੀਆਂ ਕੀਤੀਆਂ, ਪਰ ਜੇਕਰ ਇਹੀ ਕਿਸਾਨ ਖੁਦਕੁਸ਼ੀਆਂ ਦਾ ਰਾਹ ਤਿਆਗ ਕੇ ਸੰਘਰਸ਼ਾਂ ਦੇ ਅਖਾੜਿਆਂ 'ਚ ਕੁਦਦੇ ਤਾਂ ਸਰਕਾਰ ਦੇ ਨੱਕ 'ਚ ਦਮ ਕਰਕੇ ਕਿਸਾਨਾਂ ਲਈ ਬਹੁਤ ਕੁਝ ਖੱਟਿਆ ਜਾ ਸਕਦਾ ਸੀ। ਉਨ੍ਹਾ ਕਿਹਾ ਕਿ ਪਹਿਲਾਂ ਕਾਂਗਰਸ ਦੀ ਸਰਕਾਰ ਕਿਸਾਨ ਵਿਰੋਧੀ ਫੈਸਲੇ ਲੈ ਰਹੀ ਸੀ ਤੇ ਖੱਬੇ ਪੱਖੀਆਂ ਦੇ ਦਬਾਅ ਹੇਠ ਉਨ੍ਹਾਂ ਤੋਂ ਇੱਕ ਸਵਾਮੀਨਾਥਨ ਕਮਿਸ਼ਨ ਕਾਇਮ ਕਰਵਾਇਆ ਸੀ, ਉਸ ਦੀਆਂ ਸਿਫ਼ਾਰਸ਼ਾਂ 'ਚ ਲਾਗਤ ਕੀਮਤ 'ਤੇ 50 ਪ੍ਰਤੀਸ਼ਤ ਮੁਨਾਫਾ ਕਿਸਾਨ ਨੂੰ ਦੇਣਾ ਸੀ, ਪਰ ਸ੍ਰੀ ਮੋਦੀ ਦੀ ਸਰਕਾਰ ਨੇ ਅਦਾਲਤ ਵਿੱਚ ਵੀ ਹਲਫ਼ਨਾਮਾ ਦੇ ਦਿੱਤਾ ਸੀ ਕਿ ਅਸੀਂ ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਨਹੀਂ ਕਰ ਸਕਦੇ। ਉਨ੍ਹਾ ਕਿਹਾ ਕਿ ਸ੍ਰੀ ਮੋਦੀ ਨੇ ਚੋਣਾਂ ਦੇ ਸਮੇਂ ਵੇਲੇ 439 ਰੈਲੀਆਂ ਕੀਤੀਆਂ ਤੇ ਦੇਸ਼ ਦੇ ਕਿਸਾਨਾਂ ਨਾਲ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦਾ ਵਾਅਦਾ ਕੀਤਾ, ਪਰ ਹੁਣ ਮੁੱਕਰ ਗਏ। ਕਾਮਰੇਡ ਹਨਨ ਮੁੱਲਾ ਨੇ ਕਿਹਾ ਕਿ ਖੇਤੀ ਲਾਗਤਾਂ 'ਚ ਹੋਏ ਵਾਧੇ ਤੇ ਸਰਕਾਰਾਂ ਵੱਲੋਂ ਕਿਸਾਨਾਂ ਦੀਆਂ ਸਬਸਿਡੀਆਂ 'ਚ ਕਟੌਤੀ ਕਰਨ ਤੇ ਵਿਸ਼ਵ ਵਪਾਰ ਸੰਸਥਾ ਨਾਲ ਸਮਝੌਤੇ ਕਾਰਨ ਵਿਦੇਸ਼ੀ ਕਿਸਾਨਾਂ ਨਾਲ ਮੁਕਾਬਲੇ ਪਛੜਣ ਕਾਰਨ ਖੇਤੀ ਘਾਟੇ ਦਾ ਸੌਦਾ ਬਣਕੇ ਰਹਿ ਗਈ ਹੈ। ਕਿਸਾਨਾਂ ਜਿਹੜੀ ਜ਼ਮੀਨ 'ਤੇ ਖੇਤੀ ਨੂੰ ਛੱਡਣਾ ਨਹੀਂ ਚਾਹੁੰਦੇ, ਉਹ 42 ਪ੍ਰਤੀਸ਼ਤ ਕਿਸੇ ਨੌਕਰੀ ਦੀ ਭਾਲ 'ਚ ਹੈ, ਕਿਉਂਕਿ ਉਹ ਖੇਤੀ ਨਹੀਂ ਕਰਨਾ ਚਾਹੁੰਦਾ। ਉਨ੍ਹਾ ਕਿਹਾ ਕਿ 20 ਕਰੋੜ ਖੇਤੀ ਮਜਦੂਰਾਂ ਦੀ ਹਾਲਤ ਉਸ ਤੋਂ ਪਤਲੀ ਹੋ ਗਈ ਹੈ। ਉਨ੍ਹਾ ਨੂੰ ਸਾਲ ਵਿੱਚ 40 ਦਿਨਾਂ ਦਾ ਹੀ ਕੰਮ ਖੇਤਾਂ 'ਚ ਮਿਲਦਾ ਹੈ। ਉਨ੍ਹਾ ਕਿਹਾ ਕਿ ਕਿਸਾਨਾਂ ਦਾ ਪਿਆਰ ਤੋੜਣ ਲਈ ਮੋਦੀ ਸਰਕਾਰ ਅਜਿਹੇ ਕਾਲੇ ਕਾਨੂੰਨ ਬਣਾ ਰਹੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ 24 ਫ਼ਰਵਰੀ ਨੂੰ ਦਿੱਲੀ ਪਾਰਲੀਮੈਂਟ ਦੇ ਸਾਹਮਣੇ ਵੀ ਉਸ ਤੋਂ ਪਹਿਲਾਂ ਇੱਕ ਵਿਸ਼ਾਲ ਰੈਲੀ ਕੀਤੀ ਜਾਵੇਗੀ। ਤ੍ਰਿਪੁਰਾ ਤੋਂ ਮੈਂਬਰ ਪਾਰਲੀਮੈਂਟ ਜਤਿੰਦਰ ਚੌਧਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਬਸਿਡੀਆਂ 'ਚ 46 ਹਜ਼ਾਰ ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਉਨ੍ਹਾ ਕਿਹਾ ਕਿ ਹਰ 30 ਮਿੰਟ ਬਾਅਦ ਦੇਸ਼ ਦਾ ਕਿਸਾਨ ਖੁਦਕਸ਼ੀ ਕਰਨ ਲਈ ਮਜਬੂਰ ਹੈ। ਉਨ੍ਹਾ ਕਿਹਾ ਕਿ ਕੱਲ੍ਹ ਸੰਸਦ ਦੇ ਚੱਲਦੇ ਸ਼ੈਸਨ ਦੌਰਾਨ ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 70 ਮਿੰਟ ਬੋਲੇ, ਪਰ ਉਨ੍ਹਾ ਦੀ ਜ਼ੁਬਾਨ 'ਚੋਂ ਇੱਕ ਵੀ ਸ਼ਬਦ ਕਿਸਾਨ ਪੱਖੀ ਨਹੀਂ ਨਿਕਲਿਆ ਅਤੇ ਨਾ ਹੀ ਚੋਣ ਵਾਅਦੇ ਅਨੁਸਾਰ ਉਨ੍ਹਾ ਡਾ. ਸੁਆਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਬਾਰੇ ਕੋਈ ਗੱਲ ਕੀਤੀ। ਉਨ੍ਹਾ ਅੱਛੇ ਦਿਨ ਲਿਆਉਣ ਦਾ ਲੋਕ ਲੁਭਾਊ ਨਾਅਰਾ ਲਾ ਕੇ ਸੱਤਾ 'ਚ ਆਈ ਕੇਂਦਰੀ ਭਾਜਪਾ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਮੋਦੀ ਸਰਕਾਰ ਅੱਛੇ ਦਿਨ ਲਿਆਉਣ 'ਚ ਅਸਫਲ ਹੀ ਨਹੀਂ, ਸਗੋਂ ਲੋਕ ਭਲਾਈ ਦੇ ਵੱਖ-ਵੱਖ ਵਿਭਾਗੀ ਬਜਟਾਂ 'ਚ ਕਰੋੜਾਂ ਰੁਪਏ ਦੀ ਕਟੌਤੀ ਕਰਕੇ ਲੋਕ-ਵਿਰੋਧੀ ਹੋਣ ਦਾ ਸਬੂਤ ਦਿੰਦਿਆਂ ਪਿਛਲੀ ਯੂ ਪੀ ਏ ਸਰਕਾਰ ਦੇ ਰਾਹ ਚੱਲ ਕੇ ਕਾਰਪੋਰੇਟ ਪੱਖੀ ਨੀਤੀਆਂ ਬਣਾਉਂਦਿਆਂ ਕਾਰਪੋਰੇਟ ਘਰਾਣਿਆਂ ਦਾ ਕਰੀਬ 6 ਲੱਖ 88 ਹਜ਼ਾਰ ਕਰੋੜ ਰੁਪਏ ਦਾ ਸਿੱਧਾ ਤੇ ਅਸਿੱਧਾ ਟੈਕਸ ਮੁਆਫ ਕੀਤਾ ਗਿਆ, ਜਦੋਂਕਿ ਦੇਸ਼ ਦੇ ਨਿਰਮਾਣ 'ਚ ਹਿੱਸਾ ਪਾਉਣ ਵਾਲੀ ਮਜ਼ਦੂਰ ਜਮਾਤ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾ ਪੰਜਾਬ ਦੇ ਕਿਸਾਨ ਦੀ ਹਾਲਤ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਭਰ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਕਿਸਾਨ ਆਪਣਾ ਪੇਟ ਭਰਨ ਤੋਂ ਅਸਮਰਥ ਦਿਖਾਈ ਦੇ ਰਿਹਾ ਹੈ। ਇਸ ਮੌਕੇ ਪੰਜਾਬ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਗੁਰਚੇਤਨ ਸਿੰਘ ਬਾਸੀ, ਜਨਰਲ ਸਕੱਤਰ ਸੁਖਵਿੰਦਰ ਸਿੰਘ ਸੇਖੋਂ, ਜ਼ਿਲ੍ਹਾ ਸਕੱਤਰ ਭੂਪ ਚੰਦ ਚੰਨੋ, ਜਰਨੈਲ ਸਿੰਘ ਜਲਾਨ, ਮੇਜਰ ਸਿੰਘ ਪੁੰਨਾਵਾਲ, ਗੁਰਨੇਕ ਸਿੰਘ ਭੱਜਲ ਤੇ ਬਲਦੇਵ ਸਿੰਘ ਲਤਾਲਾ ਆਦਿ ਵੀ ਹਾਜਰ ਸਨ।