Latest News
ਬੀਬੀ ਗੁਰਦੇਵ ਕੌਰ ਮਲਹੋਤਰਾ ਦਾ ਅੰਤਮ ਸੰਸਕਾਰ

Published on 07 Dec, 2015 11:47 AM.

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਮਰਹੂਮ ਅਵਤਾਰ ਸਿੰਘ ਮਲਹੋਤਰਾ ਦੀ ਧਰਮ ਪਤਨੀ ਬੀਬੀ ਗੁਰਦੇਵ ਕੌਰ ਮਲਹੋਤਰਾ ਦਾ ਕੱਲ੍ਹ ਸ਼ਾਮ ਨੌਂ ਵਜੇ ਦਿਹਾਂਤ ਹੋ ਗਿਆ। ਉਹਨਾ ਦੀ ਉਮਰ 80 ਸਾਲ ਸੀ। ਅੱਜਕੱਲ੍ਹ ਉਹ ਆਪਣੇ ਸਪੁੱਤਰ ਡਾਕਟਰ ਸ਼ਮੀਰ ਮਲਹੋਤਰਾ ਨਾਲ ਰਹਿ ਰਹੇ ਸਨ। ਅੱਜ ਬਾਅਦ ਦੁਪਹਿਰ ਦੋ ਵਜੇ, ਸੈਕਟਰ 25 ਦੇ ਬਿਜਲਈ ਸ਼ਮਸ਼ਾਨਘਾਟ ਵਿਚ ਉਹਨਾ ਦਾ ਸਸਕਾਰ ਕੀਤਾ ਗਿਆ। ਇਸ ਸਮੇਂ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਜ਼ਿਲ੍ਹੇ ਤੇ ਸੂਬੇ ਦੇ ਕਮਿਊਨਿਸਟ ਆਗੂ ਅਤੇ ਕਾਰਕੁਨਾਂ, ਸ਼ਹਿਰ ਦੇ ਅਨੇਕਾਂ ਪਤਵੰਤੇ, ਡਾਕਟਰ, ਵਕੀਲ, ਅਧਿਆਪਕ, ਪੱਤਰਕਾਰ, ਸਿਆਸੀ ਅਤੇ ਸਮਾਜ ਸੇਵੀ ਕਾਰਕੁਨ ਮੌਜੂਦ ਸਨ। ਬਾਹਰੋਂ ਵੀ ਬਹੁਤ ਬਾਰੇ ਸਾਥੀ ਪੁੱਜੇ ਹੋਏ ਸਨ।
ਗੁਰਦੇਵ ਕੌਰ ਮਲਹੋਤਰਾ ਦੀ ਦੇਹ ਸਵੇਰੇ ਦਸ ਵਜੇ ਉਹਨਾ ਦੇ ਘਰ ਤੋਂ ਪਾਰਟੀ ਦਫਤਰ, ਅਜੈ ਭਵਨ 345, ਸੈਕਟਰ 21-ਏ ਵਿਚ ਲਿਆਂਦੀ ਗਈ, ਜਿੱਥੇ ਵੱਡੀ ਗਿਣਤੀ ਵਿਚ ਲੋਕਾਂ ਨੇ ਉਹਨਾ ਦੀ ਦੇਹ ਉਤੇ ਪੁਸ਼ਪਮਾਲਾ ਵੀ ਪਾਈਆਂ ਅਤੇ ਪਾਰਟੀ ਵੱਲੋਂ ਲਾਲ ਝੰਡਾ ਪਾ ਕੇ ਸ਼ਰਧਾਂਜਲੀ ਭੇਟ ਕੀਤੀ। ਸੀ ਪੀ ਆਈ ਦੇ ਆਗੂ ਸਰਵਸਾਥੀ ਭੁਪਿੰਦਰ ਸਾਂਬਰ, ਬੰਤ ਬਰਾੜ, ਜਗਰੂਪ ਸਿੰਘ, ਐੱਚ ਬੀ ਸਿੰਘ, ਦੇਵੀ ਦਿਆਲ ਸ਼ਰਮਾ, ਪ੍ਰੀਤਮ ਸਿੰਘ ਹੁੰਦਲ, ਐੱਚ ਐੱਸ ਗੰਭੀਰ, ਮੁਹਿੰਦਰ ਪਾਲ ਸਿੰਘ, ਕਰਤਾਰ ਸਿੰਘ ਬੁਆਣੀ, ਸੁਖਦੇਵ ਸਰਸਾ, ਏ ਐੱਸ ਪਾਲ, ਰਣਬੀਰ ਢਿੱਲੋਂ, ਪ੍ਰੋ. ਰਵਿੰਦਰ ਸ਼ਰਮਾ, ਜੇ ਸੀ ਸ਼ਰਮਾ ਸਾਬਕਾ ਜੱਜ ਰਾਜਸਥਾਨ ਹਾਈ ਕੋਰਟ, ਰਾਜਿੰਦਰ ਕੌਰ ਜਨਰਲ ਸਕੱਤਰ ਪੰਜਾਬ ਇਸਤਰੀ ਸਭਾ, ਨਰਿੰਦਰ ਕੌਰ ਪਾਲੀ, ਪਾਰਟੀ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਸਵਰਨ ਅਕਲਪੁਰੀ ਅਤੇ ਸਾਬਕ ਚੇਅਰਮੈਨ ਸੰਪੂਰਨ ਸਿੰਘ, ਡਾਕਟਰ ਇੰਦਰਵੀਰ, ਡਾਕਟਰ ਅਰਵਿੰਦਰ ਸਾਂਬਰ, ਪੀ ਜੀ ਆਈ ਯੂਨੀਅਨ ਦੇ ਆਗੂ ਆਰ ਕੇ ਖੈਂਚੀ, ਮਨੋਹਰ ਲਾਲ ਸ਼ਰਮਾ, ਹਰਦੇਵ ਸਿੰਘ, ਪ੍ਰੋਫੈਸਰ ਬਲਵੰਤ, ਸੁਰਜੀਤ ਸਿੰਘ ਐਡਵੋਕੇਟ, ਹਰਚੰਦ ਬਾਠ, ਬੀਬੀ ਕੈਲਾਸ਼, ਸਮਿੱਤਰ ਗੁਪਤਾ, ਅਰੁਣਾ ਆਸਿਫ ਅਲੀ ਟਰੱਸਟ ਦੇ ਸੋਨੀਆ ਸਾਂਬਰ ਆਦਿ ਹਾਜ਼ਰ ਸਨ।
ਸੂਬਾ ਸੀ ਪੀ ਆਈ, ਸੂਬਾ ਸੀ ਪੀ ਆਈ (ਐੱਮ), ਰੋਜ਼ਾਨਾ 'ਨਵਾਂ ਜ਼ਮਾਨਾ', ਪੰਜਾਬ ਬੁੱਕ ਸੈਂਟਰ ਤੇ ਇਸਤਰੀ ਸਭਾ ਨੇ ਉਹਨਾ ਦੀ ਦੇਹ ਉਤੇ ਪੁਸ਼ਪਮਾਲਾਵਾਂ ਪਾ ਕੇ ਸ਼ਰਧਾਂਜਲੀ ਭੇਟ ਕੀਤੀ।
ਉਹਨਾ ਦੀ ਦੇਹ ਅਗਨੀ-ਸਪੁਰਦ ਕਰਨ ਤੋਂ ਪਹਿਲਾਂ ਸਰਵਸਾਥੀ ਭੁਪਿੰਦਰ ਸਾਂਬਰ, ਜਗਰੂਪ ਸਿੰਘ, ਐੱਚ ਬੀ ਸਿੰਘ, ਸੀ ਪੀ ਐੱਮ ਦੇ ਸੂਬਾ ਸਕੱਤਰ ਚਰਨ ਸਿੰਘ ਵਿਰਦੀ ਨੇ ਭੈਣ ਜੀ ਦੇ ਜੀਵਨ ਉੱਤੇ ਝਾਤ ਪਾਉਂਦਿਆਂ ਉਹਨਾ ਦਾ ਛੱਡਿਆ ਕਾਰਜ ਪੂਰਾ ਕਰਨ ਦਾ ਅਹਿਦ ਦੁਹਰਾਇਆ। ਬੰਤ ਸਿੰਘ ਬਰਾੜ ਨੇ ਦੁੱਖ ਵਿਚ ਸ਼ਰੀਕ ਹੋਏ ਸਭ ਸੱਜਣਾਂ ਦਾ ਧੰਨਵਾਦ ਕੀਤਾ।
ਸ਼ਰਧਾਂਜਲੀ ਸਮਾਗਮ : ਸਾਥੀ ਗੁਰਦੇਵ ਕੌਰ ਮਲਹੋਤਰਾ ਨੂੰ ਅੰਤਮ ਸ਼ਰਧਾਂਜਲੀ ਭੇਟ ਕਰਨ ਲਈ ਸਮਾਗਮ 13 ਦਸੰਬਰ (ਐਤਵਾਰ) ਨੂੰ ਬਾਰਾਂ ਵਜੇ, ਅਜੈ ਭਵਨ, 345 ਸੈਕਟਰ 21-ਏ, ਚੰਡੀਗੜ੍ਹ ਵਿਖੇ ਕੀਤਾ ਜਾਵੇਗਾ।
ਟਰੱਸਟ ਵੱਲੋਂ ਦੁੱਖ ਪ੍ਰਗਟ
ਅਰਜਨ ਸਿੰਘ ਗੜਗੱਜ ਫਾਊਡੇਸ਼ਨ ਦੇ ਪ੍ਰਧਾਨ ਨੌਨਿਹਾਲ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਸ਼ੁਗਲੀ, ਨਵਾਂ ਜ਼ਮਾਨਾ ਦੇ ਸੰਪਾਦਕ ਜਤਿੰਦਰ ਪਨੂੰ, ਜਨਰਲ ਮੈਨੇਜਰ ਗੁਰਮੀਤ ਸਿੰਘ, ਪੰਡਿਤ ਮਨੋਹਰ ਲਾਲ, ਮੀਤ ਪ੍ਰਧਾਨ ਅੰਮ੍ਰਿਤ ਲਾਲ ਅਤੇ ਟਰੱਸਟੀ ਪ੍ਰਿਥੀਪਾਲ ਸਿੰਘ ਮਾੜੀਮੇਘਾ, ਚੰਦ ਫਤਿਹਪੁਰੀ ਅਤੇ ਰਜਨੀਸ਼ ਬਹਾਦਰ ਨੇ ਕਾਮਰੇਡ ਗੁਰਦੇਵ ਕੌਰ ਮਲਹੋਤਰਾ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾ ਨੇ ਪੀੜਤ ਪਰਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਅਗਾਂਹ ਵਧੂ ਤੇ ਕਮਿਊਨਿਸਟ ਹਲਕਿਆਂ ਅੰਦਰ ਭਾਰੀ ਚਿੰਤਾ ਤੇ ਦੁੱਖਦਾਈ ਹੈ ਕਿ ਉੱਘੇ ਕਮਿਊਨਿਸਟ ਆਗੂ ਤੇ ਸਿਧਾਂਤ ਕਾਰ ਕਾ. ਅਵਤਾਰ ਸਿੰਘ ਮਲਹੋਤਰਾ ਦੀ ਧਰਮ ਪਤਨੀ ਕਾ. ਗੁਰਦੇਵ ਕੌਰ ਸਦੀਵੀ ਵਿਛੋੜਾ ਦੇ ਗਏ ਹਨ। ਇਲਾਕੇ ਦੇ ਉੱਘੇ ਵਕੀਲ ਅਤੇ ਕਮਿਊਨਿਸਟ ਆਗੂ ਸੰਪੂਰਨ ਸਿੰਘ ਛਾਜਲੀ, ਕਿਸਾਨ ਸਭਾ ਦੇ ਆਗੂ ਤੇ ਸੂਬਾ ਕੌਂਸਲ ਮੈਂਬਰ ਕਾ. ਹਰਦੇਵ ਸਿੰਘ ਬਖਸ਼ੀਵਾਲਾ, ਪਾਰਟੀ ਦੇ ਤਹਿਸੀਲ ਸਕੱਤਰ ਕਾ. ਰਾਕੇਸ਼ ਸ਼ਰਮਾ, ਜ਼ਿਲ੍ਹਾ ਕੌਂਸਲ ਮੈਂਬਰ ਕਾ. ਬ੍ਰਿਜ ਲਾਲ ਧੀਮਾਨ ਨੇ ਸਾਂਝੇ ਪ੍ਰੈਸ ਬਿਆਨ ਰਾਹੀਂ ਗਹਿਰੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਡਾ. ਸ਼ਮੀਰ ਮਲਹੋਤਰਾ ਅਤੇ ਸ਼ੋਕ ਗ੍ਰਸਤ ਪਰਵਾਰ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਹੈ।

932 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper