ਇਸਲਾਮਾਬਾਦ 'ਚ ਹਾਰਟ ਆਫ ਏਸ਼ੀਆ ਸਿਖਰ ਵਾਰਤਾ ਸ਼ੁਰੂ

ਇਸਲਾਮਾਬਾਦ
(ਨਵਾਂ ਜ਼ਮਾਨਾ ਸਰਵਿਸ)
ਮੰਤਰੀ ਪੱਧਰ ਦੀ ਸਿਖਰ ਵਾਰਤਾ ਦੇ ਏਜੰਡੇ ਨੂੰ ਅੰਤਿਮ ਰੂਪ ਦੇਣ ਲਈ ਮੰਗਲਵਾਰ ਨੂੰ ਇੱਥੇ ਹਾਰਟ ਆਫ ਏਸ਼ੀਆ ਇਸਤਾਂਬੁਲ ਪ੍ਰਕਿਰਿਆ ਬੈਠਕ ਸ਼ੁਰੂ ਹੋ ਗਈ ਹੈ। ਰਿਪੋਰਟਾਂ ਮੁਤਾਬਿਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਅਤੇ ਅਫਗਾਨ ਦੇ ਵਿਦੇਸ਼ ਮੰਤਰੀ ਖਲੀਲ ਹੈਕਮਤ ਕਰਜ਼ਈ ਨੇ ਇਸ ਬੈਠਕ ਦਾ ਉਦਘਾਟਨ ਕੀਤਾ। ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਸਰਤਾਜ ਅਤੇ ਕਰਜ਼ਈ ਨੇ ਕਿਹਾ ਕਿ ਇਸ ਬੈਠਕ ਨਾਲ ਅੱਤਵਾਦ ਅਤੇ ਕੱਟੜਵਾਦ ਵਿਰੁੱਧ ਰਣਨੀਤੀ ਬਣਾਉਣ ਵਿੱਚ ਮਦਦ ਮਿਲੇਗੀ। ਦੋਹਾਂ ਆਗੂਆਂ ਨੇ ਆਰਥਿਕ ਸਹਿਯੋਗ ਅਤੇ ਖੇਤਰੀ ਸੰਪਰਕ ਦੀ ਵੀ ਪੈਰਵੀ ਕੀਤੀ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸ ਸੰਮੇਲਨ ਵਿੱਚ ਹਿੱਸਾ ਲੈਣ ਮੰਗਲਵਾਰ ਸ਼ਾਮੀਂ ਇਸਲਾਮਾਬਾਦ ਪਹੁੰਚ ਗਏ ਹਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਬੁੱਧਵਾਰ ਨੂੰ ਸਾਂਝੇ ਤੌਰ 'ਤੇ ਪਹੁੰਚੇ ਹਾਰਟ ਆਫ ਏਸ਼ੀਆ ਸਿਖਰ ਸੰਮੇਲਨ ਦਾ ਉਦਘਾਟਨ ਕਰਨਗੇ। ਇਸ ਸਿਖਰ ਸੰਮੇਲਨ ਵਿੱਚ ਵਿਸ਼ਵਾਸ ਬਹਾਲ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ। ਖੇਤਰੀ ਸੰਬੰਧਾਂ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਅੱਤਵਾਦ, ਗਰੀਬੀ, ਕੱਟੜਵਾਦ, ਸਮੇਤ ਸਾਰੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਅਫਗਾਨਿਸਤਾਨ ਅਤੇ ਇਸ ਦੇ ਗੁਆਂਢੀ ਮੁਲਕਾਂ ਵਿਚਾਲੇ ਵਧੇਰੇ ਸਹਿਯੋਗ ਉਪਰ ਜ਼ੋਰ ਦਿੱਤਾ ਜਾਵੇਗਾ।