Latest News

ਦਹਿਸ਼ਤਗਰਦੀ ਦੇ ਖ਼ਤਰੇ ਦੀ ਨਵੀਂ ਚੌਕਸੀ

Published on 07 Dec, 2015 11:20 AM.

ਸੁਰੱਖਿਆ ਏਜੰਸੀਆਂ ਵੱਲੋਂ ਇਸ ਵਕਤ ਜਾਰੀ ਕੀਤਾ ਗਿਆ ਇਹ ਅਲਰਟ ਸਾਰੇ ਦੇਸ਼ ਲਈ ਚਿੰਤਾ ਪੈਦਾ ਕਰਨ ਵਾਲਾ ਹੈ ਕਿ ਕੁਝ ਦਹਿਸ਼ਤਗਰਦ ਕਿਸੇ ਵਾਰਦਾਤ ਲਈ ਏਧਰ ਆਏ ਦੱਸੇ ਗਏ ਹਨ। ਏਹੋ ਜਿਹੀ ਚੌਕਸੀ ਦੀਆਂ ਗੱਲਾਂ ਪਹਿਲਾਂ ਵੀ ਕਈ ਵਾਰੀ ਸੁਣੀਆਂ ਗਈਆਂ ਤੇ ਆਮ ਕਰ ਕੇ ਉਸ ਚੌਕਸੀ ਦੌਰਾਨ ਕਦੀ ਵਾਰਦਾਤ ਨਹੀਂ ਸੀ ਹੋਈ ਤੇ ਜਦੋਂ ਵਾਰਦਾਤ ਹੁੰਦੀ ਸੀ, ਓਦੋਂ ਕੋਈ ਅਲਰਟ ਜਾਰੀ ਨਹੀਂ ਸੀ ਹੋਇਆ ਹੁੰਦਾ। ਪਿਛਲੇ ਸਾਰੇ ਮੌਕਿਆਂ ਨਾਲੋਂ ਹੁਣ ਦਾ ਫ਼ਰਕ ਇਹ ਹੈ ਕਿ ਇਸ ਵਾਰੀ ਇਸ ਬਾਰੇ ਇੱਕ ਬਾਕਾਇਦਾ ਕੇਸ ਦਰਜ ਕਰ ਕੇ ਇਸ ਸੰਬੰਧ ਵਿੱਚ ਅਗਲੀ ਕਾਰਵਾਈ ਅਤੇ ਚੌਕਸੀ ਦੇ ਪ੍ਰਬੰਧ ਕੀਤੇ ਜਾਣ ਦੀ ਖ਼ਬਰ ਆਈ ਹੈ।
ਜਿੱਥੋਂ ਤੱਕ ਚੌਕਸੀ ਰੱਖਣ ਤੇ ਅਗੇਤੇ ਪ੍ਰਬੰਧਾਂ ਦਾ ਸਵਾਲ ਹੈ, ਇਹ ਤਾਂ ਹੁਣ ਕੋਈ ਉਚੇਚੀ ਸੂਚਨਾ ਆਏ ਤੋਂ ਬਿਨਾਂ ਵੀ ਰੱਖਣੇ ਪੈਣੇ ਹਨ। ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਜੋ ਕੁਝ ਹੋਇਆ ਹੈ, ਉਸ ਦੀ ਕੋਈ ਅਗੇਤੀ ਸੂਹ ਨਹੀਂ ਸੀ ਅਤੇ ਅਮਰੀਕਾ ਵਿੱਚ ਇਸ ਹਫਤੇ ਜਿਹੜਾ ਗੋਲੀ-ਕਾਂਡ ਵਾਪਰ ਗਿਆ, ਉਸ ਦੀ ਵੀ ਅਗੇਤੀ ਸੂਹ ਕਿਸੇ ਪਾਸਿਓਂ ਨਹੀਂ ਸੀ ਮਿਲ ਸਕੀ। ਦਹਿਸ਼ਤਗਰਦ ਪਹਿਲੇ ਸਮਿਆਂ ਤੋਂ ਬਹੁਤ ਤਿੱਖੇ ਹੋ ਗਏ ਹਨ ਤੇ ਉਨ੍ਹਾਂ ਦੇ ਸਾਹਮਣੇ ਸੰਸਾਰ ਦੀਆਂ ਸਿਖ਼ਰਲੀਆਂ ਸੂਹੀਆ ਏਜੰਸੀਆਂ ਨਿਤਾਣੀਆਂ ਸਾਬਤ ਹੋ ਰਹੀਆਂ ਹਨ। ਭਾਰਤ ਨੂੰ ਇਸ ਤੋਂ ਸਬਕ ਕੱਢਣ ਦੀ ਲੋੜ ਹੈ। ਸਾਡਾ ਤੰਤਰ ਇਸ ਤਰ੍ਹਾਂ ਦੇ ਸਬਕ ਕੱਢਣ ਦਾ ਆਦੀ ਨਹੀਂ ਹੋ ਰਿਹਾ। ਪਾਰਲੀਮੈਂਟ ਤੇ ਲਾਲ ਕਿਲ੍ਹੇ ਉੱਤੇ ਹੋਏ ਹਮਲਿਆਂ ਵਿੱਚੋਂ ਕੋਈ ਸਬਕ ਕੱਢੇ ਜਾ ਸਕੇ ਹੁੰਦੇ ਤਾਂ ਬਾਅਦ ਵਿੱਚ ਮੁੰਬਈ ਅੰਦਰ ਜੋ ਕੁਝ ਭੁਗਤਣਾ ਪਿਆ, ਉਸ ਤੋਂ ਬਚਾਅ ਕੀਤਾ ਜਾ ਸਕਦਾ ਸੀ। ਬਾਅਦ ਵਿੱਚ ਇਹ ਪਤਾ ਲੱਗਾ ਕਿ ਸੂਚਨਾਵਾਂ ਤਾਂ ਆਈਆਂ ਸਨ, ਪਰ ਉਨ੍ਹਾਂ ਬਾਰੇ ਓਦੋਂ 'ਚੋਰ ਆਇਆ, ਚੋਰ ਆਇਆ'’ਦਾ ਰੌਲਾ ਸਮਝ ਲਿਆ ਤੇ ਜਿਹੜੇ ਪ੍ਰਬੰਧ ਕੀਤੇ ਜਾਣ ਦੀ ਲੋੜ ਸੀ, ਉਹ ਓਦੋਂ ਹੀ ਨਹੀਂ, ਵੱਡੇ ਦਹਿਸ਼ਤਗਰਦ ਕਾਂਡ ਤੋਂ ਪਿੱਛੋਂ ਵੀ ਨਹੀਂ ਸੀ ਹੋਏ।
ਪਿਛਲੇ ਹਫਤੇ ਦੌਰਾਨ ਭਾਰਤ ਵਿੱਚੋਂ ਪਾਕਿਸਤਾਨ ਲਈ ਜਾਸੂਸੀ ਕਰ ਰਹੇ ਇੱਕ ਵੱਡੇ ਟੋਲੇ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਭ ਨੂੰ ਪਤਾ ਹੈ। ਉਨ੍ਹਾਂ ਵਿੱਚ ਬਹੁਤੇ ਦੋਸ਼ੀਆਂ ਦਾ ਸੰਬੰਧ ਫ਼ੌਜਾਂ ਜਾਂ ਹੋਰ ਸੁਰੱਖਿਆ ਫੋਰਸਾਂ ਨਾਲ ਨਿਕਲਿਆ ਹੈ। ਫਿਰ ਇਸ ਦੀ ਜਾਂਚ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨ ਵੱਲ ਵੀ ਉਂਗਲ ਉੱਠੀ। ਪਹਿਲਾਂ ਵੀ ਦਿੱਲੀ ਵਿੱਚ ਪਾਕਿਸਤਾਨੀ ਹਾਈ ਕਮਿਸ਼ਨ ਇਹੋ ਜਿਹੇ ਕੇਸਾਂ ਵਿੱਚ ਚਰਚਿਤ ਰਿਹਾ ਹੈ। ਇੱਕ ਵਾਰੀ ਪਾਕਿਸਤਾਨ ਦਾ ਇੱਕ ਦੂਤ ਆਪਣੇ ਦਿੱਲੀ ਵਿੱਚ ਪੜ੍ਹਦੇ ਬੱਚੇ ਦੀ ਫੀਸ ਲਈ ਨਕਲੀ ਨੋਟ ਜਮ੍ਹਾਂ ਕਰਾਉਂਦਾ ਵੀ ਘੇਰੇ ਵਿੱਚ ਆ ਗਿਆ ਸੀ ਤੇ ਉਸ ਨੂੰ ਰਾਤੋ-ਰਾਤ ਏਥੋਂ ਚਲੇ ਜਾਣ ਲਈ ਕਹਿਣਾ ਪਿਆ ਸੀ। ਇਸ ਕਰ ਕੇ ਹੁਣ ਬਹੁਤੇ ਲੋਕਾਂ ਦਾ ਖ਼ਿਆਲ ਹੈ ਕਿ ਦਹਿਸ਼ਤਗਰਦਾਂ ਦੇ ਆਉਣ ਦੀ ਕਿਸੇ ਵੀ ਸੂਚਨਾ ਦੇ ਬਾਅਦ ਜਾਂਚ ਕਰਤਿਆਂ ਨੂੰ ਪਾਕਿਸਤਾਨ ਦੇ ਹਾਈ ਕਮਿਸ਼ਨ ਉੱਤੇ ਖ਼ਾਸ ਨਜ਼ਰ ਰੱਖਣ ਦੀ ਲੋੜ ਹੈ। ਇਹ ਇੱਕ ਖ਼ਿਆਲ ਹੈ, ਜਿਸ ਦੀ ਆਪਣੀ ਅਹਿਮੀਅਤ ਹੈ, ਪਰ ਇਸ ਤੋਂ ਵੀ ਵੱਧ ਹੁਣ ਸੰਸਾਰ ਭਰ ਦੀਆਂ ਵਾਰਦਾਤਾਂ ਦੀ ਤੰਦ ਜਿਵੇਂ ਖਾੜੀ ਦੇਸ਼ਾਂ ਨਾਲ ਜੁੜੀ ਨਿਕਲਣ ਲੱਗੀ ਹੈ, ਉਨ੍ਹਾਂ ਖ਼ਬਰਾਂ ਵਿੱਚ ਸਾਊਦੀ ਅਰਬ ਦਾ ਖ਼ਾਸ ਜ਼ਿਕਰ ਹਰ ਥਾਂ ਆ ਰਿਹਾ ਹੈ।
ਕੈਲੇਫੋਰਨੀਆ ਦਾ ਇਸ ਹਫਤੇ ਦਾ ਗੋਲੀ-ਕਾਂਡ ਕਈ ਕੁਝ ਨਵਾਂ ਪੇਸ਼ ਕਰਨ ਵਾਲਾ ਹੈ। ਓਥੇ ਗੋਲੀਆਂ ਦੇ ਚੱਲਣ ਦੀ ਘਟਨਾ ਦਾ ਫੌਰੀ ਕਾਰਨ ਇਹ ਸਮਝਿਆ ਗਿਆ ਕਿ ਇੱਕ ਬੰਦਾ ਚੱਲਦੀ ਪਾਰਟੀ ਤੋਂ ਕਿਸੇ ਵਿਅਕਤੀ ਨਾਲ ਨਾਰਾਜ਼ ਹੋ ਕੇ ਗਿਆ ਅਤੇ ਹਥਿਆਰ ਲਿਆ ਕੇ ਗੋਲੀ ਚਲਾ ਕੇ ਚੌਦਾਂ ਜਾਨਾਂ ਲੈ ਲਈਆਂ ਸਨ। ਜਾਂਚ ਦੌਰਾਨ ਉਸ ਕਾਂਡ ਦੀਆਂ ਤੰਦਾਂ ਉਸ ਸ਼ਹਿਰ ਤੋਂ ਪਾਕਿਸਤਾਨ ਅਤੇ ਸਾਊਦੀ ਅਰਬ ਤੱਕ ਵੀ ਪਹੁੰਚ ਗਈਆਂ। ਫਿਰ ਜਾਂਚ ਕਰਤਿਆਂ ਨੇ ਮੰਨਿਆ ਕਿ ਓਸ ਕਾਂਡ ਦਾ ਮੁੱਖ ਦੋਸ਼ੀ ਤੇ ਉਸ ਦੀ ਪਤਨੀ ਇਰਾਕ ਤੇ ਸੀਰੀਆ ਦੇ ਲੋਕਾਂ ਦਾ ਖ਼ੂਨ ਵਗਾਉਣ ਲੱਗੇ ਹੋਏ ਆਈ ਐੱਸ ਆਈ ਐੱਸ ਵਾਲੇ ਦਹਿਸ਼ਤਗਰਦਾਂ ਦੇ ਸੰਪਰਕ ਵਿੱਚ ਸਨ। ਅਗਲੀ ਗੱਲ ਇਹ ਨਿਕਲੀ ਸੀ ਕਿ ਉਹ ਬੰਦਾ ਅਮਰੀਕਾ ਦਾ ਜੰਮਿਆ ਸੀ, ਪਤਨੀ ਪਾਕਿਸਤਾਨੀ ਮੂਲ ਵਾਲੀ ਸੀ ਤੇ ਜੋੜੀ ਉਨ੍ਹਾਂ ਦੀ ਸਾਊਦੀ ਅਰਬ ਗਿਆਂ ਦੀ ਓਥੇ ਰਹਿੰਦੇ ਅਲ ਕਾਇਦਾ ਦੇ ਸਲੀਪਰ ਸੈੱਲ ਵਾਲਿਆਂ ਨੇ ਬਣਾਈ ਸੀ।
ਹੈਰਾਨੀ ਦੀ ਗੱਲ ਹੈ ਕਿ ਜਿਹੜੀ ਗੱਲ ਹੁਣ ਬਾਹਰ ਆਈ ਹੈ, ਉਹ ਅਮਰੀਕਾ ਦੀਆਂ ਜਾਂਚ ਏਜੰਸੀਆਂ ਵੀ ਵਕਤ ਰਹਿੰਦੇ ਤੋਂ ਨਹੀਂ ਸੋਚ ਸਕੀਆਂ। ਹੁਣ ਜਦੋਂ ਭਾਰਤ ਵਿੱਚ ਇਹੋ ਜਿਹੇ ਕਿਸੇ ਖ਼ਤਰੇ ਬਾਰੇ ਚੌਕਸੀ ਦੇ ਖ਼ਾਸ ਹੁਕਮ ਦਿੱਤੇ ਜਾ ਰਹੇ ਹਨ, ਸੁਰੱਖਿਆ ਏਜੰਸੀਆਂ ਨੂੰ ਸਿਰਫ਼ ਇੱਕ ਦੇਸ਼ ਉੱਤੇ ਅੱਖਾਂ ਰੱਖ ਕੇ ਚੱਲਣ ਦੀ ਥਾਂ ਹਰ ਉਸ ਦਿਸ਼ਾ ਵੱਲ ਵੇਖਣਾ ਪਵੇਗਾ, ਜਿਸ ਪਾਸਿਓਂ ਕਿਸੇ ਤਰ੍ਹਾਂ ਦੇ ਮਾੜੇ ਅਨਸਰ ਦੇ ਆਉਣ ਦੀ ਕੋਈ ਸੰਭਾਵਨਾ ਸਮਝੀ ਜਾ ਸਕਦੀ ਹੋਵੇ। ਕੁਝ ਦੇਸ਼ਾਂ ਨਾਲ ਸਾਡੇ ਦੇਸ਼ ਦੇ ਮਿੱਤਰਤਾ ਪੂਰਨ ਸੰਬੰਧ ਹਨ। ਇਸ ਲਈ ਉਨ੍ਹਾਂ ਬਾਰੇ ਚੌਕਸੀ ਤੋਂ ਕੁਝ ਲੋਕ ਕਿੰਤੂ ਕਰ ਸਕਦੇ ਹਨ, ਪਰ ਉਨ੍ਹਾਂ ਲਈ ਇਸ ਹਫਤੇ ਇਮੀਗਰੇਸ਼ਨ ਬਾਰੇ ਅਮਰੀਕਾ ਵੱਲੋਂ ਨਵੀਂਆਂ ਹਦਾਇਤਾਂ ਦੀ ਜਾਣਕਾਰੀ ਜ਼ਰੂਰੀ ਹੈ। ਅਮਰੀਕਾ ਨੇ ਯੂਰਪੀ ਯੂਨੀਅਨ ਸਮੇਤ ਜਿੰਨੇ ਦੇਸ਼ਾਂ ਦੇ ਨਾਗਰਿਕਾਂ ਵਾਸਤੇ ਵੀਜ਼ਾ ਸ਼ਰਤਾਂ ਵਿੱਚ ਹੁਣ ਤੱਕ ਢਿੱਲ ਦਿੱਤੀ ਹੋਈ ਸੀ, ਹੁਣ ਉਹ ਇਸ ਕਰ ਕੇ ਖ਼ਤਮ ਕਰ ਦਿੱਤੀ ਹੈ ਅਤੇ ਕੁਝ ਕੇਸਾਂ ਵਿੱਚ ਇਸ ਕਰ ਕੇ ਘਟਾ ਦਿੱਤੀ ਹੈ ਕਿ ਫਰਾਂਸ ਵਿੱਚ ਇਹੋ ਜਿਹੀ ਢਿੱਲ ਨਾਲ ਗਵਾਂਢ ਦੇ ਯੂਰਪੀ ਦੇਸ਼ ਤੋਂ ਆਏ ਅੱਤਵਾਦੀਆਂ ਨੇ ਕਹਿਰ ਵਰਤਾ ਦਿੱਤਾ ਸੀ। ਖ਼ਤਰੇ ਦੇ ਵਕਤ ਇਹ ਕੁਝ ਕਰਨਾ ਹੀ ਪੈਂਦਾ ਹੈ।
ਦੋਸਤਾਨਾ ਸੰਬੰਧ ਆਪਣੀ ਥਾਂ ਹਨ ਅਤੇ ਦੋਸਤਾਨਾ ਰੱਖਣ ਵਾਲੇ ਦੇਸ਼ ਭਾਰਤ ਦੀ ਮਜਬੂਰੀ ਸਮਝ ਸਕਦੇ ਹਨ। ਦਹਿਸ਼ਤਗਰਦੀ ਤੋਂ ਸੁਰੱਖਿਆ ਦੇ ਮੁੱਦੇ ਉੱਤੇ ਕੋਈ ਢਿੱਲ ਵੀ ਨਹੀਂ ਦਿੱਤੀ ਜਾ ਸਕਦੀ।

655 Views

e-Paper