ਬਾਹਰ ਤਾਂ ਜੋਗੀ ਸਿੱਧ, ਘਰ ਵਿੱਚ...

ਅਸੀਂ ਲੋਕਾਂ ਨੇ ਇੱਕ ਪੰਜਾਬੀ ਮੁਹਾਵਰਾ ਸੁਣ ਰੱਖਿਆ ਹੈ ਕਿ 'ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ'’। ਇਹੋ ਗੱਲ ਉਲਟੇ ਰੁਖ਼ ਕਰ ਕੇ ਇਸ ਤਰ੍ਹਾਂ ਕਹੀ ਜਾ ਸਕਦੀ ਹੈ ਕਿ 'ਬਾਹਰ ਤਾਂ ਜੋਗੀ ਸਿੱਧ, ਘਰ ਵਿੱਚ ਜੋਗੜਾ'’। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਇਹ ਗੱਲ ਦੋਵੇਂ ਤਰ੍ਹਾਂ ਠੀਕ ਬੈਠਦੀ ਹੈ। ਬਾਹਰ ਉਸ ਦਾ ਸੰਸਾਰ ਵਿੱਚ ਡੰਕਾ ਵੱਜ ਰਿਹਾ ਕਿਹਾ ਜਾਂਦਾ ਹੈ ਤੇ ਘਰ ਵਿੱਚ ਖ਼ਿਆਲਾਂ ਦੀ ਖੀਰ ਖਿੱਲਰਦੀ ਜਾਂਦੀ ਹੈ।
ਪਿਛਲੇ ਮਹੀਨੇ ਤੱਕ ਅਸੀਂ ਪ੍ਰਧਾਨ ਮੰਤਰੀ ਮੋਦੀ ਦੇ ਆਪਣੇ ਮੂੰਹੋਂ ਜਲਸਿਆਂ ਵਿੱਚ ਇਹ ਸੁਣਦੇ ਹੁੰਦੇ ਸਾਂ ਕਿ ਸਾਡਾ ਹੁਣ ਸੰਸਾਰ ਵਿੱਚ ਡੰਕਾ ਵੱਜ ਰਿਹਾ ਹੈ। ਅੱਜ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਮੂੰਹੋਂ ਇਹੋ ਗੱਲ ਸੁਣ ਲਈ ਹੈ। ਉਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਬਹੁਤ ਉੱਚੀ ਵਿਚਾਰਧਾਰਕ ਉਡਾਰੀ ਲਾ ਸਕਣ ਵਾਲਾ ਆਗੂ ਹੈ। ਨਰਿੰਦਰ ਮੋਦੀ ਸਾਹਿਬ ਇਸ ਤੋਂ ਕਾਫ਼ੀ ਖੁਸ਼ ਹੋ ਸਕਦੇ ਹਨ। ਕਦੇ ਵਿਹਲਾ ਸਮਾਂ ਮਿਲੇ ਤਾਂ ਬੀਤੇ ਦਸ-ਬਾਰਾਂ ਸਾਲਾਂ ਦੇ ਅਖ਼ਬਾਰ ਕੱਢ ਕੇ ਪੜ੍ਹ ਲੈਣੇ ਚਾਹੀਦੇ ਹਨ ਅਤੇ ਉਨ੍ਹਾਂ ਵਿੱਚੋਂ ਇਹ ਵੇਖ ਲੈਣਾ ਚਾਹੀਦਾ ਹੈ ਕਿ ਅਮਰੀਕਾ ਦੇ ਓਦੋਂ ਦੇ ਰਾਸ਼ਟਰਪਤੀ ਸਾਡੇ ਓਦੋਂ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਵੀ ਸੋਹਲੇ ਗਾਉਂਦੇ ਹੁੰਦੇ ਸਨ। ਆਖਰ ਨੂੰ ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਨਹੀਂ ਸੀ ਰਿਹਾ ਤਾਂ ਉਨ੍ਹਾਂ ਵਿੱਚੋਂ ਕਦੇ ਕਿਸੇ ਨੇ ਉਸ ਦਾ ਜ਼ਿਕਰ ਵੀ ਨਹੀਂ ਕੀਤਾ। ਕੁਰਸੀ ਨੂੰ ਸਲਾਮਾਂ ਹੋਣ ਨੂੰ ਮੋਦੀ ਆਪਣੀ ਨਿੱਜੀ ਭੱਲ ਸਮਝ ਰਿਹਾ ਹੈ।
ਦੇਸ਼ ਤੋਂ ਬਾਹਰ ਜਿਹੜੇ ਪ੍ਰਧਾਨ ਮੰਤਰੀ ਮੋਦੀ ਦਾ ਡੰਕਾ ਵੱਜਣ ਦੇ ਚਰਚੇ ਹਨ ਅਤੇ ਅਮਰੀਕਾ ਦਾ ਮੁਖੀ ਵੀ ਉਸ ਦੇ ਸੋਹਲੇ ਗਾਉਂਦਾ ਹੈ, ਓਸੇ ਪ੍ਰਧਾਨ ਮੰਤਰੀ ਮੋਦੀ ਦਾ ਪਾਣੀ ਦੇਸ਼ ਵਿੱਚ ਹਰ ਨਵੇਂ ਸੂਰਜ ਲੱਥਦਾ ਨਜ਼ਰ ਆ ਰਿਹਾ ਹੈ। ਪਹਿਲਾਂ ਦਿੱਲੀ ਵਿੱਚ ਸੱਟ ਪਈ ਤੇ ਭਾਜਪਾ ਨੂੰ ਬਹਾਨੇ ਘੜਨੇ ਔਖੇ ਹੋ ਗਏ ਸਨ। ਫਿਰ ਜਦੋਂ ਉਸੇ ਤਰ੍ਹਾਂ ਦੀ ਇੱਕ ਸੱਟ ਬਿਹਾਰ ਵਿੱਚ ਪੈ ਗਈ ਤਾਂ ਭਾਜਪਾ ਵਾਲੇ ਠਠੰਬਰੇ ਪਏ ਸਨ। ਜਿਹੜੇ ਗੁਜਰਾਤ ਵਿੱਚ ਮੋਦੀ ਸਾਹਿਬ ਨੇ ਬਾਰਾਂ ਸਾਲ ਰਾਜ ਕੀਤਾ ਅਤੇ ਉਸ ਨੂੰ ਪੜੁੱਲ ਬਣਾ ਕੇ ਦਿੱਲੀ ਦੀ ਛਾਲ ਮਾਰੀ ਸੀ, ਕੱਲ੍ਹ ਉਸ ਰਾਜ ਦੇ ਵਿੱਚ ਵੀ ਨਰਿੰਦਰ ਮੋਦੀ ਦੇ ਡੰਕਿਆਂ ਦਾ ਖੋਖਲਾਪਣ ਸਾਰੇ ਭਾਰਤ ਦੇ ਲੋਕਾਂ ਨੂੰ ਦਿੱਸ ਪਿਆ ਹੈ।
ਬੀਤੇ ਹਫਤੇ ਗੁਜਰਾਤ ਵਿੱਚ ਸਥਾਨਕ ਸਰਕਾਰ ਮੰਨੇ ਜਾਂਦੇ ਨਗਰ ਨਿਗਮ, ਨਗਰ ਪਾਲਿਕਾ ਅਤੇ ਨਗਰ ਪੰਚਾਇਤ ਵਰਗੇ ਅਦਾਰਿਆਂ ਦੀਆਂ ਚੋਣਾਂ ਹੋਈਆਂ ਤੇ ਜ਼ਿਲ੍ਹਾ ਅਤੇ ਤਹਿਸੀਲ ਪੰਚਾਇਤਾਂ ਲਈ ਵੀ। ਕੱਲ੍ਹ ਉਨ੍ਹਾਂ ਦੇ ਨਤੀਜੇ ਆ ਗਏ ਹਨ। ਸਾਰੇ ਵੱਡੇ ਸ਼ਹਿਰਾਂ ਵਿੱਚ ਭਾਜਪਾ ਕਾਰਪੋਰੇਸ਼ਨ ਚੋਣਾਂ ਜਿੱਤਣ ਵਿੱਚ ਕਾਮਯਾਬ ਹੋ ਗਈ ਹੈ, ਪਰ ਛੋਟੇ ਸ਼ਹਿਰਾਂ ਵਿੱਚ ਸੱਟ ਖਾ ਬੈਠੀ ਹੈ। ਕੁੱਲ ਛਪੰਜਾ ਛੋਟੇ ਸ਼ਹਿਰਾਂ ਵਿੱਚੋਂ ਉਸ ਕੋਲ ਚੌਤੀ ਦੀ ਜਿੱਤ ਨਾਲ ਬਹੁਤੇ ਸ਼ਹਿਰਾਂ ਵਿੱਚ ਜਿੱਤਣ ਦਾ ਮਾਣ ਹਾਲੇ ਕਾਇਮ ਹੈ, ਪਰ ਇਸ ਵਿੱਚ ਘਾਟ ਇਹ ਆਈ ਹੈ ਕਿ ਪੰਜ ਸਾਲ ਪਹਿਲਾਂ ਛਪੰਜਾ ਵਿੱਚੋਂ ਪੰਜਾਹ ਥਾਂਈਂ ਭਾਜਪਾ ਜਿੱਤੀ ਸੀ, ਇਸ ਵਾਰੀ ਚੌਤੀ ਜਿੱਤ ਕੇ ਉਹ ਪਿਛਲੀਆਂ ਸੋਲਾਂ ਕਮੇਟੀਆਂ ਵਿੱਚ ਹਾਰ ਪੱਲੇ ਪਵਾ ਬੈਠੀ ਹੈ। ਕਾਂਗਰਸ ਪਾਰਟੀ ਕੋਲ ਪਿਛਲੀ ਵਾਰੀ ਸਿਰਫ਼ ਛੇ ਕਮੇਟੀਆਂ ਸਨ, ਐਤਕੀ ਨੌਂ ਜਿੱਤਣ ਨਾਲ ਉਸ ਦੇ ਵਿਹੜੇ ਵਿੱਚ ਖੁਸ਼ੀ ਦਾ ਮਾਹੌਲ ਕਾਫ਼ੀ ਦੇਰ ਦੇ ਬਾਅਦ ਬਣ ਸਕਿਆ ਹੈ।
ਪੇਂਡੂ ਖੇਤਰਾਂ ਵਿੱਚ ਭਾਜਪਾ ਦਾ ਬਹੁਤ ਹੀ ਬੁਰਾ ਹਾਲ ਹੋਇਆ ਹੈ। ਕੁੱਲ ਇਕੱਤੀ ਜ਼ਿਲ੍ਹਾ ਪੰਚਾਇਤਾਂ ਵਿੱਚੋਂ ਪਿਛਲੀ ਵਾਰੀ ਉਸ ਨੇ ਤੀਹ ਜਿੱਤੀਆਂ ਸਨ ਅਤੇ ਸਿਰਫ਼ ਇੱਕ ਵਿੱਚ ਹੀ ਹਾਰੀ ਸੀ। ਇਸ ਵਾਰੀ ਅਠਾਰਾਂ ਵਿੱਚ ਕਾਂਗਰਸ ਜਿੱਤ ਗਈ ਹੈ ਤੇ ਬਾਕੀ ਤੇਰਾਂ ਵੀ ਸਾਰੀਆਂ ਭਾਜਪਾ ਇਕੱਲੀ ਕੋਲ ਨਹੀਂ ਰਹੀਆਂ। ਪੰਜਾਬ ਵਿੱਚ ਬਲਾਕ ਸੰਮਤੀਆਂ ਵਾਂਗ ਗੁਜਰਾਤ ਵਿੱਚ ਤਹਿਸੀਲ ਪੰਚਾਇਤਾਂ ਹੁੰਦੀਆਂ ਹਨ ਅਤੇ ਤਹਿਸੀਲਾਂ ਵਿੱਚ ਅੱਧੇ ਤੋਂ ਵੱਧ ਥਾਂਈਂ ਭਾਜਪਾ ਪਛੜ ਗਈ ਹੈ। ਸਾਫ਼ ਹੈ ਕਿ ਗੁਜਰਾਤ ਦੇ ਪਿੰਡਾਂ ਵਿੱਚ ਲੋਕ ਹੁਣ ਭਾਜਪਾ ਤੋਂ ਦੂਰ ਜਾ ਰਹੇ ਹਨ। ਭਾਜਪਾ ਵਾਸਤੇ ਹੋਰ ਮਾੜੀ ਖ਼ਬਰ ਮਹਿਸਾਨਾ ਤੋਂ ਆਈ ਹੈ। ਓਥੇ ਵੀ ਭਾਜਪਾ ਹਾਰ ਗਈ ਹੈ। ਮਹਿਸਾਨਾ ਛੋਟਾ ਸ਼ਹਿਰ ਹੈ ਤੇ ਉਸ ਦੀ ਅਹਿਮੀਅਤ ਇਸ ਕਰ ਕੇ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਸ਼ਹਿਰ ਦਾ ਵਾਸੀ ਹੋਣ ਦੇ ਕਾਰਨ ਓਥੇ ਭਾਜਪਾ ਦਾ ਹਾਰਨਾ ਸਮੁੱਚੀ ਭਾਰਤੀ ਜਨਤਾ ਪਾਰਟੀ ਲਈ ਨਮੋਸ਼ੀ ਦਾ ਸਬੱਬ ਹੈ।
ਕਈ ਵਾਰੀ ਅਸੀਂ ਕੋਈ ਗੱਲ ਇਸ ਲਈ ਅਣਗੌਲੀ ਕਰ ਦੇਂਦੇ ਹਾਂ ਕਿ ਉਸ ਦਾ ਸੰਬੰਧ ਕਿਸੇ ਅਣਗੌਲੀ ਜਿਹੀ ਜਗ੍ਹਾ ਨਾਲ ਹੁੰਦਾ ਹੈ, ਪਰ ਅਹਿਮੀਅਤ ਉਸ ਖ਼ਬਰ ਦੀ ਵੀ ਹੁੰਦੀ ਹੈ। ਪ੍ਰਧਾਨ ਮੰਤਰੀ ਬਣਨ ਮਗਰੋਂ ਮੋਦੀ ਸਾਹਿਬ ਨੇ ਇਹ ਸਕੀਮ ਚਲਾਈ ਸੀ ਕਿ ਸਾਰੇ ਪਾਰਲੀਮੈਂਟ ਮੈਂਬਰ ਆਪੋ ਆਪਣੇ ਹਲਕੇ ਦਾ ਇੱਕ ਪਿੰਡ ਚੁਣਨ ਤੇ ਉਸ ਦੇ ਸਰਪ੍ਰਸਤ ਬਣ ਕੇ ਉਸ ਦੇ ਸਮੁੱਚੇ ਵਿਕਾਸ ਦਾ ਜ਼ਿੰਮਾ ਚੁੱਕਣ। ਖ਼ੁਦ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਵਿੱਚ ਵਾਰਾਣਸੀ ਦੇ ਆਪਣੇ ਚੋਣ ਹਲਕੇ ਦਾ ਇੱਕ ਪਿੰਡ ਚੁਣਿਆ ਅਤੇ ਓਥੇ ਗੇੜੇ ਲਾਏ ਸਨ। ਬੀਤੇ ਮਹੀਨੇ ਜਦੋਂ ਉਸ ਰਾਜ ਵਿੱਚ ਪੰਚਾਇਤ ਚੋਣਾਂ ਕਰਵਾਈਆਂ ਗਈਆਂ ਤਾਂ ਵਾਰਾਣਸੀ ਲੋਕ ਸਭਾ ਹਲਕੇ ਵਿੱਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਪ੍ਰਸਤੀ ਵਾਲੇ ਉਸ ਪਿੰਡ ਵਿੱਚ ਵੀ ਭਾਜਪਾ ਹਾਰ ਗਈ ਸੀ। ਪਿੰਡ ਤਾਂ ਇਸ ਲਈ ਚੁਣਿਆ ਸੀ ਕਿ ਉਸ ਪਿੰਡ ਅਤੇ ਉਸ ਦੇ ਨਾਲ ਵਾਲੇ ਪਿੰਡਾਂ ਵਿੱਚ ਭਾਜਪਾ ਮਜ਼ਬੂਤ ਹੈ ਤੇ ਹੋਰ ਵੀ ਮਜ਼ਬੂਤ ਕਰਨ ਲਈ ਰਸਤਾ ਖੁੱਲ੍ਹ ਸਕਦਾ ਹੈ, ਪਰ ਹੋਇਆ ਇਹ ਕਿ ਉਹ ਪਿੰਡ ਵੀ ਪ੍ਰਧਾਨ ਮੰਤਰੀ ਦੀ ਆਮਦ ਦਾ ਹੁੰਗਾਰਾ ਭਰਨ ਦੇ ਲਈ ਤਿਆਰ ਨਹੀਂ ਸੀ ਹੋਇਆ। ਇਸ ਦੇ ਬਹੁਤ ਵੱਡੇ ਸਿਆਸੀ ਅਰਥ ਨਿਕਲਦੇ ਹਨ।