Latest News
ਬੇਅਦਬੀ ਦੀਆਂ ਘਟਨਾਵਾਂ ਪਿੱਛੇ ਸਿੱਧੇ ਰੂਪ 'ਚ ਕਾਂਗਰਸ ਦਾ ਹੱਥ : ਸੁਖਬੀਰ

Published on 01 Dec, 2015 11:53 AM.

ਗੁਰਦਾਸਪੁਰ (ਜਨਕ ਮਹਾਜਨ, ਸੁੱਚਾ ਪਸਨਾਵਾਲ)
ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਥੇ ਸਦਭਾਵਨਾ ਰੈਲੀ ਵਿਚ ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦਾ ਟੀਚਾ ਸੂਬੇ ਵਿਚ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਹੈ ਅਤੇ ਕਾਂਗਰਸ ਸਮੇਤ ਜੋ ਵੀ ਤਾਕਤਾਂ ਜਾਂ ਸਿਆਸੀ ਆਗੂ ਇਸ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਨੂੰ ਬਖਸ਼ਿਆਂ ਨਹੀਂ ਜਾਵੇਗਾ। ਅਜਿਹੇ ਦੋਸ਼ੀਆਂ ਨਾਲ ਸਰਕਾਰ ਸਖਤੀ ਨਾਲ ਨਜਿੱਠੇਗੀ।
ਸ੍ਰੀ ਬਾਦਲ ਨੇ ਕਾਂਗਰਸ ਪਾਰਟੀ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ ਨੂੰ ਜਾਣਬੁੱਝ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਖਜ਼ਾਨੇ ਬਾਰੇ ਕਾਂਗਰਸ ਪਾਰਟੀ ਵੱਲੋਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦਕਿ ਪਿਛਲੇ 9 ਸਾਲਾਂ ਵਿਚ ਪੰਜਾਬ 'ਚ ਹਰ ਖੇਤਰ ਵਿਚ ਤਰੱਕੀ ਹੋਈ ਹੈ, ਜਦਕਿ ਕੈਪਟਨ ਅਮਰਿੰਦਰ ਸਿੰਘ ਦੇ ਪੰਜ ਸਾਲ ਦੇ ਰਾਜ ਦੌਰਾਨ ਇਕ ਵੀ ਵਿਕਾਸਮਈ ਕੰਮ ਨਹੀਂ ਹੋਇਆ। ਕੈਪਟਨ ਅਮਰਿੰਦਰ ਸਿੰਘ ਝੂਠ ਤੋਂ ਇਲਾਵਾ ਹੋਰ ਕੁਝ ਨਹੀਂ ਬੋਲਦਾ ਅਤੇ ਉਸ ਨੇ ਇਕ ਅਜਿਹੀ ਪਾਰਟੀ ਦੇ ਪ੍ਰਧਾਨ ਦਾ ਅਹੁਦਾ ਸਵੀਕਾਰ ਕਰਕੇ ਸਿੱਖਾਂ ਨਾਲ ਵਿਸ਼ਵਾਸਘਾਤ ਕੀਤਾ ਹੈ, ਜੋ ਸ਼ੁਰੂ ਤੋਂ ਹੀ ਸਿੱਖ ਵਿਰੋਧੀ ਪਾਰਟੀ ਰਹੀ ਹੈ।
ਉਨ੍ਹਾ ਐਲਾਨ ਕੀਤਾ ਕਿ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਬਠਿੰਡਾ ਵਿਖੇ ਰੈਲੀ ਕਰਨਗੇ, ਉਸੇ ਦਿਨ ਪਟਿਆਲਾ ਵਿਖੇ ਉਸ ਦੇ ਮਹਿਲਾਂ ਅੱਗੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਵੱਲੋਂ ਲੱਖਾਂ ਦਾ ਇਕੱਠ ਕੀਤਾ ਜਾਵੇਗਾ।
ਉਨ੍ਹਾ ਕਿਹਾ ਕਿ ਸਿਰਫ ਇਕ ਮਹੀਨੇ ਵਿਚ ਹੀ ਪੰਜਾਬ ਵਿਚ ਜੋ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਈਆਂ, ਉਨ੍ਹਾਂ ਵਿਚ ਸਿੱਧੇ ਰੂਪ ਵਿਚ ਕਾਂਗਰਸ ਅਤੇ ਉਨ੍ਹਾਂ ਗਰਮਖਿਆਲੀ ਵਿਚਾਰਧਾਰਾ ਵਾਲੇ ਲੋਕਾਂ ਦਾ ਹੱਥ ਹੈ, ਜੋ ਦੇਸ਼ ਵਿਰੋਧੀ ਗਤੀਵਿਧੀਆਂ ਕਰਕੇ ਪੰਜਾਬ ਦਾ ਮਾਹੌਲ ਵਿਗਾੜਨ ਦੀ ਤਾਕ ਵਿਚ ਸਨ। ਇਸ ਸਾਰੀ ਸਾਜ਼ਿਸ਼ ਪਿੱਛੇ ਕਾਂਗਰਸ ਪਾਰਟੀ ਦਾ ਹੱਥ ਹੈ, ਕਿਉਂਕਿ ਜਿਸ ਤਰੀਕੇ ਅਖੌਤੀ ਸਰਬੱਤ ਖਾਲਸਾ ਦੇ ਮੰਚ 'ਤੇ ਅਤੇ ਮਤੇ ਬਣਾਉਣ ਵਿਚ ਕਾਂਗਰਸੀ ਆਗੂਆਂ ਨੇ ਭੂਮਿਕਾਵਾਂ ਅਦਾ ਕੀਤੀਆਂ, ਉਹ ਕਿਸੇ ਤੋਂ ਹੁਣ ਲੁਕੀਆਂ ਹੋਈਆਂ ਨਹੀਂ ਰਹੀਆਂ।
ਉਨ੍ਹਾ ਕਾਂਗਰਸ 'ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਹਮੇਸ਼ਾਂ ਤੋਂ ਹੀ ਸਿੱਖ ਵਿਰੋਧੀ ਰਹੀ ਹੈ ਅਤੇ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਤੋਂ ਬਾਅਦ ਹੁਣ ਰਾਹੁਲ ਗਾਂਧੀ ਪੰਜਾਬ ਵਿਚ ਅੱਗ ਲਾਉਣ ਨੂੰ ਫਿਰਦਾ ਹੈ। ਕਾਂਗਰਸੀ ਇਕ ਗੱਲ ਕੰਨ ਖੋਲ੍ਹ ਕੇ ਸੁਣ ਲੈਣ ਕਿ ਜਦੋਂ ਤੱਕ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਹੈ, ਉਦੋਂ ਤੱਕ ਪੰਜਾਬ 'ਚ ਅਮਨ-ਸ਼ਾਂਤੀ 'ਤੇ ਕੋਈ ਆਂਚ ਨਹੀਂ ਆਉਣ ਦਿੱਤੀ ਜਾਵੇਗੀ। ਪੰਜਾਬ ਨੇ ਬਹੁਤ ਬੁਰਾ ਦੌਰ ਦੇਖਿਆ ਹੈ ਅਤੇ ਬੀਤ ਚੁੱਕੇ ਕਾਲੇ ਦੌਰ ਨੂੰ ਪੰਜਾਬ ਵਿਚ ਮੁੜ ਪਰਤਣ ਨਹੀਂ ਦਿੱਤਾ ਜਾਵੇਗਾ।
ਉਹਨਾ ਕਿਹਾ ਕਾਂਗਰਸ ਪਾਰਟੀ ਕੋਲ ਇਸ ਸਮੇਂ ਕੋਈ ਮੁੱਦਾ ਨਹੀਂ, ਇਸ ਲਈ ਉਨ੍ਹਾਂ ਪਿਛਲੇ ਕੁਝ ਦਿਨਾਂ ਵਿਚ ਪੰਜਾਬ ਦਾ ਮਾਹੌਲ ਖਰਾਬ ਕਰਕੇ ਸੱਤਾ ਪ੍ਰਾਪਤੀ ਲਈ ਸਿਆਸੀ ਮੌਕਾਪ੍ਰਸਤੀ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ। ਉਨ੍ਹਾ ਚੇਤਾਵਨੀ ਦਿੱਤੀ ਕਿ ਪੰਜਾਬ ਦਾ ਮਾਹੌਲ ਕਿਸੇ ਵੀ ਕੀਮਤ 'ਤੇ ਵਿਗੜਨ ਨਹੀਂ ਦਿੱਤਾ ਜਾਵੇਗਾ ਅਤੇ ਸੂਬੇ ਦੀ ਅਮਨ-ਸ਼ਾਂਤੀ ਤੇ ਖੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਜਿਸ ਤਰੀਕੇ ਸਿੱਖ ਸੰਸਥਾਵਾਂ 'ਤੇ ਸਾਜ਼ਿਸ਼ੀ ਹਮਲਾ ਕੀਤਾ ਗਿਆ, ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ 'ਤੇ ਹਮਲਾ ਕੀਤਾ ਗਿਆ, ਸਿੱਖਾਂ ਦੀ ਮਿੰਨੀ ਪਾਰਲੀਮੈਂਟ ਐੱਸ ਜੀ ਪੀ ਸੀ ਦੀ ਹੋਂਦ ਨੂੰ ਖਤਰੇ ਵਿਚ ਲਿਆਂਦਾ ਗਿਆ ਅਤੇ ਅਖੌਤੀ ਸਰਬੱਤ ਖਾਲਸਾ ਰਾਹੀਂ ਸਥਾਪਤ ਮਰਿਆਦਾਵਾਂ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਇਸ ਸਭ ਨੇ ਵਿਸ਼ਵ ਭਰ ਵਿਚ ਵਸਦੇ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਦੁੱਖ ਪਹੁੰਚਾਇਆ ਹੈ। ਬਹੁਤ ਜਲਦ ਦੋਸ਼ੀਆਂ ਅਤੇ ਸਾਜ਼ਿਸ਼ੀ ਤਾਕਤਾਂ ਦੇ ਚਿਹਰੇ ਬੇਨਕਾਬ ਹੋ ਜਾਣਗੇ।
ਇਸ ਮੌਕੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਵੰਡਪਾਊ ਰਾਜਨੀਤੀ ਕਰ ਰਹੀ ਹੈ ਅਤੇ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਅਜਿਹੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਾਂਗਰਸ 'ਤੇ ਵਰ੍ਹਦਿਆਂ ਕਿਹਾ ਕਿ ਖਾਲਿਸਤਾਨ ਦਾ ਸਮੱਰਥਨ ਕਰਕੇ ਕਾਂਗਰਸੀਆਂ ਨੇ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ ਹੈ ਕਿ ਉਹ ਕੌਮੀ ਪਾਰਟੀ ਹੋਣ ਦੇ ਬਾਵਜੂਦ ਦੇਸ਼ ਵਿਰੋਧੀ ਪਾਰਟੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਦੇ ਰਾਜ ਦੌਰਾਨ ਜੋ ਵਿਕਾਸ ਕੀਤਾ ਗਿਆ, ਉਹ ਕਾਂਗਰਸ ਦੀਆਂ ਸਰਕਾਰਾਂ ਨੇ ਨਾ ਤਾਂ ਕਦੇ ਕੀਤਾ ਹੈ ਅਤੇ ਨਾ ਹੀ ਕਰ ਸਕਣਗੀਆਂ। ਪੰਜਾਬ ਸਰਕਾਰ ਦਾ ਮਕਸਦ ਆਪਸੀ ਭਾਈਚਾਰਾ ਤੇ ਅਮਨ-ਸ਼ਾਂਤੀ ਬਰਕਰਾਰ ਰੱਖਣਾ ਹੈ, ਜਦਕਿ ਕਾਂਗਰਸੀ ਤੇ 'ਟੋਪੀ ਵਾਲੀ ਪਾਰਟੀ' ਮਾਨ ਦਲ ਨਾਲ ਰਲ ਕੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਿਚ ਲੱਗੇ ਹੋਏ ਹਨ, ਜਿਸ ਦਾ ਕਿ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ।

665 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper