ਈ ਐੱਮ ਯੂ ਨੇ ਪਿੱਛੋਂ ਮਾਰੀ ਐਕਸਪ੍ਰੈੱਸ ਗੱਡੀ ਨੂੰ ਟੱਕਰ

ਪਲਵਲ (ਨਵਾਂ ਜ਼ਮਾਨਾ ਸਰਵਿਸ)
ਹਰਿਆਣਾ 'ਚ ਪਲਪਲ ਨੇੜੇ ਅੱਜ ਸਵੇਰੇ ਤਕਰੀਬਨ 8.30 ਵਜੇ ਸੰਘਣੀ ਧੁੰਦ ਕਾਰਨ ਇੱਕ ਲੋਕਲ ਟਰੇਨ ਲੋਕਮਾਨਿਆ ਤਿਲਕ ਹਰਿਦੁਆਰ ਐਕਸਪ੍ਰੈਸ ਨਾਲ ਟਕਰਾ ਗਈ, ਜਿਸ ਨਾਲ ਇੱਕ ਗੱਡੀ ਦੇ ਡਰਾਈਵਰ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਉੱਤਰ ਰੇਲਵੇ ਦੇ ਤਰਜਮਾਨ ਨੀਰਜ ਸ਼ਰਮਾ ਨੇ ਦਸਿਆ ਕਿ ਇਸ ਹਾਦਸੇ 'ਚ ਪਲਵਲ-ਗਾਜ਼ੀਆਬਾਦ ਈ ਐਮ ਯੂ ਦੇ ਡਰਾਈਵਰ ਦੀ ਮੌਤ ਹੋ ਗਈ ਅਤੇ ਈ ਐਮ ਯੂ ਦਾ ਸਹਾਇਕ ਡਰਾਈਵਰ ਅਤੇ ਐਕਸਪ੍ਰੈਸ ਗੱਡੀ ਦਾ ਗਾਰਡ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਉਨ੍ਹਾ ਦਸਿਆ ਕਿ ਲੱਗਦਾ ਹੈ ਕਿ ਸੰਘਣੀ ਧੁੰਦ ਕਾਰਨ ਈ ਐਮ ਯੂ ਦਾ ਡਰਾਈਵਰ ਸਿਗਨਲ ਨਾ ਦੇਖ ਸਕਿਆ ਅਤੇ ਪਿੱਛੋਂ ਐਕਸਪ੍ਰੈਸ ਗੱਡੀ 'ਚ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਸਪ੍ਰੈਸ ਗੱਡੀ ਦਾ ਗਾਰਡ ਡੱਬਾ ਅਤੇ ਈ ਐਮ ਯੂ ਦਾ ਇੰਜਣ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਈ ਐਮ ਯੂ ਦਾ ਡਰਾਈਵਰ ਅਤੇ ਸਹਾਇਕ ਡਰਾਈਵਰ ਬੁਰੀ ਤਰ੍ਹਾਂ ਉਸ 'ਚ ਫਸ ਗਏ।
ਮੁਸਾਫ਼ਰਾਂ ਨੇ ਬੜੀ ਮੁਸ਼ਕਲ ਨਾਲ ਦੋਹਾਂ ਨੂੰ ਇੰਜਣ 'ਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਜਿਥੇ ਈ ਐਮ ਯੂ ਦੇ ਡਰਾਈਵਰ ਯਸ਼ਪਾਲ ਦੀ ਮੌਤ ਹੋ ਗਈ, ਜਦਕਿ ਸਹਾਇਕ ਡਰਾਈਵਰ ਦੀ ਹਾਲਤ ਗੰਭੀਰ ਹੈ। ਸ਼ਰਮਾ ਨੇ ਦਸਿਆ ਕਿ ਪਲਵਲ ਰੇਲਵੇ ਸਟੇਸ਼ਨ ਤੋਂ ਸਿਗਨਲ ਮਿਲਣ ਮਗਰੋਂ ਹਰਿਦੁਆਰ ਐਕਸਪ੍ਰੈਸ ਨੂੰ ਦਿੱਲੀ ਵੱਲ ਰਵਾਨਾ ਕੀਤਾ ਗਿਆ।
ਉਨ੍ਹਾ ਕਿਹਾ ਕਿ ਸੰਘਣੀ ਧੁੰਦ ਕਾਰਨ ਗੱਡੀ ਹੌਲੀ ਰਫ਼ਤਾਰ ਨਾਲ ਚੱਲ ਰਹੀ ਸੀ ਕਿ ਤਕਰੀਬਨ ਸਾਢੇ 8 ਵਜੇ ਪਲਵਲ ਤੋਂ ਤਕਰੀਬਨ 5 ਕਿਲੋਮੀਟਰ ਦੂਰ ਬਘੌਲਾ ਪਿੰਡ ਨੇੜੇ ਪਿੱਛਿਉਂ ਤੇਜ਼ ਰਫ਼ਤਾਰ ਨਾਲ ਦਿੱਲੀ ਵੱਲ ਜਾ ਰਹੇ ਈ ਐਮ ਯੂ ਨੇ ਐਕਸਪ੍ਰੈਸ ਗੱਡੀ 'ਚ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਹਰਿਦੁਆਰ ਐਕਸਪ੍ਰੈਸ ਦਾ ਗਾਰਡ ਵੀ ਵੀ ਗੁਪਤਾ ਜ਼ਖ਼ਮੀ ਹੋ ਗਿਆ, ਜਿਸ ਦੀ ਹਾਲਤ ਖਤਰੇ ਤੋਂ ਬਾਹਰ ਦਸੀ ਜਾਂਦੀ ਹੈ। ਹਾਦਸੇ ਕਾਰਨ ਘੱਟੋ-ਘੱਟ 15 ਗੱਡੀਆਂ ਦੀ ਆਵਾਜਾਈ ਪ੍ਰਭਾਵਤ ਹੋਈ।