ਹੇਮਾ ਮਾਲਿਨੀ ਗ਼ਲਤ ਨਹੀਂ ਕਹਿੰਦੀ, ਪਰ...

ਚੇਨੱਈ ਵਿੱਚ ਲਗਾਤਾਰ ਮੀਂਹ ਪੈਣ ਨਾਲ ਏਨਾ ਪਾਣੀ ਹਰ ਪਾਸੇ ਇਕੱਠਾ ਹੋ ਗਿਆ ਕਿ ਉਸ ਦੇ ਨਿਕਾਸ ਦੇ ਮੌਜੂਦਾ ਪ੍ਰਬੰਧ ਧਰੇ-ਧਰਾਏ ਰਹਿ ਗਏ। ਸ਼ਹਿਰ ਦੀ ਨੱਬੇ ਫੀਸਦੀ ਆਬਾਦੀ ਇਸ ਦੀ ਮਾਰ ਹੇਠ ਆ ਗਈ ਤੇ ਬਹੁਤ ਸਾਰੇ ਇਲਾਕਿਆਂ ਵਿੱਚ ਲੋਕ ਹੇਠਲੀ ਮੰਜ਼ਲ ਛੱਡ ਕੇ ਉੱਪਰਲੀ ਮੰਜ਼ਲ ਜਾਂ ਛੱਤ ਉੱਤੇ ਜਾ ਕੇ ਆਸਰੇ ਲੱਭ ਕੇ ਬੈਠ ਗਏ। ਕਈ ਥਾਂਈਂ ਏਨਾ ਪਾਣੀ ਹੈ ਕਿ ਹੇਠਲੀਆਂ ਦੋਵੇਂ ਮੰਜ਼ਲਾਂ ਇਸ ਵਿੱਚ ਡੁੱਬੀਆਂ ਪਈਆਂ ਹਨ। ਲੋਕ ਤੀਸਰੀ ਮੰਜ਼ਲ ਉੱਤੇ ਟੰਗੇ ਹੋਏ ਉੱਚੀ ਆਵਾਜ਼ ਵਿੱਚ ਚੀਕਾਂ ਮਾਰ ਰਹੇ ਹਨ ਕਿ ਉਨ੍ਹਾਂ ਦੇ ਬਚਾਅ ਦੇ ਲਈ ਕੋਈ ਜੁਗਾੜ ਕੀਤਾ ਜਾਵੇ। ਤਾਮਿਲ ਨਾਡੂ ਰਾਜ ਸਰਕਾਰ ਬੇਵੱਸ ਹੋ ਗਈ। ਕੇਂਦਰ ਸਰਕਾਰ ਨੇ ਉਨ੍ਹਾਂ ਲੋਕਾਂ ਲਈ ਕੁਝ ਕਦਮ ਚੁੱਕੇ ਹਨ, ਪਰ ਇਹ ਕਦਮ ਪਹਿਲਾਂ ਬਹੁਤ ਦੇਰੀ ਨਾਲ ਚੁੱਕੇ ਗਏ ਹਨ ਤੇ ਫਿਰ ਸੰਕਟ ਦੀ ਗੰਭੀਰਤਾ ਨੂੰ ਵੇਖਦੇ ਹੋਏ ਇਹ ਬਹੁਤ ਨਿਗੂਣੇ ਜਿਹੇ ਸਮਝੇ ਜਾ ਸਕਦੇ ਹਨ। ਓਥੇ ਬਹੁਤ ਜ਼ਿਆਦਾ ਮਦਦ ਦੀ ਲੋੜ ਹੈ।
ਵੀਰਵਾਰ ਦੇ ਦਿਨ ਇਸ ਮੁੱਦੇ ਉੱਤੇ ਪਾਰਲੀਮੈਂਟ ਅੰਦਰ ਵੀ ਚਰਚਾ ਹੋਈ। ਇੱਕ ਰਿਵਾਇਤ ਪੈ ਚੁੱਕੀ ਹੈ ਕਿ ਇਹੋ ਜਿਹੇ ਮੌਕੇ ਹਰ ਕੋਈ ਆਪਣੀ ਰਾਜਨੀਤੀ ਦਾ ਰੰਗ ਵਿਖਾਉਣਾ ਚਾਹੁੰਦਾ ਹੈ। ਇਸ ਚਰਚਾ ਵਿੱਚ ਭਾਜਪਾ ਦੀ ਪਾਰਲੀਮੈਂਟ ਮੈਂਬਰ ਅਤੇ ਫ਼ਿਲਮ ਸਟਾਰ ਹੇਮਾ ਮਾਲਿਨੀ ਬੋਲਣ ਉੱਠ ਖੜੋਤੀ। ਉਸ ਨੇ ਚੇਨੱਈ ਬਾਰੇ ਮੰਨਿਆ ਕਿ ਬਹੁਤ ਖੂਬਸੂਰਤ ਸ਼ਹਿਰ ਸੀ ਤੇ ਹੁਣ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ। ਫਿਰ ਉਸ ਨੇ ਇਹ ਗੱਲ ਆਖ ਦਿੱਤੀ ਕਿ ਪ੍ਰਸ਼ਾਸਨ ਦੀ ਮਦਦ ਨਾਲ ਹੋਏ ਨਾਜਾਇਜ਼ ਕਬਜ਼ਿਆਂ ਨੇ ਇਹ ਸਥਿਤੀ ਪੈਦਾ ਕੀਤੀ ਹੈ। ਏਨੀ ਕੁ ਗੱਲ ਤੋਂ ਤਾਮਿਲ ਨਾਡੂ ਵਿੱਚ ਰਾਜ ਚਲਾ ਰਹੀ ਅੰਨਾ ਡੀ ਐੱਮ ਕੇ ਪਾਰਟੀ ਵਾਲਿਆਂ ਨੇ ਹੰਗਾਮਾ ਕਰ ਦਿੱਤਾ। ਉਹ ਇਸ ਗੱਲੋਂ ਔਖੇ ਹੋ ਗਏ ਕਿ ਕੇਂਦਰ ਵੱਲੋਂ ਮਦਦ ਦੀ ਚਰਚਾ ਦੌਰਾਨ ਹੇਮਾ ਮਾਲਿਨੀ ਨੇ ਤਾਮਿਲ ਨਾਡੂ ਦੀ ਸਰਕਾਰ ਦੀ ਭੰਡੀ ਦਾ ਰਾਹ ਐਵੇਂ ਫੜ ਲਿਆ ਹੈ। ਉਨ੍ਹਾਂ ਨੂੰ ਇਸ ਵਿੱਚ ਜੈਲਲਿਤਾ ਉੱਤੇ ਚੋਟ ਕੀਤੀ ਗਈ ਜਾਪਦੀ ਸੀ।
ਹਕੀਕੀ ਸਥਿਤੀ ਇਹ ਹੈ ਕਿ ਜੋ ਕੁਝ ਹੇਮਾ ਮਾਲਿਨੀ ਨੇ ਕਿਹਾ, ਉਹ ਗ਼ਲਤ ਨਹੀਂ ਆਖਿਆ ਜਾ ਸਕਦਾ ਤੇ ਸਭ ਨੂੰ ਪਤਾ ਹੈ ਕਿ ਇਹ ਅੱਜ ਦੇ ਭਾਰਤ ਦਾ ਕੌੜਾ ਸੱਚ ਹੈ। ਪਿਛਲੇਰੇ ਸਾਲ ਜਦੋਂ ਕੇਦਾਰਨਾਥ ਵਿੱਚ ਬਾਰਸ਼ਾਂ ਦਾ ਕਹਿਰ ਵਾਪਰਿਆ ਅਤੇ ਇਸ ਦੀ ਲਪੇਟ ਵਿੱਚ ਮੰਦਾਕਨੀ ਅਤੇ ਅਲਕ ਨੰਦਾ ਤੱਕ ਦੇ ਕਈ ਖੇਤਰ ਆਉਣ ਤੋਂ ਬਾਅਦ ਹੇਮਕੁੰਟ ਸਾਹਿਬ ਤੱਕ ਮੁਸੀਬਤ ਖੜੀ ਹੋ ਗਈ ਸੀ, ਓਦੋਂ ਵੀ ਇਹੋ ਨੁਕਸ ਲੱਭਾ ਸੀ। ਫਿਰ ਪਿਛਲੇ ਸਾਲ ਜਦੋਂ ਇੱਕ ਵਾਰ ਜੰਮੂ-ਕਸ਼ਮੀਰ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ ਹੋ ਗਈ ਤਾਂ ਓਥੇ ਵੀ ਇਹੋ ਕਾਰਨ ਨਿਕਲਿਆ ਸੀ। ਸਭਨਾਂ ਥਾਂਵਾਂ ਉੱਤੇ ਬਰਸਾਤੀ ਪਾਣੀ ਲੰਘਣ ਦੇ ਕੁਦਰਤੀ ਵਹਿਣ ਜ਼ਮੀਨੀ ਮਾਫੀਆ ਵਾਲਿਆਂ ਨੇ ਨਾਜਾਇਜ਼ ਕਬਜ਼ੇ ਕਰ ਕੇ ਅੱਗੇ ਵੇਚ ਦਿੱਤੇ ਅਤੇ ਖ਼ਰੀਦਣ ਵਾਲਿਆਂ ਨੇ ਓਥੇ ਮਕਾਨ ਬਣਾ ਕੇ ਵਸੇਬਾ ਕਰ ਲਿਆ। ਨਤੀਜੇ ਵਜੋਂ ਪਾਣੀ ਨੂੰ ਡਾਫ ਲੱਗੀ ਤੇ ਉਹ ਅੱਗੇ ਲੰਘਣ ਤੋਂ ਅੜਿੱਕੇ ਨਾਲ ਜਿੱਥੇ ਕਿਤੇ ਰੋਕ ਪੈਂਦੀ ਸੀ, ਓਥੇ ਹੀ ਤਬਾਹੀ ਕਰਨ ਲੱਗ ਪਿਆ। ਕੇਦਾਰਨਾਥ ਮੰਦਰ ਨੂੰ ਵੀ ਨੁਕਸਾਨ ਪੁੱਜਾ ਸੀ। ਓਦੋਂ ਵੀ ਪਾਰਲੀਮੈਂਟ ਵਿੱਚ ਇਸ ਦੀ ਕਾਫ਼ੀ ਚਰਚਾ ਹੋਈ ਤੇ ਸਿਰਫ਼ ਚਰਚਾ ਹੀ ਹੋਈ ਸੀ, ਹੱਲ ਫਿਰ ਵੀ ਕੋਈ ਨਹੀਂ ਸੀ ਨਿਕਲਿਆ।
ਹੁਣ ਜਦੋਂ ਇਸ ਬਾਰੇ ਚਰਚਾ ਦੌਰਾਨ ਹੇਮਾ ਮਾਲਿਨੀ ਨੇ ਗੱਲ ਕਹਿਣੀ ਚਾਹੀ ਤੇ ਕਹੇ ਬਿਨਾਂ ਬੈਠਣ ਵਾਸਤੇ ਮਜਬੂਰ ਹੋ ਗਈ, ਉਸ ਦੀ ਗੱਲ ਗ਼ਲਤ ਨਹੀਂ ਸੀ, ਪਰ ਇਹ ਕੁਵੇਲੇ ਦਾ ਰਾਗ ਸੀ। ਹੇਮਾ ਮਾਲਿਨੀ ਤੇ ਉਸ ਦੀ ਪਾਰਟੀ ਭਾਜਪਾ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਾਰੇ ਭਾਰਤ ਵਿੱਚ ਇਹ ਕੁਝ ਹੋਈ ਜਾਂਦਾ ਹੈ, ਪਰ ਕਦੇ ਉਨ੍ਹਾਂ ਕਿਸੇ ਸ਼ਹਿਰ ਜਾਂ ਸਮੁੱਚੇ ਭਾਰਤ ਬਾਰੇ ਇਹ ਬਹਿਸ ਨਹੀਂ ਛੇੜੀ। ਮਥਰਾ ਦੇ ਜਿਸ ਹਲਕੇ ਦੇ ਲੋਕਾਂ ਨੇ ਉਹ ਆਗੂ ਬਣਾਈ ਹੈ, ਇਹ ਸਮੱਸਿਆ ਉਸ ਸ਼ਹਿਰ ਦੀ ਵੀ ਹੈ। ਹੇਮਾ ਮਾਲਿਨੀ ਹੀ ਨਹੀਂ, ਸਾਰੇ ਇਹੋ ਕੁਝ ਕਰ ਰਹੇ ਹਨ। ਇੱਕ ਵਾਰੀ ਮੁੰਬਈ ਵਿੱਚ ਪਾਣੀ ਆਉਣ ਨਾਲ ਅਮਿਤਾਬ ਬੱਚਨ ਆਪਣੀ ਕਾਰ ਵਿੱਚ ਫਸ ਗਿਆ ਸੀ ਤੇ ਉਸ ਦੀ ਪਤਨੀ ਜਯਾ ਬੱਚਨ ਨੇ ਪਾਰਲੀਮੈਂਟ ਵਿੱਚ ਦੁਹਾਈ ਪਾ ਦਿੱਤੀ ਸੀ। ਅਗਲੇ ਦਿਨ ਤੱਕ ਜਦੋਂ ਸਾਰਾ ਕੁਝ ਠੀਕ ਹੋ ਗਿਆ, ਉਸ ਦੇ ਬਾਅਦ ਜਯਾ ਬੱਚਨ ਨੂੰ ਇਹ ਮੁੱਦਾ ਚੁੱਕਣਾ ਬੇਲੋੜਾ ਨਜ਼ਰ ਆਉਣ ਲੱਗ ਪਿਆ।
ਸੱਚਾਈ ਇਹ ਹੈ ਕਿ ਭਾਰਤ ਵਿੱਚ ਬੇਤਰਤੀਬੇ ਢੰਗ ਨਾਲ ਸ਼ਹਿਰਾਂ ਵਿੱਚ ਉਸਾਰੀਆਂ ਹੋਣ ਦੇ ਨਾਲ ਬਹੁਤ ਸਾਰੇ ਥਾਂਈਂ ਨਾਜਾਇਜ਼ ਕਬਜ਼ੇ ਕਰਨ ਦਾ ਜੁਰਮ ਆਮ ਹੋ ਰਿਹਾ ਹੈ। ਕਦੇ ਵੀ ਕਿਸੇ ਰਾਜ ਦੀ ਸਰਕਾਰ ਨੇ ਇਸ ਨੂੰ ਰੋਕਣ ਲਈ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ। ਤਾਮਿਲ ਨਾਡੂ ਵਿੱਚ ਵੀ ਇਹੋ ਹੋਇਆ ਹੈ। ਹੇਮਾ ਮਾਲਿਨੀ ਨੇ ਕੁਵੇਲੇ ਦਾ ਰਾਗ ਗਾਇਆ ਹੈ ਤਾਂ ਜਦੋਂ ਕਦੇ ਵੇਲਾ ਠੀਕ ਜਾਪੇ, ਓਦੋਂ ਚਰਚਾ ਕਰਵਾ ਲਈ ਜਾਵੇ, ਇਸ ਮੁੱਦੇ ਦੇ ਲਈ ਇੱਕ ਬਾਕਾਇਦਾ ਚਰਚਾ ਤੇ ਢੁੱਕਵੇਂ ਇਲਾਜ ਦੀ ਲੋੜ ਹੈ। ਇਹ ਇਲਾਜ ਕੀਤਾ ਜਾਣਾ ਜ਼ਰੂਰੀ ਹੈ। ਭਾਰਤ ਦੇ ਲੋਕ ਹਰ ਵਾਰੀ ਇਸੇ ਤਰ੍ਹਾਂ ਮੁਸੀਬਤਾਂ ਭੁਗਤਦੇ ਰਹਿਣ ਤਾਂ ਸਰਕਾਰਾਂ ਫਿਰ ਕਾਹਦੇ ਲਈ ਹੁੰਦੀਆਂ ਹਨ?