ਕੈਪਟਨ ਤੇ ਬਾਜਵਾ ਪਹਿਲਾਂ ਕਾਂਗਰਸ ਵੱਲੋਂ ਪੰਜਾਬ ਤੇ ਸਿੱਖਾਂ ਨਾਲ ਕੀਤੇ ਸਲੂਕ 'ਤੇ ਝਾਤ ਮਾਰਨ : ਬਾਦਲ

ਚੰਡੀਗੜ੍ਹ/ਗੋਇੰਦਵਾਲ ਸਾਹਿਬ, (ਕ੍ਰਿਸ਼ਨ ਗਰਗ)
ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਚੁਣੌਤੀ ਦਿੰਦਿਆਂ ਆਖਿਆ ਕਿ ਉਹ ਸੂਬੇ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਵੱਡੇ ਦਾਅਵੇ ਕਰਨ ਤੋਂ ਪਹਿਲਾਂ ਘੱਟੋ-ਘੱਟ ਪੰਜਾਬ, ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਦੇ ਹਿੱਤਾਂ ਬਾਰੇ ਕਾਂਗਰਸ ਪਾਰਟੀ ਦੇ ਪਿਛੋਕੜ 'ਤੇ ਜ਼ਰੂਰ ਝਾਤ ਮਾਰਨ, ਜੋ ਕਿ ਮੁੱਢ ਕਦੀਮ ਤੋਂ ਪੰਜਾਬ ਤੇ ਸਿੱਖ ਵਿਰੋਧੀ ਰਹੀ ਹੈ।
ਅੱਜ ਇੱਥੇ ਸਦਭਾਵਨਾ ਰੈਲੀ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਖਾਸ ਕਰਕੇ ਸਿੱਖਾਂ ਦੀ ਇਕ ਨੰਬਰ ਦੁਸ਼ਮਣ ਕਾਂਗਰਸ ਪਾਰਟੀ ਤੋਂ ਪੰਜਾਬ ਵਾਸੀਆਂ ਨੂੰ ਸਾਵਧਾਨ ਕੀਤਾ, ਜਿਸ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਹਮੇਸ਼ਾ ਹੀ ਸੂਬੇ ਦੇ ਹਿੱਤਾਂ ਨਾਲ ਧੋਖਾ ਕੀਤਾ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਨੇ ਸੂਬੇ ਨੂੰ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤੌਰ 'ਤੇ ਤਬਾਹ ਕਰਕੇ ਰੱਖ ਦਿੱਤਾ ਹੈ ਅਤੇ ਹੁਣ ਇਹ ਧਾਰਮਿਕ ਮਾਮਲਿਆਂ ਵਿੱਚ ਸਿੱਧੇ ਤੌਰ 'ਤੇ ਦਖ਼ਲਅੰਦਾਜ਼ੀ ਕਰਕੇ ਸਿੱਖ ਪੰਥ ਦੀਆਂ ਸ਼ਾਨਦਾਰ ਰਵਾਇਤਾਂ ਨੂੰ ਤਬਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਲ 1984 ਵਿੱਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖਾਂ ਦੇ ਹੋਏ ਕਤਲੇਆਮ ਲਈ ਕਾਂਗਰਸ ਤੇ ਇਸ ਦੀ ਦੰਭੀ ਲੀਡਰਸ਼ਿਪ ਕਦੇ ਵੀ ਮੁਆਫੀ ਦੇ ਕਾਬਲ ਨਹੀਂ ਹੋ ਸਕਦੀ। ਫੁੱਟ ਪਾਊ ਤਾਕਤਾਂ ਦੀ ਚੁਣੌਤੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਖਾਸ ਕਰਕੇ ਸਿੱਖਾਂ ਨੂੰ ਧਰਮ ਦੇ ਨਾਂਅ 'ਤੇ ਪੈਦਾ ਕੀਤੀ ਜਾ ਰਹੀ ਭੜਕਾਹਟ ਤੋਂ ਭਾਵਨਾਤਮਕ ਤੌਰ 'ਤੇ ਬਲੈਕਮੇਲ ਨਾ ਹੋਣ ਲਈ ਆਖਿਆ। ਸ. ਬਾਦਲ ਨੇ ਕਿਹਾ ਕਿ ਅਸੀਂ ਇਨ੍ਹਾਂ ਸਿਆਸੀ ਚਾਲਾਂ ਤੋਂ ਪਹਿਲਾਂ ਹੀ ਬਹੁਤ ਨੁਕਸਾਨ ਉਠਾਇਆ ਹੈ ਅਤੇ ਅਸੀਂ ਹੋਰ ਨੁਕਸਾਨ ਸਹਿਣ ਨਹੀਂ ਕਰ ਸਕਦੇ। ਇਤਿਹਾਸਕ ਕਸਬੇ ਸ੍ਰੀ ਗੋਇੰਦਵਾਲ ਸਹਿਬ ਵਿਖੇ 'ਸਦਭਾਵਨਾ ਰੈਲੀ' ਵਿਚ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਇਤਿਹਾਸਕ ਹੈ, ਕਿਉਂ ਕਿ ਪਾਰਟੀ ਦੇ 95ਵੇਂ ਸਥਾਪਨਾ ਦਿਵਸ 'ਤੇ ਉਹ ਹੁਣ ਤੱਕ ਦੀ ਸਭ ਤੋਂ ਵੱਡੀ ਰੈਲੀ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਅਮੀਰ ਵਿਰਾਸਤ ਨੂੰ ਯਾਦ ਕਰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਹਮੇਸ਼ਾ ਹੀ ਅਨਿਆਂ ਦੇ ਖਿਲਾਫ ਡਟ ਕੇ ਖੜੀ ਹੈ ਅਤੇ ਸ਼ੁਰੂ ਤੋਂ ਲੈ ਕੇ ਗੁਰਦੁਆਰਾ ਸੁਧਾਰ ਲਹਿਰ, ਆਜ਼ਾਦੀ ਦਾ ਸੰਘਰਸ਼ ਅਤੇ ਐਮਰਜੈਂਸੀ ਦੌਰਾਨ ਪਾਰਟੀ ਦਾ ਯੋਗਦਾਨ ਅਭੁੱਲ ਰਿਹਾ ਹੈ। ਇਸ ਮੌਕੇ ਇਕ ਵੱਡਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਵਿਕਾਸ ਲਈ 2000 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਮਹੀਨਿਆਂ ਵਿਚ 400 ਕਰੋੜ ਰੁਪਏ ਦੀ ਲਾਗਤ ਨਾਲ ਸਾਰੇ ਡੇਰਿਆਂ ਅਤੇ ਢਾਣੀਆਂ ਨੂੰ ਬਿਜਲੀ ਕੁਨੈਕਸ਼ਨ ਅਤੇ ਪਹੁੰਚ ਮਾਰਗ ਬਣਾ ਕੇ ਦਿੱਤੇ ਜਾਣਗੇ। ਸਮਾਜਿਕ ਭਲਾਈ ਦੀਆਂ ਸਕੀਮਾਂ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬੁਢਾਪਾ ਪੈਨਸ਼ਨ 250 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤੀ ਹੈ ਅਤੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ 50000 ਰੁਪਏ ਤੱਕ ਮੁਫਤ ਇਲਾਜ ਕਰਵਾਇਆ ਜਾ ਸਕੇਗਾ। ਇਹ ਸਕੀਮ ਜਨਵਰੀ 2016 ਤੋਂ ਸ਼ੁਰੂ ਹੋ ਜਾਵੇਗੀ। ਆਪ ਦੇ ਆਗੂਆਂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡਾ ਧੋਖੇਬਾਜ਼ ਦੱਸਦਿਆਂ ਸ. ਬਾਦਲ ਨੇ ਕਿਹਾ ਕਿ 'ਆਪ' ਦਿੱਲੀ ਵਿਚ ਆਮ ਲੋਕਾਂ ਦੀ ਪਾਰਟੀ ਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਸੀ ਅਤੇ ਹੁਣ ਉਸ ਨੇ ਵਿਧਾਇਕਾਂ ਦੀਆਂ ਪ੍ਰਤੀ ਮਹੀਨਾ 2.50 ਲੱਖ ਰੁਪਏ ਤਨਖਾਹਾਂ ਕਰਕੇ ਸਰਕਾਰੀ ਖਜ਼ਾਨੇ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਵਿਧਾਇਕ ਦੀ ਤਨਖਾਹ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਵੀ ਜ਼ਿਆਦਾ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 'ਆਪ' ਦੇ ਵਿਧਾਇਕ ਹਰ ਤਰ੍ਹਾਂ ਦੀਆਂ ਸੁੱਖ-ਸੁਵਿਧਾਵਾਂ ਦਾ ਵੀ ਆਨੰਦ ਉਠਾ ਰਹੇ ਹਨ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਚੱਬਾ ਵਿਖੇ ਹੋਏ ਇਕੱਠ ਦੇ ਪ੍ਰਬੰਧਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਕਾਂਗਰਸੀ ਲੀਡਰਾਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਸ ਇਕੱਠ ਦਾ ਇਕ-ਨੁਕਾਤੀ ਏਜੰਡਾ ਲੋਕਾਂ ਵਿੱਚ ਫਿਰਕੂ ਪਾੜਾ ਪਾਉਣਾ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਵਿਗਾੜਨਾ ਸੀ। ਇਸ ਮੌਕੇ ਮਾਲ ਅਤੇ ਸੂਚਨਾ 'ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ. ਬਾਦਲ ਨੇ ਮਾਝਾ ਖੇਤਰ ਵਿੱਚ ਸਮੁੱਚੇ ਵਿਕਾਸ ਤੇ ਖੁਸ਼ਹਾਲੀ ਦਾ ਯੁੱਗ ਸ਼ੁਰੂ ਕੀਤਾ, ਜਦਕਿ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਇਸ ਖਿੱਤੇ ਨੂੰ ਵਿਕਾਸ ਪੱਖੋਂ ਅਣਗੌਲੀ ਰੱਖਿਆ। ਉਨ੍ਹਾਂ ਨੇ ਹਾਲ ਹੀ ਵਿੱਚ ਵਿਧਾਨ ਸਭਾ ਤੋਂ ਅਸਤੀਫਾ ਦੇਣ ਵਾਲੇ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਚੁਣੌਤੀ ਦਿੰਦਿਆ ਕਿਹਾ ਕਿ ਉਹ ਖਡੂਰ ਸਾਹਿਬ ਤੋਂ ਕਾਂਗਰਸ ਦੀ ਟਿਕਟ 'ਤੇ ਉਪ ਚੋਣ ਨਾ ਲੜਨ, ਕਿਉਂਕਿ ਇਸ ਪਾਰਟੀ ਦੇ ਪੰਜੇ ਬੇਗੁਨਾਹ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ 'ਤੇ ਜ਼ੋਰਦਾਰ ਹਮਲਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸ੍ਰੀ ਮਾਨ ਨੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕੀਤੀ ਹੈ। ਆਪਣੇ ਭਾਸ਼ਣ ਵਿੱਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦੀ 95ਵੀਂ ਵਰ੍ਹੇਗੰਢ 'ਤੇ ਵਧਾਈ ਦਿੰਦੇ ਹੋਏ ਇਸ ਨੂੰ ਸਮੁੱਚੀ ਆਵਾਮ ਦੀ ਪਾਰਟੀ ਦੱਸਿਆ, ਜਿਸ ਨੇ ਹਮੇਸ਼ਾ ਹੀ ਆਮ ਲੋਕਾਂ ਦੇ ਹਿੱਤਾਂ ਦੀ ਰੱਖਿਆ 'ਤੇ ਪਹਿਰਾ ਦਿੱਤਾ। ਮੁੱਖ ਸੰਸਦੀ ਸਕੱਤਰ ਸ. ਵਿਰਸਾ ਸਿੰਘ ਵਲਟੋਹਾ ਨੇ ਸਦਭਾਵਨਾ ਰੈਲੀ ਦੀ ਕਾਰਵਾਈ ਚਲਾਈ ਅਤੇ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਮੁੱਖ ਸੰਸਦੀ ਸਕੱਤਰ ਸ. ਹਰਮੀਤ ਸਿੰਘ ਸੰਧੂ ਤੇ ਸ. ਅਮਰਪਾਲ ਸਿੰਘ ਅਜਨਾਲਾ, ਵਿਧਾਇਕ ਬੀਬੀ ਜਗੀਰ ਕੌਰ, ਸ. ਬਲਜੀਤ ਸਿੰਘ ਜਲਾਲਉਸਮਾਂ ਤੇ ਸ. ਮਨਜੀਤ ਸਿੰਘ ਮੀਆਂਵਿੰਡ, ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਸਾਬਕਾ ਸੰਸਦ ਮੈਂਬਰ ਸ. ਰਾਜਮਹਿੰਦਰ ਸਿੰਘ ਮਜੀਠੀਆ, ਸਾਬਕਾ ਵਿਧਾਇਕ ਸ੍ਰੀ ਮਨਮੋਹਨ ਸਿੰਘ ਸਠਿਆਲਾ ਤੇ ਸ. ਵੀਰ ਸਿੰਘ ਲੋਪੋ ਕੇ, ਸਾਬਕਾ ਚੇਅਰਮੈਨ ਪੇਡਾ ਭਾਈ ਮਨਜੀਤ ਸਿੰਘ, ਚੇਅਰਮੈਨ ਪਰਵਾਸੀ ਭਲਾਈ ਬੋਰਡ ਸ੍ਰੀ ਆਰ.ਸੀ. ਯਾਦਵ, ਮੁੱਖ ਮੰਤਰੀ ਦੇ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ, ਮੁੱਖ ਮੰਤਰੀ ਦੇ ਮੀਡੀਆ ਤੇ ਕੌਮੀ ਮਾਮਲਿਆਂ ਬਾਰੇ ਸਲਾਹਕਾਰ ਸ੍ਰੀ ਹਰਚਰਨ ਬੈਂਸ, ਉਪ ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਜੰਗਵੀਰ ਸਿੰਘ, ਯੂਥ ਅਕਾਲੀ ਦਲ ਦੇ ਮਾਝਾ ਜ਼ੋਨ ਦੇ ਪ੍ਰਧਾਨ ਸ. ਰਵੀਕਿਰਨ ਸਿੰਘ ਕਾਹਲੋਂ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਤਰਨ ਤਾਰਨ ਸ੍ਰੀ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸ. ਅਰਵਿੰਦਰ ਪਾਲ ਸਿੰਘ ਪੱਖੋ ਕੇ ਹਾਜ਼ਰ ਸਨ।