ਜਸਟਿਸ ਠਾਕੁਰ ਬਣੇ ਚੀਫ਼ ਜਸਟਿਸ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਦੇ ਸੀਨੀਅਰ ਜੱਜ ਤੀਰਥ ਸਿੰਘ ਠਾਕੁਰ ਨੇ ਵੀਰਵਾਰ ਨੂੰ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਭਵਨ ਦੇ ਇਤਿਹਾਸਕ ਦਰਬਾਰ ਹਾਲ 'ਚ ਰੱਖੇ ਗਏ ਪ੍ਰਭਾਵਸ਼ਾਲੀ ਅਤੇ ਸੰਖੇਪ ਸਮਾਗਮ 'ਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਠਾਕੁਰ ਨੂੰ ਚੀਫ਼ ਜਸਟਿਸ ਵਜੋਂ ਸਹੁੰ ਚੁਕਾਈ। ਜਸਟਿਸ ਠਾਕੁਰ ਨੇ ਚੀਫ਼ ਜਸਟਿਸ ਐਚ ਐਲ ਦੱਤੂ ਦੀ ਥਾਂ ਲਈ ਹੈ, ਜੋ ਕਿ ਬੁੱਧਵਾਰ ਨੂੰ ਸੇਵਾ ਮੁਕਤ ਹੋਏ ਸਨ। ਜਸਟਿਸ ਠਾਕੁਰ 43ਵੇਂ ਚੀਫ਼ ਜਸਟਿਸ ਬਣੇ ਹਨ। ਇਸ ਮੌਕੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਸਟਿਸ ਐਚ ਐਲ ਦੱਤੂ, ਲੋਕ ਸਭਾ ਦੀ ਸਪੀਕਰ ਸੁਮਿਤਰਾ ਮਹਾਜਨ, ਕੇਂਦਰੀ ਮੰਤਰੀ ਅਰੁਣ ਜੇਤਲੀ, ਐਮ ਵੈਂਕਈਆ ਨਾਇਡੂ, ਰਵੀ ਸ਼ੰਕਰ ਪ੍ਰਸ਼ਾਦ, ਰਾਜ ਸਭਾ 'ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਅਜ਼ਾਦ, ਸੁਪਰੀਮ ਕੋਰਟ ਦੇ ਮੌਜੂਦਾ ਅਤੇ ਸਾਬਕਾ ਜੱਜਾਂ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਈ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਜਸਟਿਸ ਠਾਕੁਰ ਦਾ ਜਨਮ ਚਾਰ ਜਨਵਰੀ 1952 ਨੂੰ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਹੋਇਆ ਸੀ ਅਤੇ ਉਹ ਅਕਤੂਬਰ 1972 ਨੂੰ ਵਕਾਲਤ ਦੇ ਪੇਸ਼ੇ 'ਚ ਆਏ ਸਨ। ਜੰਮੂ ਅਤੇ ਕਸ਼ਮੀਰ ਹਾਈ ਕੋਰਟ 'ਚ ਉਨ੍ਹਾ ਨੇ ਦੀਵਾਨੀ, ਅਪਰਾਧਿਕ, ਟੈਕਸ ਅਤੇ ਸੰਵਿਧਾਨਿਕ ਮਾਮਲਿਆਂ ਦੀ ਪ੍ਰੈਕਟਿਸ ਕੀਤੀ। ਉਨ੍ਹਾ ਦੇ ਪਿਤਾ ਸਵਰਗੀ ਡੀ ਡੀ ਠਾਕੁਰ ਵੀ ਆਪਣੇ ਜ਼ਮਾਨੇ ਦੇ ਨਾਮਵਰ ਵਕੀਲ ਸਨ।
ਜਸਟਿਸ ਠਾਕੁਰ 1986 'ਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਸਨ। ਉਹ 1990 'ਚ ਸੀਨੀਅਰ ਵਕੀਲ ਬਣੇ। ਜਸਟਿਸ ਠਾਕੁਰ ਨੂੰ 16 ਫ਼ਰਵਰੀ 1994 'ਚ ਜੰਮੂ-ਕਸ਼ਮੀਰ ਹਾਈ ਕੋਰਟ 'ਚ ਐਡੀਸ਼ੀਨਲ ਜਸਟਿਸ ਲਾਇਆ ਗਿਆ ਸੀ ਅਤੇ 1994 'ਚ ਉਨ੍ਹਾ ਦਾ ਤਬਾਦਲਾ ਕਰਨਾਟਕ ਹਾਈ ਕੋਰਟ 'ਚ ਕੀਤਾ ਗਿਆ ਸੀ। ਜੁਲਾਈ 2004 'ਚ ਉਹ ਦਿੱਲੀ ਹਾਈ ਕੋਰਟ ਦੇ ਜੱਜ ਬਣੇ ਅਤੇ 2008 'ਚ ਉਨ੍ਹਾ ਨੂੰ ਦਿੱਲੀ ਹਾਈ ਕੋਰਟ ਦਾ ਕਾਰਜਕਾਰੀ ਚੀਫ਼ ਜਸਟਿਸ ਲਾਇਆ ਗਿਆ ਸੀ, ਜਸਟਿਸ ਠਾਕੁਰ ਦਾ ਕਾਰਜਕਾਲ 3 ਜਨਵਰੀ 2017 ਤੱਕ ਹੋਵੇਗਾ।