ਹਵਾਈ ਹਮਲੇ 'ਚ ਆਈ ਐੱਸ ਦਾ ਵਿੱਤ ਮੰਤਰੀ ਹਲਾਕ

ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਕੀਤੇ ਗਏ ਹਵਾਈ ਹਮਲਿਆਂ 'ਚ ਅੱਤਵਾਦੀ ਜਥੇਬੰਦੀ ਆਈ ਐਸ ਆਈ ਐਸ ਦਾ ਵਿੱਤੀ ਮਾਮਲਿਆਂ ਦਾ ਮੁਖੀ ਮਾਰਿਆ ਗਿਆ। ਅਮਰੀਕੀ ਫ਼ੌਜ ਦੇ ਤਰਜਮਾਨ ਕਰਨਲ ਸਟੀਵ ਵਾਰੇਨ ਨੇ ਬਗ਼ਦਾਦ ਤੋਂ ਵੀਡੀਉ ਕਾਨਫ਼ਰੰਸ 'ਚ ਦਸਿਆ ਕਿ ਨਵੰਬਰ ਦੇ ਅਖੀਰ 'ਚ ਅਬੂ ਸਾਲੇਹ ਮਾਰਿਆ ਗਿਆ। ਉਨ੍ਹਾ ਸਾਲੇਹ ਨੂੰ ਇਸ ਜਥੇਬੰਦੀ ਦੇ ਵਿੱਤੀ ਨੈਟਵਰਕ ਦਾ ਸਭ ਤੋਂ ਸੀਨੀਅਰ ਅਤੇ ਤਜਰਬੇਕਾਰ ਮੈਂਬਰ ਦਸਿਆ।
ਆਈ ਐਸ ਵਿਰੋਧੀ ਲੜਾਈ ਲਈ ਅਮਰੀਕੀ ਸਰਕਾਰ ਦੇ ਦੂਤ ਬ੍ਰੇਟ ਮੈਕਗਰਕ ਨੇ ਟਵਿਟਰ 'ਤੇ ਜਾਣਕਾਰੀ ਦਿੱਤੀ ਕਿ ਅਬੂ ਸਾਲੇਹ ਆਪਣੇ ਦੋ ਸਾਥੀਆਂ ਸਮੇਤ ਮਾਰਿਆ ਗਿਆ। ਉਨ੍ਹਾ ਨੇ ਅਬੂ ਸਾਲੇਹ ਨੂੰ ਆਈ ਐਸ ਆਈ ਐਸ ਦਾ ਵਿੱਤ ਮੰਤਰੀ ਦਸਿਆ। ਅਬੂ ਸਾਲੇਹ ਦਾ ਅਸਲ ਨਾਂਅ ਮੁਵਾਫਕ ਮੁਹੰਮਦ ਅਲ ਕਰਮੁਸ਼ ਹੈ। 42 ਸਾਲਾ ਇਸ ਇਰਾਕੀ ਦਾ ਨਾਂਅ ਅਮਰੀਕੀ ਵਿਦੇਸ਼ ਮੰਤਰਾਲੇ ਦੀ ਸੂਚੀ 'ਚ ਹੈ। ਵਾਰੇਨ ਨੇ ਕਿਹਾ ਕਿ ਸਾਲੇਹ ਅਤੇ ਉਸ ਦੇ ਸਾਥੀਆਂ ਦੀ ਮੌਤ ਇਸ ਜਥੇਬੰਦੀ ਅੰਦਰ ਵਿੱਤ ਦਾ ਇੰਤਜ਼ਾਮ ਕਰਨ ਦੇ ਗਿਆਨ ਅਤੇ ਪ੍ਰਤਿਭਾ ਦਾ ਅੰਤ ਹੈ।
ਅਮਰੀਕੀ ਫ਼ੌਜ ਦੇ ਤਰਜਮਾਨ ਨੇ ਕਿਹਾ ਕਿ ਇਸ ਹਵਾਈ ਹਮਲੇ 'ਚ ਆਈ ਐਸ ਆਈ ਐਸ ਦੀ ਵਿੱਤ ਵਿਵਸਥਾ ਨਾਲ ਜੁੜੇ ਦੋ ਹੋਰ ਵਿਅਕਤੀ ਮਾਰੇ ਗਏ ਹਨ। ਇਹਨਾਂ ਦੋਹਾਂ ਦੀ ਪਛਾਣ ਅਬੂ ਮਰੀਅਮ ਅਤੇ ਅਬੂ ਵਕਮਾਨ ਅਲ ਟਿਊਨਿਸ਼ ਦੇ ਰੂਪ 'ਚ ਕੀਤੀ ਗਈ ਹੈ।