ਦਲੀਪ ਕੁਮਾਰ ਪਦਮ ਵਿਭੂਸ਼ਣ ਨਾਲ ਸਨਮਾਨਤ

ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਪ੍ਰਸਿੱਧ ਫ਼ਿਲਮ ਅਦਾਕਾਰ ਦਲੀਪ ਕੁਮਾਰ ਨੂੰ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਬਾਂਦਰਾ ਸਥਿਤ ਉਨ੍ਹਾ ਦੀ ਰਿਹਾਇਸ਼ 'ਤੇ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ। ਰਾਜਨਾਥ ਸਿੰਘ ਨੇ ਦਲੀਪ ਕੁਮਾਰ ਦੀ ਪਤਨੀ ਸ਼ਾਇਰਾ ਬਾਨੋ ਦੀ ਮੌਜੂਦਗੀ 'ਚ ਉਨ੍ਹਾ ਨੂੰ ਮੈਡਲ, ਪ੍ਰਮਾਣ ਪੱਤਰ ਅਤੇ ਸ਼ਾਲ ਦੇ ਕੇ ਸਨਮਾਨਤ ਕੀਤਾ। ਉਨ੍ਹਾ ਨੂੰ ਸਨਮਾਨਤ ਕਰਨ ਮੌਕੇ ਮਹਾਰਾਸ਼ਟਰ ਦੇ ਰਾਜਪਾਲ ਸੀ ਵਿਦਿਆ ਸਾਗਰ ਰਾਉ, ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਹੋਰ ਅਹਿਮ ਹਸਤੀਆਂ ਮੌਜੂਦ ਸਨ। ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ 25 ਜਨਵਰੀ ਨੂੰ ਸਰਕਾਰ ਨੇ ਦਲੀਪ ਕੁਮਾਰ, ਅਮਿਤਾਭ ਬਚਨ ਅਤੇ ਹੋਰ ਵਕਾਰੀ ਹਸਤੀਆਂ ਨੂੰ ਪਦਮ ਵਿਭੂਸ਼ਣ ਪੁਰਸਕਾਰ ਦੇਣ ਦਾ ਐਲਾਨ ਕੀਤਾ ਸੀ। ਉਹ ਬਿਮਾਰ ਹੋਣ ਕਾਰਨ ਅਪ੍ਰੈਲ 'ਚ ਰਾਸ਼ਟਰਪਤੀ ਭਵਨ 'ਚ ਆਯੋਜਿਤ ਸਮਾਰੋਹ 'ਚ ਸ਼ਾਮਲ ਨਹੀਂ ਹੋ ਸਕੇ ਸਨ, ਜਿੱਥੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਪੁਰਸਕਾਰ ਜੇਤੂਆਂ ਨੂੰ ਸਨਮਾਨਤ ਕੀਤਾ ਸੀ।
ਭਾਰਤੀ ਸਿਨੇਮਾ 'ਚ ਆਪਣੇ ਲਾਮਿਸਾਲ ਯੋਗਦਾਨ ਲਈ ਭਾਰਤ ਸਰਕਾਰ ਵੱਲੋਂ ਉਨ੍ਹਾ ਨੂੰ 1991 'ਚ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ ਅਤੇ 1994 'ਚ ਉਨ੍ਹਾ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਅਤੇ ਇਸ ਸਾਲ ਪਦਮ ਵਿਭੂਸ਼ਣ ਪੁਰਸਕਾਰ ਨਾਲ ਨਿਵਾਜਿਆ ਗਿਆ। 1944 'ਚ 'ਜਵਾਰਭਾਟਾ' ਫ਼ਿਲਮ ਤੋਂ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਟਰੈਜਡੀ ਕਿੰਗ ਨਾਲ ਮਸ਼ਹੂਰ ਦਲੀਪ ਕੁਮਾਰ ਦੀ ਆਖਰੀ ਫ਼ਿਲਮ 'ਕਿਲ੍ਹਾ' 1998 'ਚ ਆਈ ਸੀ।