ਕੈਨੇਡਾ ਦੇ ਵੱਡੇ ਸ਼ਹਿਰਾਂ 'ਚ ਅੱਤਵਾਦੀ ਹਮਲੇ ਦਾ ਡਰ

ਓਟਾਵਾ (ਨਵਾਂ ਜ਼ਮਾਨਾ ਸਰਵਿਸ)
ਖ਼ਤਰਨਾਕ ਅੱਤਵਾਦੀ ਜਥੇਬੰਦੀ ਇਸਲਾਮਿਕ ਸਟੇਟ (ਆਈ ਐਸ) ਵੱਲੋਂ ਕੈਨੇਡਾ ਦੇ ਵੱਡੇ ਸ਼ਹਿਰਾਂ 'ਚ ਅੱਤਵਾਦੀ ਹਮਲਿਆਂ ਦੀ ਚੇਤਾਵਨੀ ਨੂੰ ਦੇਖਦਿਆਂ ਕੈਨੇਡਾ ਨੂੰ ਖ਼ਬਰਦਾਰ ਅਤੇ ਚੌਕਸ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਜਨ ਸੁਰੱਖਿਆ ਮੰਤਰੀ ਨੇ ਦਿੱਤੀ ਹੈ।
ਜਨ ਸੁਰੱਖਿਆ ਮੰਤਰੀ ਰਾਲਫ਼ ਗੁਡੇਲ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡਾ 'ਚ ਚੌਕਸੀ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾ ਦਸਿਆ ਕਿ ਅੱਤਵਾਦੀ ਹਮਲੇ ਦੇ ਖਤਰੇ ਨੂੰ ਦੇਖਦਿਆਂ ਸੁਰੱਖਿਆ ਅਮਲੇ ਨੂੰ ਹੋਰ ਚੁਸਤ ਤੇ ਦਰੁਸਤ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਅਜਿਹੀ ਕੋਈ ਨਵੀਂ ਜਾਣਕਾਰੀ ਨਹੀਂ ਮਿਲੀ ਹੈ, ਜੋ ਕਿ ਸਥਿਤੀ ਨੂੰ ਬਦਲਣ ਵਾਲੀ ਹੋਵੇ। ਕੈਨੇਡਾ ਦੇ ਮੰਤਰੀ ਦਾ ਇਹ ਬਿਆਨ ਜਨੇਵਾ ਵੱਲੋਂ ਸ਼ੱਕੀ ਅੱਤਵਾਦੀਆਂ ਦੀ ਭਾਲ ਲਈ ਸ਼ੁਰੂ ਕੀਤੀ ਗਈ ਤਲਾਸ਼ੀ ਮੁਹਿੰਮ ਦਰਮਿਆਨ ਆਇਆ ਹੈ। ਸਮਝਿਆ ਜਾਂਦਾ ਹੈ ਕਿ ਇਹ ਸ਼ੱਕੀ ਅੱਤਵਾਦੀ ਆਈ ਐਸ ਦੇ ਸੰਪਰਕ 'ਚ ਹਨ। ਉੱਤਰੀ ਅਮਰੀਕਾ 'ਚ ਅੱਤਵਾਦੀ ਹਮਲਿਆਂ ਬਾਰੇ ਚੇਤਾਵਨੀ ਦਿੱਤੀ ਗਈ ਹੈ। ਸਵਿੱਟਜ਼ਰਲੈਂਡ ਦੇ ਪੱਤਰਕਾਰਾਂ ਨੂੰ ਦਿਖਾਏ ਗਏ ਦਸਤਾਵੇਜ਼ਾਂ 'ਚ ਦਸਿਆ ਗਿਆ ਹੈ ਕਿ ਜਨੇਵਾ, ਸ਼ਿਕਾਗੋ ਅਤੇ ਟੋਰਾਂਟੋ 'ਚ ਅੱਤਵਾਦੀ ਹਮਲੇ ਹੋ ਸਕਦੇ ਹਨ। ਓਟਾਵਾ 'ਚ ਇਸਲਾਮੀ ਬੰਦੂਕਧਾਰੀ ਵੱਲੋਂ ਇੱਕ ਪੁਲਸ ਮੁਲਾਜ਼ਮ ਦੀ ਹੱਤਿਆ ਕੀਤੇ ਜਾਣ ਤੋਂ ਬਾਅਦ ਕੈਨੇਡਾ 'ਚ ਸੁਰੱਖਿਆ ਦਸਤਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ।