1984 ਦੰਗੇ; ਟਾਇਟਲਰ ਵਿਰੁੱਧ ਜਾਰੀ ਰਹੇਗੀ ਸੀ ਬੀ ਆਈ ਜਾਂਚ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਕੜਕੜਡੂਮਾ ਅਦਾਲਤ ਨੇ ਇੱਕ ਅਹਿਮ ਫ਼ੈਸਲੇ 'ਚ ਕਿਹਾ ਕਿ ਕਾਂਗਰਸ ਆਗੂ ਜਗਦੀਸ਼ ਟਾਇਟਲਰ ਵਿਰੁੱਧ ਮਾਮਲੇ ਦੀ ਸੀ ਬੀ ਆਈ ਜਾਂਚ ਜਾਰੀ ਰਹੇਗੀ। ਅਕਾਲੀ ਦਲ ਨੇ ਅਦਾਲਤ 'ਚ ਰੇਸ਼ਮ ਸਿੰਘ, ਆਲਮ ਸਿੰਘ ਅਤੇ ਚੰਚਲ ਸਿੰਘ ਆਦਿ ਗਵਾਹਾਂ ਦੇ ਨਾਂਅ ਦੇ ਕੇ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਸੀ।
ਜ਼ਿਕਰਯੋਗ ਹੈ ਕਿ ਸੀ ਬੀ ਆਈ ਨੇ ਕਲੋਜ਼ਰ ਰਿਪੋਰਟ ਦਾਖਲ ਕਰਕੇ ਕਿਹਾ ਸੀ ਕਿ ਉਸ ਨੂੰ ਕਾਂਗਰਸ ਨੇਤਾ ਜਗਦੀਸ਼ ਟਾਇਟਲਰ ਵਿਰੁੱਧ ਸਬੂਤ ਨਹੀਂ ਮਿਲੇ, ਪਰ 17 ਨਵੰਬਰ ਨੂੰ ਉਸ ਵੇਲੇ ਮਾਮਲੇ 'ਚ ਨਵਾਂ ਮੋੜ ਆਇਆ, ਜਦੋਂ ਸੀ ਬੀ ਆਈ ਨੇ ਅਦਾਲਤ 'ਚ ਦੁਬਾਰਾ ਜੁਆਬ ਦਾਖਲ ਕਰਕੇ ਕਿਹਾ ਕਿ ਉਹ ਮਾਮਲੇ ਦੀ ਮੁੜ ਤੋਂ ਜਾਂਚ ਕਰਨ ਲਈ ਤਿਆਰ ਹੈ। ਇਸ ਮਾਮਲੇ 'ਚ ਕੜਕੜਡੂਮਾ ਅਦਾਲਤ ਨੇ 30 ਅਕਤੂਬਰ ਨੂੰ ਸੀ ਬੀ ਆਈ ਅਤੇ ਪੀੜਤਾਂ ਦੀ ਬਹਿਸ ਸੁਣਨ ਮਗਰੋਂ ਆਪਣਾ ਹੁਕਮ ਰਾਖਵਾਂ ਰੱਖ ਲਿਆ ਸੀ।
ਪੀੜਤਾ ਨੇ ਸੀ ਬੀ ਆਈ ਵੱਲੋਂ ਟਾਇਟਲਰ ਨੂੰ ਤਿੰਨ ਵਾਰ ਕਲੀਨ ਚਿੱਟ ਦੇਣ ਦੇ ਮਾਮਲੇ 'ਚ ਪ੍ਰੋਟੈਸਟ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਟਾਇਟਲਰ ਵਿਰੁੱਧ ਲੋੜੀਂਦੇ ਸਬੂਤ ਹੋਣ ਦੇ ਬਾਵਜੂਦ ਸੀ ਬੀ ਆਈ ਉਨ੍ਹਾ ਨੂੰ ਬਚਾ ਰਹੀ ਹੈ। ਸ਼ਿਕਾਇਤਕਰਤਾ ਲਖਵਿੰਦਰ ਕੌਰ ਨੇ ਆਪਣੀ ਪਟੀਸ਼ਨ 'ਚ ਸੀ ਬੀ ਆਈ ਦੀ ਕਲੋਜ਼ਰ ਰਿਪੋਰਟ ਨੂੰ ਚੁਣੌਤੀ ਦਿੱਤੀ ਹੈ ਅਤੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਸੀ ਬੀ ਆਈ ਨੂੰ ਅੱਗੋਂ ਜਾਂਚ ਦਾ ਹੁਕਮ ਦੇ ਕੇ ਸਾਰਾ ਰਿਕਾਰਡ ਮੁਹੱਈਆ ਕਰਵਾਇਆ ਜਾਵੇ, ਜਦਕਿ ਸੀ ਬੀ ਆਈ ਦਾ ਕਹਿਣਾ ਹੈ ਕਿ ਉਸ ਦੀ ਜਾਂਚ 'ਚ ਇਹ ਗੱਲ ਸਾਫ਼ ਹੋ ਗਈ ਹੈ ਕਿ ਟਾਇਟਲਰ ਦੀ ਇਸ ਮਾਮਲੇ 'ਚ ਕੋਈ ਭੂਮਿਕਾ ਨਹੀਂ।
ਸੀ ਬੀ ਆਈ ਨੇ ਕਿਹਾ ਕਿ ਸਿਰਫ਼ ਦੋਸ਼ਾਂ ਅਤੇ ਭਾਵਨਾਵਾਂ ਦੇ ਅਧਾਰ 'ਤੇ ਹੀ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ।
ਪੀੜਤਾ ਨੇ ਅਦਾਲਤ ਤੋਂ ਟਾਇਟਲਰ ਵਿਰੁੱਧ ਗਵਾਹਾਂ ਨੂੰ ਪ੍ਰਭਾਵਤ ਕਰਨ ਅਤੇ ਹਵਾਲਾ ਰਾਹੀਂ ਰੁਪਈਆਂ ਭੇਜਣ ਦੇ ਮਾਮਲੇ 'ਚ ਅੱੈਫ਼ ਆਈ ਆਰ ਦਰਜ ਕਰਕੇ ਜਾਂਚ ਦਾ ਹੁਕਮ ਦੇਣ ਦੀ ਮੰਗ ਵੀ ਕੀਤੀ ਹੈ। ਦੂਜੇ ਪਾਸੇ ਸੀ ਬੀ ਆਈ ਦਾ ਕਹਿਣਾ ਹੈ ਕਿ ਇਹ ਦਾਅਵਾ ਹਥਿਆਰਾਂ ਦੇ ਡੀਲਰ ਅਭਿਸ਼ੇਕ ਵਰਮਾ ਨੇ ਕੀਤਾ ਸੀ ਅਤੇ ਉਸ ਦੀਆਂ ਗੱਲਾਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਸੀ ਬੀ ਆਈ ਨੇ ਕਿਹਾ ਕਿ ਅਜਿਹੀ ਹਾਲਤ 'ਚ ਟਾਇਟਲਰ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਜਾ ਸਕਦਾ।
ਜ਼ਿਕਰਯੋਗ ਹੈ ਕਿ ਅਦਾਲਤ 'ਚ ਚੱਲ ਰਿਹਾ ਇਹ ਮਾਮਲਾ ਦਿੱਲੀ ਦੇ ਪੁਲ ਬੰਗਸ਼ ਇਲਾਕੇ ਦਾ ਹੈ। 1 ਨਵੰਬਰ 1984 ਨੂੰ ਇਥੋਂ ਦੇ ਗੁਰਦੁਆਰੇ 'ਚ ਬਾਦਲ ਸਿੰਘ, ਠਾਕੁਰ ਸਿੰਘ ਅਤੇ ਗੁਰਚਰਨ ਸਿੰਘ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਕਾਂਗਰਸ ਨੇਤਾ ਜਗਦੀਸ਼ ਟਾਇਟਲਰ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ, ਪਰ ਮਗਰੋਂ ਸੀ ਬੀ ਆਈ ਨੇ ਇਸ ਮਾਮਲੇ 'ਚ ਕਲੋਜ਼ਰ ਰਿਪੋਰਟ ਦਾਖ਼ਲ ਕਰ ਦਿੱਤੀ ਸੀ।
ਸਾਲ 2007 'ਚ ਅਦਾਲਤ ਨੇ ਸੀ ਬੀ ਆਈ ਵੱਲੋਂ ਦਾਇਰ ਕਲੋਜ਼ਰ ਰਿਪੋਰਟ ਨੂੰ ਖਾਰਜ ਕਰ ਦਿੱਤਾ ਸੀ ਅਤੇ ਸੀ ਬੀ ਆਈ ਨੂੰ ਮਾਮਲੇ ਦੀ ਜਾਂਚ ਦਾ ਹੁਕਮ ਦਿੱਤਾ ਸੀ।
ਉਧਰ ਦੂਜੇ ਪਾਸੇ ਜਗਦੀਸ਼ ਟਾਇਟਲਰ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਗਲਤ ਅਤੇ ਬੇਬੁਨਿਆਦ ਦੱਸਿਆ ਹੈ।