ਭੁੱਲਰ ਨੂੰ ਫਾਂਸੀ ਦੀ ਸਜ਼ਾ ਗਲਤ ਤੱਥਾਂ 'ਤੇ ਸੁਣਾਈ ਗਈ : ਕਾਟਜੂ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਅਫਜ਼ਲ ਗੁਰੂ ਤੇ ਯਾਕੂਬ ਮੈਨਨ ਨਿਰਦੋਸ਼ ਸਨ ਤੇ ਉਨ੍ਹਾਂ ਨੂੰ ਫਾਂਸੀ ਦੇਣਾ ਗਲਤ ਸੀ। ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਗਲਤ ਤੱਥਾਂ ਦੇ ਅਧਾਰਤ ਤੇ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਜਦਕਿ ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਸੀ। ਜਦੋਂ ਮੈਂ ਇਸ ਬਾਰੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਤੇ ਆਪਣੀ ਸਿਆਸੀ ਮਜ਼ਬੂਰੀ ਦੱਸਦਿਆਂ ਚੁੱਪੀ ਧਾਰ ਲਈ ਸੀ।ਇਸ ਗੱਲ ਦਾ ਖੁਲਾਸਾ ਦੇਸ਼ ਦੇ ਸਾਬਕਾ ਚੀਫ ਜਸਟਿਸ ਮਾਰਕੰਡੇ ਕਾਟਜੂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰੋਂ ਭੁੱਲਰ ਨੂੰ ਉਹ ਜਾਣਦੇ ਤਕ ਨਹੀਂ ਸਨ ਪਰ ਜਿਸ ਵੇਲੇ ਉਨ੍ਹਾਂ ਨੂੰ ਸ਼ਜਾ ਹੋਈ ਉਹ ਘਰ ਚ ਬੈਠੇ ਟੀਵੀ ਦੇਖ ਰਹੇ ਸਨ। ਇਸ ਬਾਰੇ ਜਦੋਂ ਪਤਾ ਕੀਤਾ ਤੇ ਜੱਜਮੈਂਟ ਦੇਖੀ ਤਾਂ ਪਤਾ ਲੱਗਾ ਕਿ ਬਿਲਕੁਲ ਗਲਤ ਤੱਥਾਂ ਦੇ ਅਧਾਰ ਤੇ ਉਨ੍ਹਾਂ ਨੂੰ ਫਾਂਸੀ ਦਾ ਫੈਸਲਾ ਸੁਣਾਇਆ ਗਿਆ ਹੈ। ਉਨ੍ਹਾਂ ਆਪਣੀ ਤੇ ਖੁਦ ਤੋਂ ਪਹਿਲਾਂ ਦਿੱਤੀ ਦੇਸ਼ ਦੇ ਚੀਫ ਜਸਟਿਸ ਦੀ ਜੱਜਮੈਂਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਜਿਸ ਕੇਸ ਚ ਸਾਰੇ ਜੱਜਾਂ ਦੀ ਸਹਿਮਤੀ ਨਾ ਹੋਵੇ ਤਾਂ ਫਾਂਸੀ ਨਹੀਂ ਦਿਤੀ ਜਾ ਸਕਦੀ। ਇਸ ਮਾਮਲੇ ਚ ਵੀ ਤਿਨ ਚੋਂ 1 ਜੱਜ ਨੇ ਫਾਂਸੀ ਦਾ ਵਿਰੋਧ ਕੀਤਾ। ਜਸਟਿਸ ਐਮ ਵੀ ਸ਼ਾਹ ਨੇ ਵਿਰੋਧ ਇਸ ਲਈ ਕੀਤਾ ਸੀ ਕਿ ਕਿਉਂਕਿ ਭੁੱਲਰ ਨੂੰ ਸਾਜਿਸ਼ ਰਚਣ ਦੇ ਦੋਸ਼ਾਂ ਤਹਿਤ ਫਾਂਸੀ ਦੀ ਸਜਾ ਸੁਣਾਈ ਗਈ ਸੀ ਜਦਕਿ ਬਾਕੀ ਦੇ ਦੋਸ਼ੀ ਬਰੀ ਕਰ ਦਿਤੇ ਗਏ ਸਨ। ਸਾਜਿਸ਼ ਦੇ ਅਧਾਰ ਤੇ ਫਾਂਸੀ ਦੇਣ ਲਈ ਘੱਟੋ ਘੱਟ 2 ਜਣਿਆਂ ਦਾ ਸਾਜਿਸ਼ ਚ ਸ਼ਾਮਲ ਹੋਣਾ ਲਾਜ਼ਮੀ ਹੁੰਦਾ ਹੈ ਪਰ ਇਸ ਮਾਮਲੇ ਚ ਇਕੱਲੇ ਭੁੱਲਰ ਨੂੰ ਹੀ ਸਜ਼ਾ ਸੁਣਾ ਦਿਤੀ ਗਈ। ਇਸ ਲਈ ਇਹ ਫੈਸਲਾ ਸਰਾਸਰ ਗਲਤ ਸੀ।
ਉਨ੍ਹਾਂ ਦਿਲਚਸਪ ਖੁਲਾਸਾ ਕਰਦਿਆਂ ਦੱਸਿਆ ਕਿ ਜਦ ਮੈਂ ਜੱਜਮੈਂਟ ਦੇਖੀ ਤਾਂ ਮੈਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮਿਲਿਆ ਤੇ ਸਾਰੀ ਗੱਲ ਦੱਸੀ। ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਮੇਰੀ ਗੱਲ ਨਾਲ ਸਹਿਮਤ ਤਾਂ ਹੋ ਗਏ ਪਰ ਉਨ੍ਹਾਂ ਕੁਝ ਵੀ ਕਰਨ ਤੋਂ ਇਨਕਾਰ ਕਰ ਦਿਤਾ ਤੇ ਕਿਹਾ ਕਿ ਤੁਸੀਂ ਤਾਂ ਜਾਣਦੇ ਹੀ ਹੋ ਮੇਰੀ ਮਜ਼ਬੂਰੀ ਹੈ। ਕਾਟਜੂ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦਾ ਰਿਮੋਟ 10 ਜਨਪਥ (ਭਾਵ ਸੋਨੀਆ ਗਾਂਧੀ) ਦੇ ਕੋਲ ਸੀ, ਸੋ ਉਨ੍ਹਾਂ ਨੇ ਹੱਥ ਖੜ੍ਹੇ ਕਰ ਦਿਤੇ।
ਉਨ੍ਹਾਂ ਕਿਹਾ ਕਿ ਇਸ ਤੋਂ ਬਾਦ ਮੈਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਕੋਲ ਗਿਆ ਜਿਨ੍ਹਾਂ ਨੇ ਮੇਰੀ ਗੱਲ ਨਾਲ ਸਹਿਮਤ ਹੁੰਦਿਆਂ ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫ ਕਰ ਦਿਤੀ। ਇਸ ਉਪਰੰਤ ਪ੍ਰੋਂ ਭੁੱਲਰ ਦੀ ਪਤਨੀ ਬੀਬੀ ਨਵਨੀਤ ਕੌਰ ਵਲੋਂ ਸਿੱਖਾਂ ਦੇ ਇਕ ਵਫਦ ਸਮੇਤ ਮੇਰਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦ ਕਿਸੇ ਵੀ ਸ਼ਖਸ ਨਾਲ ਗਲਤ ਹੁੰਦਾ ਹੈ ਤਾਂ ਉਹ ਇਸ ਦੇ ਖਿਲਾਫ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰੋਂ ਭੁੱਲਰ ਨੂੰ ਬਿਨਾ ਸ਼ਰਤ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਮਾਮਲੇ ਚ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਧ ਘਾਣ ਹੋਇਆ ਹੈ। ਉਨ੍ਹਾਂ ਕਿਹਾ ਕਿ ਅਫਜ਼ਲ ਗੁਰੂ ਤੇ ਯਾਕੂਬ ਮੈਨਨ ਦੀ ਜੱਜਮੈਂਟ ਪੜ੍ਹੋਂ ਤਾਂ ਸਾਫ ਪਤਾ ਚੱਲ ਜਾਦਾ ਹੈ ਕਿ ਇਨ੍ਹਾਂ ਤਿੰਨਾਂ ਮਾਮਲਿਆਂ ਚ ਜੱਜਾਂ ਨੇ ਜੁਡੀਸ਼ੀਅਰੀ ਦੇ ਨਿਯਮਾਂ ਦਾ ਪੂਰੀ ਤਰਾਂ ਘਾਣ ਕੀਤਾ ਹੈ ਤੇ ਫੈਸਲੇ ਸਿਰਫ ਆਪਣੀ ਵਾਹੋ-ਵਾਹੀ ਖੱਟਣ ਲਈ ਹੀ ਸੁਣਾਏ ਸਨ। ਉਨ੍ਹਾਂ ਕੇਸਾਂ ਦੇ ਫੈਸਲਿਆਂ ਚ 25-30 ਸਾਲ ਲੱਗਣ ਦੀ ਗੱਲ ਵੀ ਜਿਕਰ ਕਰਦਿਆਂ ਕਿਹਾ ਕਿ ਇਹ ਸਰਾਸਰ ਧੱਕਾ ਤੇ ਨਾਅਹਿਲੀਅਤ ਦਾ ਨਤੀਜਾ ਹੈ।
ਪੁਲਿਸ ਕੈਟ ਤੇ ਸਾਬਕਾ ਪੁਲਿਸ ਅਫਸਰ ਰਹੇ ਗੁਰਮੀਤ ਸਿੰਘ ਪਿੰਕੀ ਵਲੋਂ ਝੂਠੇ ਪੁਲਿਸ ਮੁਕਾਬਲਿਆਂ ਦਾ ਖੁਲਾਸਾ ਕੀਤੇ ਜਾਣ ਦੇ ਮਾਮਲੇ ਤੇ ਦੇਸ਼ ਦੇ ਸਾਬਕਾ ਚੀਫ ਜਸਟਿਸ ਨੇ ਕਿਹਾ ਹੈ ਕਿ ਪਿੰਕੀ ਵਰਗਿਆਂ ਨੂੰ ਸਿਧੇ ਤੌਰ ਤੇ ਫਾਂਸੀ ਤੇ ਟੰਗਣਾ ਚਾਹੀਦਾ ਹੈ।
ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਆਏ ਕੇਸਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਅਜਿਹੇ ਕੇਸਾਂ ਚ ਝੂਠਾ ਪੁਲਿਸ ਮੁਕਾਬਲਾ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਤੇ ਇਹੀ ਸੁਪਰੀਮ ਕੋਰਟ ਦੀ ਜੱਜ ਮੈਂਟ ਹੈ।
ਉਨ੍ਹਾ ਕਿਹਾ ਕਿ ਮੈਂ ਸਿਧੇ ਤੌਰ ਤੇ ਪੰਜਾਬ ਦੇ ਸਾਰੇ ਪੁਲਿਸ ਮੁਲਾਜ਼ਮਾਂ, ਅਫਸ਼ਰਾਂ ਸਮੇਤ ਡੀਜੀਪੀ ਨੂੰ ਚਿਤਾਵਨੀ ਦੇਣਾ ਚਾਹੁੰਦਾ ਹਾਂ ਕਿ ਉਹ ਅਜਿਹੇ ਕਾਰੇ ਨਾ ਕਰਨ। ਉਨ੍ਹਾਂ ਸਰਕਾਰ ਨੂੰ ਵੀ ਤਾਕੀਤ ਕੀਤੀ ਕਿ ਅਜਿਹੇ ਪੁਲਿਸ ਅਫਸਰਾਂ ਨੂੰ ਬਿਨਾ ਦੇਰੀ ਗ੍ਰਿਫਤਾਰ ਕਰਕੇ ਕਾਨੂੰਨੀ ਸਜ਼ਾ ਰਾਹੀਂ ਫਾਂਸੀ ਤੇ ਚੜਾਇਆ ਜਾਵੇ।
ਉਨ੍ਹਾਂ ਕਿਹਾ ਕਿ ਪੁਲਿਸ ਦਾ ਕੰਮ ਹੁੰਦਾ ਹੈ ਲਾਅ ਐਂਡ ਆਰਡਰ ਕਾਇਮ ਕਰਨਾ ਨਾ ਕਿ ਨਿਰਦੋਸ਼ਾਂ ਤੇ ਗੋਲੀਆਂ ਚਲਾਉਣਾ। ਇਸ ਲਈ ਪਿੰਕੀ ਤੇ ਹੋਰ ਜਿੰਨੇ ਵੀ ਝੂਠੇ ਪੁਲਿਸ ਮੁਕਾਬਲਾ ਕਰਨ ਵਾਲੇ ਹਨ, ਨੂੰ ਫਾਂਸੀ ਤੇ ਲਟਕਾਇਆ ਜਾਣਾ ਚਾਹੀਦਾ ਹੈ।
ਦੇਸ਼ ਦੇ ਸਾਬਕਾ ਚੀਫ ਜਸਟਿਸ ਮਾਰਕੰਡੇ ਕਾਟਜੂ ਵਲੋਂ ਪੰਜਾਬ ਦੀ ਅਕਾਲੀ-ਬੀਜੇਪੀ ਸਰਕਾਰ ਵਲੋਂ ਸਰਬੱਤ ਖਾਲਸਾ ਕਰਨ ਵਾਲਿਆਂ ਖਿਲਾਫ ਦਰਜ ਕੀਤੇ ਗਏ ਦੇਸ਼ ਧ੍ਰੋਹ ਦੇ ਕੇਸਾਂ ਨੂੰ ਗਲਤ ਕਰਾਰ ਦਿਤਾ ਹੈ।
ਜਸਟਿਸ ਕਾਟਜੂ ਨੇ ਕਿਹਾ ਕਿ ਇਹ ਕੇਸ ਗਲਤ ਦਰਜ ਕੀਤੇ ਗਏ ਹਨ। ਉਨ੍ਹਾਂ ਵਿਸਥਾਰ ਚ ਦੱਸਦਿਆਂ ਕਿਹਾ ਕਿ ਖਾਲਿਸਤਾਨ ਦੀ ਮੰਗ ਕਰਨਾ ਗਲਤ ਨਹੀਂ ਹੈ ਕਿਉਂਕਿ ਦੇਸ਼ ਚ ਬੋਲਣ ਦਾ ਅਧਿਕਾਰ ਹੈ। ਇਸ ਲਈ ਜੇਕਰ ਉਥੇ ਖਾਲਿਸਤਾਨ ਦੀ ਮੰਗ ਕਾਰਨ ਕੇਸ ਦਰਜ ਕੀਤੇ ਗਏ ਹਨ ਤਾਂ ਉਹ ਗਲਤ ਹਨ। ਉਨ੍ਹਾਂ ਕਿਹਾ ਕਿ ਦਰਅਸਲ ਦੇਸ਼ ਧ੍ਰੋਹ ਦਾ ਕੇਸ ਤਾਂ ਹੀ ਦਰਜ ਕੀਤਾ ਜਾ ਸਕਦਾ ਹੈ ਜੇਕਰ ਖਾਲਿਸਤਾਨ ਦੀ ਮੰਗ ਲਈ ਕਿਸੇ ਦਾ ਖੂਨ ਵਹਾਇਆ ਜਾਵੇ, ਹਿੰਸਾ ਕਰਨ ਵਾਲੀਆਂ ਜਥੇਬੰਦੀਆਂ ਕਾਇਮ ਕੀਤੀਆਂ ਜਾਣ ਤੇ ਜਾਂ ਫੇਰ ਲੋਕਾਂ ਨੂੰ ਉਕਸਾ ਕੇ ਹਿੰਸਾ ਕਰਵਾਈ ਜਾਵੇ।
ਜਸਟਿਸ ਕਾਟਜੂ ਨੇ ਪੰਜਾਬ ਦੀ ਬਾਦਲ ਸਰਕਾਰ ਤੇ ਖਾਸ ਤੌਰ ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ''ਮੈਨੂੰ ਸਮਝ ਨਹੀਂ ਆ ਰਿਹਾ ਕਿ ਪੰਜਾਬ ਚੱਲ ਕਿੰਝ ਰਿਹਾ ਹੈ। ਉਨ੍ਹਾਂ ਕਿਹਾ ਕਿ ਇਥੇ ਬਾਦਲ ਮੁੱਖ ਮੰਤਰੀ ਹਨ, ਉਨ੍ਹਾਂ ਦਾ ਪੁੱਤਰ ਡਿਪਟੀ ਮੁੱਖ ਮੰਤਰੀ ਹੈ, ਨੂੰਹ ਕੇਂਦਰ ਚ ਮੰਤਰੀ ਹੈ, ਜਵਾਈ ਪੰਜਾਬ ਚ ਕੈਬਨਟ ਮੰਤਰੀ ਹੈ ਤੇ ਨੂੰਹ ਦਾ ਭਾਈ ਵੀ ਕੈਬਨਟ ਮੰਤਰੀ ਹੈ। ਇਹ ਹੋ ਕੀ ਰਿਹਾ ਹੈ? ਮੈਨੂੰ ਹੁਣੇ ਦੱਸਿਆ ਗਿਆ ਹੈ ਕਿ ਇਥੇ ਟਰਾਂਸਪੋਰਟ ਤੇ ਕਬਜੇ ਕੀਤੇ ਗਏ ਹਨ, ਕੇਬਲ ਨੈਟਵਰਕ ਤੇ ਕਬਜਾ ਕੀਤਾ ਗਿਆ ਹੈ, ਰੇਤਾ-ਬਜਰੀ ਤੇ ਕਬਜਾ ਕੀਤਾ ਗਿਆ ਹੈ। ਇਹ ਪੰਜਾਬ ਚੱਲ ਕਿਵੇਂ ਰਿਹਾ ਹੈ ਮੈਂ ਹੈਰਾਨ ਹਾਂ।
ਦੇਸ਼ ਚ ਅਸਹਿਣਸ਼ੀਲਤਾ ਬਾਰੇ ਵਿਚਾਰ ਪੇਸ਼ ਕਰਦਿਆਂ ਸਾਬਕਾ ਚੀਫ ਜਸਟਿਸ ਆਫ ਇੰਡੀਆ ਮਾਰਕੰਡੇ ਕਾਟਜੂ ਨੇ ਕਿਹਾ ਕਿ ਨਿਸ਼ਚਤ ਤੌਰ ਤੇ ਇਸ ਵੇਲੇ ਅਸਹਿਣਸ਼ੀਲਤਾ ਵਧੀ ਹੈ ਤੇ ਇਸ ਪਿਛੇ ਸਿਧੇ ਤੌਰ ਤੇ ਸਿਆਸੀ ਪਾਰਟੀਆਂ ਜਿੰਮੇਵਾਰ ਹਨ।ਕਾਟਜੂ ਨੇ ਕਿਹਾ ਕਿ ਦਰਅਸਲ ਇਸ ਲਈ ਬੀਜੇਪੀ ਵੀ ਜਿੰਮੇਵਾਰ ਹੈ ਤੇ ਉਹ ਸਭ ਪਾਰਟੀਆਂ ਵੀ ਜਿੰਮੇਵਾਰ ਹਨ ਜੋ ਸੱਤਾ ਤੋਂ ਬਾਹਰ ਹਨ।
ਸਿਆਸੀ ਪਾਰਟੀਆਂ ਲੋਕਾਂ ਨੂੰ ਇਕੱਠੇ ਨਹੀਂ ਹੋਣ ਦਿੰਦੀਆਂ ਤੇ ਆਪਣੇ ਵੋਟ ਬੈਂਕ ਵਧਾਉਣ ਤੇ ਕੁਰਸੀ ਲਈ ਲੋਕਾਂ ਨੂੰ ਜਾਤ ਪਾਤ,ਧਰਮ ਤੇ ਹੋਰ ਮੁੱਦਿਆਂ ਤੇ ਆਪਸ ਚ ਲੜਾਉਂਦੀਆਂ ਰਹਿੰਦੀਆਂ ਹਨ। ਅੱਜ ਤਕ ਅਜਿਹਾ ਹੀ ਹੁੰਦਾ ਆਇਆ ਹੈ ਤੇ ਹੁੰਦਾ ਰਹੇਗਾ ਜਦ ਤਕ ਕਿ ਲੋਕ ਜਾਗ ਨਹੀਂ ਜਾਂਦੇ।ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਨੂੰ ਅੱਗੇ ਜਾਣਾ ਚਾਹੀਦਾ ਸੀ ਪਰ ਇਨ੍ਹਾ ਲੀਡਰਾਂ ਕਰਕੇ ਹੀ ਦੇਸ਼ ਅੱਗੇ ਨਹੀਂ ਵਧ ਰਿਹਾ ਕਿਉਂਕਿ ਇਹ ਲੋਕਾਂ ਨੂੰ ਆਪਸ ਚ ਵੰਡ ਦਿੰਦੇ ਹਨ ਤੇ ਲੋਕ ਆਪਸ ਚ ਹੀ ਝਗੜਦੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਚ 90 ਫੀਸਦੀ ਬਿਊਰੋਕਰੇਸੀ ਤੇ 50 ਫੀਸਦੀ ਜੁਡੀਸ਼ੀਅਰੀ ਕਰੱਪਟ ਹੈ। ਪਹਿਲਾਂ ਨਿਚਲੇ ਪੱਧਰ ਦੀ ਜੁਡੀਸ਼ਅਰੀ ਹੀ ਕਰੱਪਟ ਸੀ ਪਰ ਹੁਣ ਇਹ ਉਪਰ ਤਕ ਪੁੱਜ ਗਈ ਹੈ। ਮੇਰੀ ਜਾਣਕਾਰੀ ਅਨੁਸਾਰ ਦੇਸ਼ ਦੇ ਪਿਛਲੇ 16 ਚੀਫ ਜਸਟਿਸ ਵਿਚੋ ਅੱਧੇ ਤੋਂ ਜ਼ਿਆਦਾ ਕਰੱਪਟ ਸਨ। ਇਸ ਲਈ ਹੁਣ ਲੋਕਾਂ ਨੂੰ ਜਾਗਣਾ ਪਵੇਗਾ ਤੇ ਮੈਨੂੰ ਉਮੀਦ ਹੈ ਕਿ 10 ਸਾਲ ਬਾਦ ਜਾਂ ਉਸ ਤੋਂ ਵੀ ਬਾਦ ਲੋਕ ਜਾਗਣਗੇ ਤੇ ਬਗਾਵਤ ਹੋਵੇਗੀ। ਉਪਰੰਤ ਸੱਤਾ ਤੇ ਦੇਸ਼ ਚ ਸੁਧਾਰ ਹੋਵੇਗਾ।