ਰੂਸ ਦੇ ਹਿੱਤਾਂ 'ਤੇ ਹਮਲਾ ਕਰਨ ਵਾਲੇ ਨੂੰ ਨਸ਼ਟ ਕਰ ਦਿੱਤਾ ਜਾਵੇ : ਪੁਤਿਨ

ਮਾਸਕੋ (ਨਵਾਂ ਜ਼ਮਾਨਾ ਸਰਵਿਸ)
ਸੀਰੀਆ ਵੱਲੋਂ ਆਪਣੀ ਸਰਹੱਦ 'ਤੇ ਰੂਸ ਦੇ ਇੱਕ ਲੜਾਕੂ ਜਹਾਜ਼ ਨੂੰ ਡੇਗੇ ਜਾਣ ਮਗਰੋਂ ਅੱਜ ਰੂਸ ਨੇ ਤੁਰਕੀ 'ਤੇ ਯੋਜਨਾ ਬੱਧ ਤਰੀਕੇ ਨਾਲ ਭੜਕਾਉਣ ਦਾ ਦੋਸ਼ ਲਾਇਆ, ਕਿਉਂਕਿ ਰੂਸ ਦੇ ਬਚ ਕੇ ਆਏ ਪਾਇਲਟ ਨੇ ਦਾਅਵਾ ਕੀਤਾ ਹੈ ਕਿ ਉਨ੍ਹਾ ਨੂੰ ਚਿਤਾਵਨੀ ਨਹੀਂ ਦਿੱਤੀ ਗਈ। ਇਸ ਘਟਨਾ ਮਗਰੋਂ ਕੂਟਨੀਤਕ ਉੱਥਲ-ਪੁੱਥਲ ਵਧਣ ਮਗਰੋਂ ਅੰਕਾਰਾ ਨੇ ਤਣਾਅ ਨੂੰ ਘੱਟ ਕਰਨ ਦਾ ਯਤਨ ਕੀਤਾ ਹੈ ਅਤੇ ਉਸ ਦੇ ਨਾਟੋ ਸਹਿਯੋਗੀਆਂ ਨੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਰੂਸੀ ਰਾਸ਼ਟਰਪਤੀ ਨੇ ਆਪਣੇ ਦੇਸ਼ ਦੀ ਫ਼ੌਜ ਨੂੰ ਸੰਦੇਸ਼ ਦਿੱਤਾ ਹੈ ਅਤੇ ਇਸ ਸੰਦੇਸ਼ 'ਚ ਉਨ੍ਹਾ ਨੇ ਤੁਰਕੀ ਨੂੰ ਵੀ ਅਸਿੱਧੀ ਚਿਤਾਵਨੀ ਦੇ ਦਿੱਤੀ। ਉਨ੍ਹਾ ਆਪਣੀ ਫ਼ੌਜ ਨੂੰ ਹੁਕਮ ਦਿੱਤਾ ਕਿ ਰੂਸ ਅਤੇ ਉਸ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਖ਼ਤਰੇ ਨੂੰ ਤੁਰੰਤ ਨਸ਼ਟ ਕਰ ਦਿੱਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾ ਨੇ ਸੀਰੀਆ 'ਚ ਕਿਸੇ ਖ਼ਤਰੇ 'ਤੇ ਵੱਡੀ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ। ਦੂਜੇ ਪਾਸੇ ਰੂਸੀ ਰਾਸ਼ਟਰਪਤੀ ਦੀ ਅਸਿੱਧੀ ਚਿਤਾਵਨੀ ਦਾ ਜੁਆਬ ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੁਸੋਗਲੂ ਨੇ ਰੂਸ ਨੂੰ ਸ਼ਾਂਤੀ ਦੀ ਅਪੀਲ ਨਾਲ ਦਿੱਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਅੰਕਾਰਾ ਦੇ ਧੀਰਜ ਦੀ ਵੀ ਸੀਮਾ ਹੈ।
ਇਸ ਤੋਂ ਪਹਿਲਾਂ ਸੀਨੀਅਰ ਫ਼ੌਜੀ ਅਧਿਕਾਰੀਆਂ ਨਾਲ ਮੀਟਿੰਗ 'ਚ ਪੁਤਿਨ ਨੇ ਤੁਰਕੀ ਦਾ ਨਾਂਅ ਲਏ ਬਗੈਰ ਕਿਹਾ ਕਿ ਰੂਸੀ ਫ਼ੌਜੀਆਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਾਰਵਾਈ ਨੂੰ ਲੈ ਕੇ ਮੈਂ ਫੇਰ ਖ਼ਬਰਦਾਰ ਕਰਨਾ ਚਾਹੁੰਦਾ ਹਾਂ। ਹਵਾਈ ਹਮਲਿਆਂ 'ਚ ਸੀਰੀਆਈ ਨਾਗਰਿਕਾਂ ਅਤੇ ਆਪੋਜ਼ੀਸ਼ਨ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ ਖਾਰਜ ਕਰਦਿਆਂ ਉਨ੍ਹਾ ਨੇ ਇਸ ਤਰ੍ਹਾਂ ਦਾ ਦਾਅਵਾ ਕਰਨ ਵਾਲੇ ਗਰੁੱਪਾਂ ਖ਼ਿਲਾਫ਼ ਵੀ ਫ਼ੌਜੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਤੁਰਕੀ ਨੇ ਸੀਰੀਆ ਮੁਹਿੰਮ 'ਚ ਸ਼ਾਮਲ ਰੂਸ ਦੇ ਲੜਾਕੂ ਜਹਾਜ਼ ਨੂੰ ਡੇਗ ਦਿੱਤਾ ਸੀ, ਜਿਸ ਮਗਰੋਂ ਦੋਹਾਂ ਦੇਸ਼ਾਂ ਦੇ ਸੰਬੰਧਾਂ 'ਚ ਕੜਵਾਹਟ ਆ ਗਈ ਹੈ। ਮਾਸਕੋ ਨੇ ਕਿਹਾ ਕਿ ਰੂਸ ਅਤੇ ਸੀਰੀਆ ਦੀਆਂ ਫ਼ੋਰਸਾਂ ਨੇ ਜਹਾਜ਼ ਡੇਗੇ ਜਾਣ ਤੋਂ ਪਹਿਲਾਂ ਉਸ ਦੇ ਪਾਇਲਟਾਂ 'ਚੋਂ ਇੱਕ ਨੂੰ ਜ਼ਿੰਦਾ ਬਚਾ ਲਿਆ ਹਾਲਾਂਕਿ ਉਨ੍ਹਾ ਨੇ ਪੁਸ਼ਟੀ ਕੀਤੀ ਕਿ ਦੂਜੇ ਪਾਇਲਟ ਅਤੇ ਉਨ੍ਹਾ ਨੂੰ ਬਚਾਉਣ ਲਈ ਭੇਜੇ ਗਏ ਇੱਕ ਫ਼ੌਜੀ ਦੀ ਮੌਤ ਹੋ ਗਈ। ਹਮਲੇ 'ਚ ਬਚਾਏ ਗਏ ਪਾਇਲਟ ਮੁਰਾਖਤਿਨ ਨੇ ਆਪਣੀ ਪਹਿਲੀ ਇੰਟਰਵਿਊ 'ਚ ਰੂਸੀ ਸਰਕਾਰੀ ਮੀਡੀਆ ਨੂੰ ਦਸਿਆ ਕਿ ਤੁਰਕੀ ਲੜਾਕੂ ਜਹਾਜ਼ ਵੱਲੋਂ ਉਸ ਦੇ ਜਹਾਜ਼ ਨੂੰ ਮਾਰ ਡੇਗੇ ਜਾਣ ਤੋਂ ਪਹਿਲਾਂ ਕੋਈ ਚਿਤਾਵਨੀ ਨਹੀਂ ਦਿੱਤੀ ਗਈ। ਉਸ ਨੇ ਕਿਹਾ ਕਿ ਉਸ ਨੂੰ ਨਾ ਹੀ ਰੇਡੀਉ ਰਾਹੀਂ ਅਤੇ ਨਾ ਹੀ ਕਿਸੇ ਦੂਜੇ ਤਰੀਕੇ ਰਾਹੀਂ ਕੋਈ ਚਿਤਾਵਨੀ ਦਿੱਤੀ ਗਈ ਅਤੇ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਤੁਰਕੀ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਨੇ 5 ਮਿੰਟ 'ਚ 10 ਵਾਰ ਚਿਤਾਵਨੀ ਦਿੱਤੀ ਅਤੇ ਉਸ ਦੀ ਇਸ ਕਹਾਣੀ ਦੀ ਨਾਟੋ ਦਾ ਉਸ ਦਾ ਸਹਿਯੋਗੀ ਅਮਰੀਕਾ ਵੀ ਹਮਾਇਤ ਕਰ ਰਿਹਾ ਹੈ।
ਰੂਸ ਦੇ ਵਿਦੇਸ਼ ਮੰਤਰੀ ਸਰਜੇਈ ਲਾਵਰੋਵ ਨੇ ਕਿਹਾ ਕਿ ਸਾਡੀ ਯੋਜਨਾ ਤੁਰਕੀ ਨਾਲ ਜੰਗ ਦੀ ਨਹੀਂ ਹੈ ਅਤੇ ਤੁਰਕ ਲੋਕਾਂ ਪ੍ਰਤੀ ਸਾਡੇ ਨਜ਼ਰੀਏ 'ਚ ਕੋਈ ਤਬਦੀਲੀ ਨਹੀਂ ਆਈ, ਪਰ ਉਨ੍ਹਾ ਨੇ ਚਿਤਾਵਨੀ ਦਿੱਤੀ ਕਿ ਮਾਸਕੋ ਅੰਕਾਰਾ ਨਾਲ ਸੰਬੰਧਾਂ ਦੀ ਗੰਭੀਰਤਾ ਨਾਲ ਪੁਨਰ ਸਮੀਖਿਆ ਕਰੇਗਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕੱਲ੍ਹ ਇਸ ਘਟਨਾ ਨੂੰ ਅੱਤਵਾਦੀਆਂ ਦੇ ਸਾਥੀਆਂ ਵੱਲੋਂ ਪਿੱਠ 'ਚ ਛੁਰਾ ਮਾਰਨਾ ਦਸਿਆ ਸੀ। ਉਨ੍ਹਾ ਸੁਝਾਅ ਦਿੱਤਾ ਸੀ ਕਿ ਰੂਸੀ ਨਾਗਰਿਕ ਤੁਰਕੀ ਦੇ ਦੌਰੇ 'ਤੇ ਨਹੀਂ ਜਾਣਗੇ, ਜਿਹੜਾ ਇੱਕ ਮੁੱਖ ਸੈਲਾਨੀ ਸਥਾਨ ਹੈ। ਉਧਰ ਤਣਾਅ ਘੱਟ ਕਰਨ ਦੀ ਕੋਸ਼ਿਸ਼ ਕਰਦਿਆਂ ਤੁਰਕੀ ਦੇ ਰਾਸ਼ਟਰਪਤੀ ਐਰਦੋਰਾਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਅੰਕਾਰਾ ਸਿਰਫ਼ ਆਪਣੀ ਸਰਹੱਦ ਦੀ ਰਾਖੀ ਕਰ ਰਿਹਾ ਹੈ।
ਇੰਸਤਾਬੁਲ 'ਚ ਇੱਕ ਭਾਸ਼ਣ 'ਚ ਐਰਦੋਰਾਨ ਨੇ ਕਿਹਾ ਕਿ ਇਸ ਘਟਨਾ ਨੂੰ ਵੱਡਾ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ ਹੈ ਅਤੇ ਅਸੀਂ ਸਿਰਫ਼ ਆਪਣੀ ਸੁਰੱਖਿਆ ਅਤੇ ਆਪਣੇ ਭਰਾਵਾਂ ਦੇ ਅਧਿਕਾਰਾਂ ਨੂੰ ਧਿਆਨ 'ਚ ਰੱਖ ਰਹੇ ਹਾਂ।
ਤੁਰਕੀ ਦੇ ਪ੍ਰਧਾਨ ਮੰਤਰੀ ਅਹਿਮਦ ਦਾਵੂਤੋਗਲੂ ਨੇ ਰੂਸ ਨੂੰ ਆਪਣਾ ਦੋਸਤ ਅਤੇ ਗੁਆਂਢੀ ਦਸਿਆ ਅਤੇ ਕਿਹਾ ਕਿ ਅੰਕਾਰਾ ਮਾਸਕੋ ਨਾਲ ਤਣਾਅ ਭਰੇ ਸੰਬੰਧ ਨਹੀਂ ਚਾਹੁੰਦਾ। ਤੁਰਕੀ ਨੇ ਕਿਹਾ ਕਿ ਸੁਖੋਈ ਲੜਾਕੂ ਜਹਾਜ਼ ਨੇ 5 ਮਿੰਟ ਦੇ ਸਮੇਂ 'ਚ ਹਵਾਈ ਖੇਤਰ ਦੀ 10 ਵਾਰ ਉਲੰਘਣਾ ਕੀਤੀ ਅਤੇ ਉਸ ਨੂੰ ਹਰ ਵਾਰ ਚਿਤਾਵਨੀ ਦਿੱਤੀ ਗਈ।