ਚਾਰ ਕਮਿਊਨਿਸਟ ਪਾਰਟੀਆਂ ਦਾ ਜੱਥਾ ਵੱਖ-ਵੱਖ ਪਿੰਡਾਂ 'ਚ ਪਹੁੰਚਿਆ

ਮੋਗਾ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਦੀਆਂ ਸਿਰਮੌਰ ਚਾਰ ਕਮਿਊਨਿਸਟ ਪਾਰਟੀਆਂ ਦੇ ਸਾਂਝੇ ਸੱਦੇ 'ਤੇ 15 ਨੁਕਾਤੀ ਪ੍ਰੋਗਰਾਮ ਲੈ ਕੇ ਪੰਜਾਬ ਭਰ ਵਿਚ ਚੱਲ ਰਹੇ 'ਜੱਥਾ ਮਾਰਚ' ਤਹਿਤ ਇਹ ਜੱਥਾ ਬਲਾਕ ਮੋਗਾ-1 ਦੇ ਪਿੰਡ ਚੜਿੱਕ, ਮੱਲ੍ਹੀਆਂ, ਬੁੱਟਰ, ਤਖਾਣਵੱਧ, ਢੁੱਡੀਕੇ, ਚੂਹੜਚੱਕ, ਝੰਡੇਆਣਾ ਸ਼ਰਕੀ, ਮਹਿਣਾ, ਧੂੜਕੋਟ ਕਲਾਂ ਅਤੇ ਧੂੜਕੋਟ ਚੜ੍ਹਤ ਸਿੰਘ ਵਾਲਾ ਪਹੁੰਚਿਆ। ਇਸ ਮੌਕੇ ਵੱਖ-ਵੱਖ ਪਿੰਡਾਂ ਵਿਚ ਕਿਰਤੀ ਲੋਕਾਂ ਨੇ ਜੱਥੇ ਦਾ ਗ਼ਰਮਜੋਸ਼ੀ ਨਾਲ ਸੁਆਗਤ ਕੀਤਾ।ਇਸ ਜੱਥੇ ਦੀ ਅਗਵਾਈ ਬਲਾਕ ਮੋਗਾ-1 ਦੇ ਸਕੱਤਰ ਬਲਕਰਨ ਮੋਗਾ, ਜ਼ਿਲ੍ਹਾ ਅਗਜ਼ੈਕਟਿਵ ਮੈਂਬਰ ਮਲਕੀਤ ਸਿੰਘ ਚੜਿੱਕ, ਸਵਰਾਜ ਢੁੱਡੀਕੇ, ਇਕਬਾਲ ਤਖਾਣਵੱਧ, ਮੰਗਤ ਬੁੱਟਰ, ਹੈਪੀ ਬਾਵਾ, ਗੁਰਮੀਤ ਚੂਹੜਚੱਕ ਨੇ ਕੀਤੀ। ਇਨ੍ਹਾਂ ਸਮਾਗਮਾਂ ਵਿਚ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਵੱਲੋਂ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਜਗਰੂਪ ਨੇ ਕਿਹਾ ਕਿ ਦੇਸ਼ ਅਤੇ ਪੰਜਾਬ ਵਿਚ ਵੱਖ-ਵੱਖ ਸਮਿਆਂ 'ਤੇ ਰਾਜ ਕਰਦੀਆਂ ਰਾਜਨੀਤਕ ਪਾਰਟੀਆਂ ਨੇ ਦੇਸ਼ ਦੀ ਆਰਥਿਕਤਾ ਤਬਾਹੀ ਦੇ ਕੰਢੇ 'ਤੇ ਲਿਆ ਖੜੀ ਕੀਤੀ ਹੈ। ਸਰਕਾਰਾਂ ਦੀਆਂ ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਨੇ ਜਿੱਥੇ ਕਿਸਾਨੀ ਨੂੰ ਤਬਾਹੀ ਦੇ ਕੰਢੇ 'ਤੇ ਪਹੁੰਚਾਇਆ ਹੈ, ਉਥੇ ਕਿਰਤੀ ਮਜ਼ਦੂਰਾਂ ਤੋਂ ਵੀ ਕੰਮ ਖੋਹ ਲਿਆ ਹੈ। ਨਵੀਂ ਤਕਨੀਕ ਅਤੇ ਮਿਸ਼ਨਰੀ 'ਤੇ ਵਿੱਤੀ ਪੂੰਜੀ ਦਾ ਗਲਬੇ ਨੇ ਲੱਖਾਂ-ਕਰੋੜਾਂ ਦੀ ਗਿਣਤੀ ਵਿਚ ਜਿੱਥੇ ਕਿਰਤੀਆਂ ਤੋਂ ਕੰਮ ਖੋਹਿਆ ਹੈ, ਉਥੇ ਨਵੀਂ ਜਵਾਨੀ ਨੂੰ ਬੇਰੁਜ਼ਗਾਰੀ ਦੇ ਮੂੰਹ ਵਿਚ ਧੱਕ ਦਿੱਤਾ ਹੈ। ਇਕੱਲੇ ਪੰਜਾਬ ਵਿੱਚ ਹੀ 75 ਲੱਖ ਦੇ ਕਰੀਬ ਬੇਰੁਜ਼ਗਾਰ ਹਨ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਅੱਗੋਂ ਹੋਰ ਸਮਾਜਿਕ ਬੁਰਾਈਆਂ ਦਾ ਕਾਰਨ ਬਣ ਰਹੀ ਹੈ। ਇਸ ਲਈ ਸਮਾਜ ਵਿਚ ਘਾਤਕ ਹੱਦ ਤੱਕ ਬਣੇ ਅਸਾਵੇਂਪਣ ਨੂੰ ਦੂਰ ਕਰਨ ਲਈ ਹਰ ਇੱਕ ਲਈ ਸਿਹਤ, ਵਿੱਦਿਆ ਅਤੇ ਰੁਜ਼ਗਾਰ ਦੀ ਕਾਨੂੰਨੀ ਗਾਰੰਟੀ ਬਣਾਉਣਾ ਸਾਡੀ ਸਭ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਨੇ ਆਪਣੀ ਮਿਹਨਤ ਨਾਲ ਸਮਾਜ ਦੇ ਭਲੇ ਵਿਚ ਆਪਣਾ ਯੋਗਦਾਨ ਪਾਇਆ ਹੈ, ਇਸ ਲਈ ਉਸ ਦਾ ਹੱਕ ਬਣਦਾ ਹੈ ਕਿ ਉਸ ਦਾ ਬੁਢਾਪਾ ਸੁਰੱਖਿਅਤ ਰਹੇ। ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੁਢਾਪੇ ਸਮੇਂ ਹਰ ਨਾਗਰਿਕ ਨੂੰ ਘੱਟੋ-ਘੱਟ 3000 ਰੁਪਏ ਮਹੀਨਾ ਬੁਢਾਪਾ ਪੈਨਸ਼ਨ ਦੇਵੇ। ਉਨ੍ਹਾਂ ਕਿਹਾ ਕਿ ਲੋਕ ਹੱਕਾਂ ਨੂੰ ਕੁਚਲਣ ਵਾਲੇ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਇਸ ਮੌਕੇ ਸੀ.ਪੀ.ਆਈ ਦੇ ਹਾਜ਼ਰ ਆਗੂਆਂ ਵਿਚ ਕੁਲਦੀਪ ਭੋਲਾ, ਸੁਖਦੇਵ ਭੋਲਾ, ਮਹਿੰਦਰ ਧੂੜਕੋਟ, ਸੁਖਜਿੰਦਰ ਮਹੇਸਰੀ, ਜਗਸੀਰ ਖੋਸਾ, ਮਨਪ੍ਰੀਤ ਰੌਲੀ ਸ਼ਾਮਲ ਸਨ।