ਸਮੁੰਦਰ 'ਚ ਸਾਂਝੀ ਕਾਨਫ਼ਰੰਸ ਕਰਕੇ ਮੋਦੀ ਨੇ ਰਚਿਆ ਇਤਿਹਾਸ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੋਚੀ ਵਿੱਚ ਜੰਗੀ ਜਹਾਜ਼ ਆਈ ਐਨ ਐਸ ਵਿਕਰਮ ਦਿੱਤਿਆ ਉੱਪਰ ਪਹਿਲੀ ਵਾਰ ਸਮੁੰਦਰ ਵਿੱਚ ਸਾਂਝੀ ਕਮਾਂਡਰਜ਼ ਕਾਨਫ਼ਰੰਸ ਨੂੰ ਸੰਬੋਧਨ ਕਰ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਇਸ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਤੋਂ ਇਲਾਵਾ ਰੱਖਿਆ ਮੰਤਰੀ ਮਨੋਹਰ ਪਰਿੱਕਰ, ਤਿੰਨਾਂ ਫ਼ੌਜਾਂ ਦੇ ਮੁਖੀਆਂ ਨਾਲ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਦੋਭਾਲ ਵੀ ਮੌਜੂਦ ਸਨ। ਇਹ ਪਹਿਲਾ ਮੌਕਾ ਹੈ, ਜਦੋਂ ਰੱਖਿਆ ਮੰਤਰੀ ਅਤੇ ਤਿੰਨਾਂ ਫ਼ੌਜਾਂ ਦੇ ਮੁੱਖੀਆਂ ਸਮੇਤ ਚੋਟੀ ਦੇ ਕਮਾਂਡਰਾਂ ਨੇ ਇਸ ਸੰਮੇਲਨ ਨੂੰ ਕੌਮੀ ਰਾਜਧਾਨੀ ਦਿੱਲੀ ਤੋਂ ਬਾਹਰ ਸਮੁੰਦਰ ਵਿੱਚ ਰੱਖਿਆ ਹੈ। ਪ੍ਰਧਾਨ ਮੰਤਰੀ ਦੇ ਸਵਾਗਤ ਵਿੱਚ ਸਮੁੰਦਰੀ ਫ਼ੌਜ ਨੇ ਮੋਦੀ ਦੇ ਸਾਹਮਣੇ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ। ਇਸ ਸੰਮੇਲਨ ਵਿੱਚ ਤਿੰਨਾਂ ਸੈਨਾਵਾਂ ਦੇ ਮੁਖੀਆਂ ਨੇ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਦੀ ਚੁਣੌਤੀ ਅਤੇ ਇਸ ਨਾਲ ਸਿੱਝਣ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 8.50 ਮਿੰਟ 'ਤੇ ਆਈ ਐਨ ਐਸ ਗਰੂੜ ਤੋਂ ਚੱਲੇ ਅਤੇ ਆਈ ਐਨ ਐਸ ਵਿਕਰਮ ਦਿੱਤਿਆ 'ਤੇ 9.30 ਮਿੰਟ ਤੱਕ ਪਹੁੰਚ ਗਏ।
ਆਈ ਐਨ ਐਸ ਵਿਕਰਮ ਦਿੱਤਿਆ ਸਿਰਫ਼ ਇੱਕ ਜੰਗੀ ਜਹਾਜ਼ ਨਹੀਂ ਹੈ ਸਗੋਂ ਇਹ ਸਮੁੰਦਰ 'ਚ ਤੈਰਦਾ ਇੱਕ ਛੋਟਾ ਸ਼ਹਿਰ ਵੀ ਹੈ। ਸੰਸਕ੍ਰਿਤ ਦੇ ਸ਼ਬਦ ਵਿਕਰਮ ਦਿੱਤਿਆ ਦਾ ਅਰਥ ਹੈ, ਸੂਰਜ ਦੀ ਤਰ੍ਹਾਂ ਪ੍ਰਕਾਸ਼ਮਾਨ ਅਤੇ ਪ੍ਰਤਾਪੀ ਅਤੇ ਦਿਲਚਸਪ ਗੱਲ ਇਹ ਹੈ ਕਿ ਆਈ ਐਨ ਐਸ ਵੀ ਏਨਾ ਪ੍ਰਕਾਸ਼ਮਾਨ ਹੈ ਕਿ ਇਹ ਕਿਸੇ ਸ਼ਹਿਰ ਨੂੰ ਆਪਣੀ ਰੌਸ਼ਨੀ ਨਾਲ ਜਗਮਗਾ ਸਕਦਾ ਹੈ। ਪਿਛਲੇ ਸਾਲ 14 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਈ ਐਨ ਐਸ ਵਿਕਰਮ ਦਿੱਤਿਆ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ। ਹੁਣ ਵਿਕਰਮ ਦਿੱਤਿਆ ਸਮੁੰਦਰੀ ਫ਼ੌਜ ਦਾ ਪ੍ਰਮੁੱਖ ਜੰਗੀ ਜਹਾਜ਼ ਹੈ। ਇਸ ਜੰਗੀ ਜਹਾਜ਼ ਦੇ ਰਹਿੰਦਿਆਂ ਹਿੰਦੁਸਤਾਨ ਕੋਈ 7 ਹਜ਼ਾਰ ਕਿਲੋਮੀਟਰ ਲੰਮੀ ਸਮੁੰਦਰੀ ਸਰਹੱਦ ਵੱਲ ਦੁਸ਼ਮਣ ਅੱਖ ਚੁੱਕ ਕੇ ਨਹੀਂ ਦੇਖ ਸਕਦਾ। ਇਸ ਜਹਾਜ਼ ਦੀ ਰਫ਼ਤਾਰ 56 ਕਿਲੋਮੀਟਰ ਪ੍ਰਤੀ ਘੰਟਾ ਹੈ। ਵਿਕਰਮ ਦਿੱਤਿਆ ਛੇ ਨਾਲੀਆਂ ਵਾਲੀ ਏ ਕੇ-630 ਤੋਪ ਨਾਲ ਲੈਸ ਹੈ ਅਤੇ ਇਸ ਉੱਪਰ ਅੱਠ ਬਰਾਮੋਸ ਮਿਜ਼ਾਈਲਾਂ ਵੀ ਹਨ। ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਬਰਾਕ ਮਿਜ਼ਾਈਲ ਇਸ ਨੂੰ ਦੁਸ਼ਮਣ ਦੇ ਜਹਾਜ਼ਾਂ ਤੋਂ ਬਚਾਉਂਦੀ ਹੈ। ਲੰਮੀ ਦੂਰੀ ਦੇ ਆਧੁਨਿਕਤਮ ਏਅਰ ਸਰਵੀਲੈਸ ਰਡਾਰ ਦੁਸ਼ਮਣ ਦੇ ਹਮਲੇ ਤੋਂ ਪਹਿਲਾਂ ਇਸ ਨੂੰ ਸਾਵਧਾਨ ਕਰ ਦਿੰਦੇ ਹਨ। ਆਈ ਐਨ ਐਸ ਵਿਕਰਮ ਦਿੱਤਿਆ ਨੂੰ 16 ਨਵੰਬਰ 2013 ਵਿੱਚ ਰੂਸ ਤੋਂ ਖਰੀਦਿਆ ਗਿਆ ਸੀ। ਇਸ ਜਹਾਜ਼ ਨੂੰ ਚਲਾਉਣਾ ਕਿਸੇ ਸ਼ਹਿਰ ਨੂੰ ਚਲਾਉਣ ਦੇ ਬਰਾਬਰ ਹੈ। ਵਿਕਰਮ ਦਿੱਤਿਆ ਇਕੋ ਵੇਲੇ 45 ਦਿਨ ਸਮੁੰਦਰ ਵਿੱਚ ਰਹਿ ਸਕਦਾ ਹੈ ਅਤੇ ਜੇ ਇਸ ਸਮੁੰਦਰ ਵਿੱਚ ਟੈਂਕਰ ਰਾਹੀਂ ਤੇਲ ਸਪਲਾਈ ਕੀਤਾ ਜਾਵੇ, ਇਹ ਮਰਜ਼ੀ ਮੁਤਾਬਕ ਲੰਮੇ ਸਮੇਂ ਤੱਕ ਸਮੁੰਦਰ ਵਿੱਚ ਤੈਰਦਾ ਰਹਿ ਸਕਦਾ ਹੈ।