ਝੁੱਗੀਆਂ ਡੇਗਣ ਦੇ ਮਾਮਲੇ 'ਚ ਸਿਆਸਤ ਗਰਮਾਈ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੇ ਸ਼ਕੂਰ ਬਸਤੀ ਇਲਾਕੇ 'ਚ ਰੇਲਵੇ ਵੱਲੋਂ 500 ਝੁੱਗੀਆਂ ਤੋੜੇ ਜਾਣ ਦੇ ਮਾਮਲੇ 'ਚ ਸਿਆਸਤ ਗਰਮਾ ਗਈ ਹੈ। ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਕੇਂਦਰ ਨੂੰ ਦੋਸ਼ੀ ਦਸਦਿਆਂ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ ਤਾਂ ਕਾਂਗਰਸ ਵੀ ਮੈਦਾਨ 'ਚ ਆ ਗਈ ਹੈ। ਅੱਜ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪੀੜਤਾਂ ਨੂੰ ਕਿਹਾ ਕਿ ਜੇ ਭਵਿੱਖ 'ਚ ਅਜਿਹੀ ਕਾਰਵਾਈ ਹੋਵੇ ਤਾਂ ਮੈਨੂੰ ਫੋਨ ਕਰਨਾ, ਮੈਂ ਇਕ ਵੀ ਝੁੱਗੀ ਟੁੱਟਣ ਨਹੀਂ ਦਿਆਂਗਾ। ਰਾਹੁਲ ਨੇ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਆਪ ਕਿਉਂ ਪ੍ਰਦਰਸ਼ਨ ਕਰ ਰਹੀ ਹੈ। ਉਨ੍ਹਾ ਕਿਹਾ ਕਿ ਆਪ ਸੱਤਾ 'ਚ ਹੈ, ਫੇਰ ਕਿਸ ਗੱਲ ਦਾ ਪ੍ਰਦਰਸ਼ਨ। ਰਾਹੁਲ ਨੇ ਅੱਜ ਸ਼ਕੁਰ ਬਸਤੀ ਜਾ ਕੇ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾ ਨੂੰ ਕਿਹਾ ਕਿ ਮੇਰੇ ਘਰ ਦੇ ਦਰਵਾਜ਼ੇ ਤੁਹਾਡੇ ਲਈ ਸਦਾ ਖੁਲ੍ਹੇ ਹਨ ਅਤੇ ਮੈਂ ਤੁਹਾਡੇ ਨਾਲ ਖੜਾ ਹਾਂ। ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਇਸ ਮੁੱਦੇ 'ਤੇ ਸੰਸਦ 'ਚ ਬਿਆਨ ਦਿੰਦਿਆਂ ਕਿਹਾ ਕਿ ਝੁੱਗੀਆਂ ਹਟਾਉਣ ਦੀ ਕਾਰਵਾਈ ਤੋਂ ਪਹਿਲਾਂ ਹੀ ਬੱਚੀ ਦੀ ਮੌਤ ਹੋ ਗਈ ਸੀ। ਉਨ੍ਹਾ ਕਿਹਾ ਕਿ ਲਗਾਤਾਰ ਕਈ ਵਾਰ ਝੁੱਗੀਆਂ ਹਟਾਉਣ ਦਾ ਨੋਟਿਸ ਦਿੱਤਾ ਗਿਆ, ਪਰ ਲੋਕ ਉਥੋਂ ਨਾ ਹਟੇ, ਜਿਸ ਕਰਕੇ ਇਹ ਕਾਰਵਾਈ ਕਰਨੀ ਪਈ। ਉਨ੍ਹਾ ਕਿਹਾ ਕਿ ਇਸ ਮਾਮਲੇ 'ਚ 10 ਦਸੰਬਰ ਨੂੰ ਨੋਟਿਸ ਭੇਜਿਆ ਗਿਆ ਸੀ ਅਤੇ ਦਿੱਲੀ ਪੁਲਸ ਨੂੰ ਵੀ ਕਾਰਵਾਈ ਦੌਰਾਨ ਹਾਜ਼ਰ ਰਹਿਣ ਲਈ ਕਿਹਾ ਗਿਆ ਸੀ। ਉਨ੍ਹਾ ਕਿਹਾ ਕਿ ਦਿੱਲੀ ਪੁਲਸ ਨੇ ਵੀ ਕਿਹਾ ਕਿ ਬੱਚੀ ਦੀ ਮੌਤ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਹੋ ਗਈ ਸੀ। ਉਨ੍ਹਾ ਨੇ ਪੁਨਰਵਾਸ ਦੇ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗੱਲਬਾਤ ਦਾ ਸੱਦਾ ਵੀ ਦਿੱਤਾ।
ਉਧਰ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਰੇਲਵੇ ਨੇ ਜੋ ਕੁਝ ਕੀਤਾ ਬਿਲਕੁੱਲ ਗਲਤ ਹੈ। ਉਨ੍ਹਾ ਕਿਹਾ ਕਿ ਜਿਸ ਪ੍ਰਾਜੈਕਟ ਦੇ ਨਾਂਅ 'ਤੇ ਝੁੱਗੀਆਂ ਨੂੰ ਤੋੜਿਆ ਗਿਆ ਹੈ, ਉਸ ਦਾ ਅਜੇ ਤੱਕ ਨਕਸ਼ਾ ਵੀ ਪਾਸ ਨਹੀਂ ਕਰਵਾਇਆ ਗਿਆ।
ਉਨ੍ਹਾਂ ਨੇ ਬੱਚੀ ਦੀ ਮੌਤ ਨੂੰ ਕਤਲ ਦਸਿਆ ਅਤੇ ਕਿਹਾ ਕਿ ਅਸੀਂ ਰੇਲਵੇ 'ਤੇ ਕੇਸ ਕਰਨ ਦੀ ਤਿਆਰੀ ਕਰ ਰਹੇ ਹਾਂ। ਉਨ੍ਹਾ ਕਿਹਾ ਕਿ ਬੱਚੀ ਦੀਆਂ ਹੱਡੀਆਂ ਟੁੱਟੀਆਂ ਹੋਈਆਂ ਸਨ।
ਉਨ੍ਹਾਂ ਕਿਹਾ ਕਿ ਬੱਚੀ ਦੀ ਗਲਤੀ ਸੀ ਕਿ ਉਹ 6 ਮਹੀਨਿਆਂ ਦੀ ਸੀ ਅਤੇ ਭੱਜ ਨਹੀਂ ਸਕਦੀ ਹੈ। ਦੂਜੇ ਪਾਸੇ ਰਾਹੁਲ ਗਾਂਧੀ ਦੇ ਸੁਆਲ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾ ਨੂੰ ਬੱਚਾ ਦਸਿਆ ਹੈ। ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਰਾਹੁਲ ਗਾਂਧੀ ਅਜੇ ਬੱਚਾ ਹੈ, ਉਨ੍ਹਾ ਦੀ ਪਾਰਟੀ ਨੇ ਸ਼ਾਇਦ ਉਨ੍ਹਾ ਨੂੰ ਦਸਿਆ ਨਹੀਂ ਕਿ ਰੇਲਵੇ ਕੇਂਦਰ ਸਰਕਾਰ ਦੇ ਅਧੀਨ ਹੈ, ਦਿੱਲੀ ਸਰਕਾਰ ਦੇ ਨਹੀਂ।