Latest News

ਤੋਤਾ ਸਿੰਘ ਨੇ ਅਸਤੀਫਾ ਨਾ ਦਿੱਤਾ ਤਾਂ ਘਰ ਦਾ ਘਿਰਾਓ ਕਰਾਂਗੇ : ਸੰਜੇ ਸਿੰਘ

Published on 11 Dec, 2015 11:20 AM.


ਬਠਿੰਡਾ (ਬਖਤੌਰ ਢਿੱਲੋਂ)
ਕਪਾਹ ਪੱਟੀ ਦੇ ਕਰੀਬ ਡੇਢ ਸੌ ਕਿਸਾਨਾਂ ਦੀਆਂ ਮੌਤਾਂ ਆਤਮ-ਹੱਤਿਆਵਾਂ ਨਹੀਂ ਬਲਕਿ ਸਰਕਾਰੀ ਤੌਰ 'ਤੇ ਕੀਤੇ ਗਏ ਕਤਲ ਹਨ। ਇਹ ਦੋਸ਼ ਲਾਉਂਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਕੇਂਦਰੀ ਇੰਚਾਰਜ ਸੰਜੇ ਸਿੰਘ ਨੇ ਚੁਣੌਤੀ ਦਿੱਤੀ ਕਿ ਅਗਰ ਖੇਤੀ ਮੰਤਰੀ ਤੋਤਾ ਸਿੰਘ ਨੇ ਅਸਤੀਫਾ ਨਾ ਦਿੱਤਾ ਤਾਂ ਉਹਨਾ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ।
ਮਾਨਸਾ ਜ਼ਿਲ੍ਹੇ ਤਹਿਤ ਪੈਂਦੇ ਪਿੰਡ ਸਾਹਨੇਵਾਲੀ ਦੇ ਉਸ ਨੌਜਵਾਨ ਕਿਸਾਨ, ਜਿਸ ਨੇ ਨਰਮੇ ਦੀ ਫਸਲ ਤਬਾਹ ਹੋਣ ਦੇ ਬਾਵਜੂਦ ਮੁਆਵਜ਼ਾ ਨਾ ਮਿਲਣ 'ਤੇ ਦੁਖੀ ਹੋ ਕੇ ਆਤਮ-ਹੱਤਿਆ ਕਰ ਲਈ ਸੀ, ਦੇ ਪਰਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਜੇ ਸਿੰਘ ਨੇ ਦੱਸਿਆ ਕਿ ਕੈਂਸਰ ਦੀ ਬਿਮਾਰੀ ਕਾਰਨ ਉੱਥੋਂ ਦੇ ਤੀਹ-ਪੈਂਤੀ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦ ਕਿ ਅਣਗਿਣਤ ਇਸ ਅਲਾਮਤ ਤੋਂ ਪੀੜਤ ਹਨ।
ਆਪ ਆਗੂ ਮੁਤਾਬਕ ਹੁਣ ਤੱਕ ਕਪਾਹ ਪੱਟੀ ਦੇ ਡੇਢ ਸੌ ਦੇ ਕਰੀਬ ਕਿਸਾਨ ਆਤਮ-ਹੱਤਿਆਵਾਂ ਕਰ ਚੁੱਕੇ ਹਨ, ਲੇਕਿਨ ਜ਼ਿੰਮੇਵਾਰੀ ਤੋਂ ਬਚਣ ਲਈ ਰਾਜ ਸਰਕਾਰ ਅੰਕੜਿਆਂ ਨਾਲ ਛੇੜਛਾੜ ਕਰਕੇ ਇਹ ਸਾਬਤ ਕਰਨ ਲਈ ਯਤਨਸ਼ੀਲ ਹੈ ਕਿ ਨਰਮੇ ਦੀ ਫ਼ਸਲ ਦੀ ਤਬਾਹੀ ਦੇ ਬਜਾਏ ਅਜਿਹੀਆਂ ਮੌਤਾਂ ਦੇ ਕਾਰਨ ਘਰੇਲੂ ਕਲੇਸ਼ ਜਾਂ ਹੋਰ ਸਮੱਸਿਆਵਾਂ ਹਨ। ਇਸ ਦੁਖਾਂਤ ਲਈ ਤੋਤਾ-ਬਾਦਲ ਜੋੜੀ ਨੂੰ ਮੁੱਖ ਦੋਸ਼ੀ ਕਰਾਰ ਦਿੰਦਿਆਂ ਉਹਨਾ ਕਿਹਾ ਕਿ ਘਟੀਆ ਬੀਜ ਅਤੇ ਕੀਟਨਾਸ਼ਕ ਮੁਹੱਈਆ ਕਰਵਾਉਣ ਦਾ ਜ਼ੁੰਮੇਵਾਰ ਤੋਤਾ ਸਿੰਘ ਹੈ, ਜਦ ਕਿ ਖੇਤੀਬਾੜੀ ਵਿਭਾਗ ਦਾ ਵਜ਼ੀਰ ਬਰਕਰਾਰ ਰੱਖ ਕੇ ਮੁੱਖ ਮੰਤਰੀ ਸ੍ਰੀ ਬਾਦਲ ਵੀ ਉਸ ਦੇ ਗੁਨਾਹਾਂ ਦਾ ਭਾਗੀਦਾਰ ਹੈ। ਸੰਜੇ ਸਿੰਘ ਨੇ ਦੱਸਿਆ ਕਿ ਵਹਿਸ਼ੀ ਤਸ਼ੱਦਦ ਕਰਦਿਆਂ ਭਾਵੇਂ ਪੁਲਸ ਨੇ ਉਹਨਾ ਦੀ ਪਾਰਟੀ ਦੇ ਯੂਥ ਵਿੰਗ ਦੇ ਵਰਕਰਾਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਉੱਥੋਂ ਤੱਕ ਨਹੀਂ ਪੁੱਜਣ ਦਿੱਤਾ, ਪਰ ਤੋਤਾ ਸਿੰਘ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ 15 ਦਸੰਬਰ ਦੇ ਦਿਨ ਸਾਰੇ ਪੰਜਾਬ ਵਿੱਚ ਰੋਸ ਮਾਰਚ ਕੀਤੇ ਜਾਣਗੇ। ਜੇਕਰਸਰਕਾਰ ਫਿਰ ਵੀ ਟੱਸ ਤੋਂ ਮੱਸ ਨਾ ਹੋਈ ਤਾਂ ਖੇਤੀਬਾੜੀ ਮੰਤਰੀ ਦੇ ਘਰ ਨੂੰ ਘੇਰਿਆ ਜਾਵੇਗਾ। ਆਪ ਆਗੂ ਨੇ ਦੱਸਿਆ ਕਿ ਅਗਰ ਅਗਲੇ ਦਸ ਦਿਨਾਂ ਵਿੱਚ ਆਤਮ-ਹੱਤਿਆ ਕਰ ਚੁੱਕੇ ਸਾਹਨੇਵਾਲੀ ਪਿੰਡ ਦੇ ਕਿਸਾਨ ਦੇ ਪਰਵਾਰ ਨੂੰ ਦਸ ਲੱਖ ਰੁਪਏ ਦਾ ਮੁਆਵਜ਼ਾ ਅਤੇ ਪਿੰਡ ਦੇ ਆਰ ਓ ਪਲਾਂਟ ਨੂੰ ਚਾਲੂ ਨਾ ਕੀਤਾ ਤਾਂ ਉਹਨਾ ਸਮੇਤ ਸੂਬੇ ਦੀ ਸਮੁੱਚੀ ਲੀਡਰਸ਼ਿਪ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਉਸ ਪਿੰਡ ਵਿੱਚ ਧਰਨਾ ਲਾਉਣਗੇ। ਆਪਣੀ ਪਾਰਟੀ ਵੱਲੋਂ ਉਹਨਾ ਮ੍ਰਿਤਕ ਕਿਸਾਨ ਦੇ ਪਿਤਾ ਨੂੰ ਇੱਕ ਲੱਖ ਰੁਪਏ ਦੀ ਰਾਹਤ ਦਾ ਚੈੱਕ ਵੀ ਦਿੱਤਾ। ਇਸ ਮੌਕੇ ਆਪ ਦੇ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋ: ਬਲਜਿੰਦਰ ਕੌਰ, ਲੀਗਲ ਸੈੱਲ ਦੇ ਮੁਖੀ ਹਿੰਮਤ ਸਿੰਘ ਸੇਰਗਿੱਲ, ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਨਰਿੰਦਰਪਾਲ ਭਗਤਾ ਅਤੇ ਮੀਡੀਆ ਇੰਚਾਰਜ ਨੀਲ ਗਰਗ ਵੀ ਮੌਜੂਦ ਸਨ।

699 Views

e-Paper