ਸਰਜਰੀ ਤੋਂ ਬਾਅਦ 15 ਵਿਅਕਤੀਆਂ ਨੇ ਅੱਖਾਂ ਦੀ ਰੌਸ਼ਨੀ ਗੁਆਈ

ਅੰਬਾਲਾ (ਨਵਾਂ ਜ਼ਮਾਨਾ ਸਰਵਿਸ)
ਹਰਿਆਣਾ ਦੇ ਅੰਬਾਲਾ 'ਚ ਇੱਕ ਸਿਹਤ ਕੈਂਪ 'ਚ ਸਰਜਰੀ ਤੋਂ ਬਾਅਦ 15 ਵਿਅਕਤੀ ਅੱਖਾਂ ਦੀ ਰੌਸ਼ਨੀ ਗੁਆ ਬੈਠੇ। ਇਹ ਸਿਹਤ ਕੈਂਪ ਇੱਕ ਚੈਰੀਟੇਬਲ ਟਰੱਸਟ ਵੱਲੋਂ 24 ਨਵੰਬਰ ਨੂੰ ਲਾਇਆ ਗਿਆ ਸੀ, ਜਿਸ ਇਲਾਕੇ 'ਚ ਸਿਹਤ ਕੈਂਪ ਲਾਇਆ ਗਿਆ, ਉਹ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦੇ ਵਿਧਾਨ ਸਭਾ ਹਲਕੇ 'ਚ ਆਉਂਦਾ ਹੈ।
ਜਾਣਕਾਰੀ ਅਨੁਸਾਰ ਇਸ ਮੈਡੀਕਲ ਕੈਂਪ 'ਚ ਮੋਤੀਆ ਬਿੰਦ ਦਾ ਆਪਰੇਸ਼ਨ ਕੀਤਾ ਜਾ ਰਿਹਾ ਹੈ। ਇਸ 'ਚ ਕਈ ਵਿਅਕਤੀਆਂ ਨੂੰ ਉਸ ਵੇਲੇ ਦਿਖਾਈ ਦੇਣਾ ਬੰਦ ਹੋ ਗਿਆ ਜਦੋਂ ਸਰਜਰੀ ਤੋਂ ਇੱਕ ਦਿਨ ਬਾਅਦ ਉਨ੍ਹਾਂ ਨੇ ਅੱਖਾਂ ਤੋਂ ਪੱਟੀ ਖੋਲ੍ਹੀ। ਇਸ ਤੋਂ ਬਾਅਦ ਕੈਂਪ ਲਾਉਣ ਵਾਲਿਆਂ ਨੇ ਕਾਹਲੀ 'ਚ ਰੋਗੀਆਂ ਨੂੰ ਪੀ ਜੀ ਆਈ ਚੰਡੀਗੜ੍ਹ ਭਿਜਵਾਇਆ, ਜਿੱਥੇ ਉਨ੍ਹਾ ਦਾ ਇਲਾਜ ਜਾਰੀ ਹੈ।
ਅਨਿਲ ਵਿਜ ਨੇ ਪੀ ਜੀ ਆਈ ਚੰਡੀਗੜ੍ਹ ਪਹੁੰਚ ਕੇ ਮਰੀਜ਼ਾਂ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਅਨਿਲ ਵਿਜ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਅੱਖਾਂ ਦੇ ਵਿਭਾਗ ਦੇ ਡਾਇਰੈਕਟਰ, ਸੀ ਐਮ ਓ ਅੰਬਾਲਾ ਅਤੇ ਐਸ ਡੀ ਐਮ 'ਤੇ ਅਧਾਰਤ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਜਾਂਚ ਦੌਰਾਨ ਜੇਕਰ ਕੋਈ ਲਾਪਰਵਾਹੀ ਪਾਈ ਗਈ ਤਾਂ ਦੋਸ਼ੀਆਂ ਖ਼ਿਲਾਫ਼ ਐਫ਼ ਆਈ ਆਰ ਵੀ ਦਰਜ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸੇ ਸਾਲ ਦੇ ਸ਼ੁਰੂ 'ਚ ਪਠਾਨਕੋਟ 'ਚ ਵੀ ਮੋਤੀਆਬਿੰਦ ਦੇ ਐਸੇ ਹੀ ਆਪਰੇਸ਼ਨਾਂ ਤੋਂ ਬਾਅਦ ਲੋਕਾਂ ਨੂੰ ਦਿਖਾਈ ਦੇਣਾ ਬੰਦ ਹੋ ਗਿਆ ਸੀ।