ਕਾਮਰੇਡ ਬਰਧਨ ਦੀ ਹਾਲਤ ਅਤਿ ਨਾਜ਼ੁਕ

ਨਵੀਂ ਦਿੱਲੀ (ਨ ਜ਼ ਸ)
ਸੀ ਪੀ ਆਈ ਦੇ ਬਜ਼ੁਰਗ ਆਗੂ ਏ ਬੀ ਬਰਧਨ ਦੀ ਹਾਲਤ ਲਗਾਤਾਰ ਅਤਿ ਨਾਜ਼ੁਕ ਬਣੀ ਹੋਈ ਹੈ। ਸ੍ਰੀ ਬਰਧਨ ਨੂੰ ਪਿਛਲੇ ਸੋਮਵਾਰ ਬ੍ਰੇਨ ਸਟਰੋਕ ਹੋਣ ਤੋਂ ਬਾਅਦ ਜੀ ਪੀ ਪੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਬਰਧਨ 92 ਸਾਲਾਂ ਦੇ ਹਨ। ਉਨ੍ਹਾ ਨੂੰ ਹਾਲਤ ਖ਼ਰਾਬ ਹੋਣ ਕਾਰਨ ਆਈ ਸੀ ਯੂ 'ਚ ਰੱਖਿਆ ਗਿਆ ਹੈ। ਸ੍ਰੀ ਬਰਧਨ ਨੇ ਮਜ਼ਦੂਰ ਅੰਦੋਲਨ ਅਤੇ ਖੱਬੀਆਂ ਪਾਰਟੀਆਂ 'ਚ ਅਹਿਮ ਯੋਗਦਾਨ ਦਿੱਤਾ। ਬਰਧਨ ਹੁਰਾਂ ਨੂੰ ਮਿਲਣ ਅਤੇ ਦੇਖਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸੀ ਪੀ ਐਮ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ, ਕਾਂਗਰਸੀ ਆਗੂ ਰੇਣੂਕਾ ਚੌਧਰੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੁਪਰੀਮੋ ਸ਼ਰਦ ਪਵਾਰ, ਜਨਤਾ ਦਲ ਯੂ ਦੇ ਆਗੂ ਸ਼ਰਦ ਯਾਦਵ, ਤੇਲਗੂ ਦੇਸਮ ਪਾਰਟੀ ਦੇ ਮੁਖੀ ਚੰਦਰ ਬਾਬੂ ਨਾਇਡੂ ਵੀਰਵਾਰ ਨੂੰ ਹਸਪਤਾਲ ਪਹੁੰਚੇ ਅਤੇ ਉਨ੍ਹਾ ਨੇ ਡਾਕਟਰਾਂ ਤੋਂ ਸ੍ਰੀ ਬਰਧਨ ਦੀ ਸਿਹਤ ਬਾਰੇ ਜਾਣਕਾਰੀ ਲਈ। ਸ੍ਰੀ ਬਰਧਨ ਦੀ ਸਿਹਤ ਦਾ ਪਤਾ ਲੈਣ ਅਤੇ ਸਾਂਭ-ਸੰਭਾਲ ਉਨ੍ਹਾ ਦੇ ਪੁੱਤਰ ਅਸ਼ੋਕ ਅਤੇ ਧੀ ਅਮਰੀਕਾ ਤੋਂ ਅਹਿਮਦਾਬਾਦ ਪਹੁੰਚ ਗਏ ਹਨ।