ਛਾਪੇ ਜੇਤਲੀ ਨੂੰ ਬਚਾਉਣ ਲਈ : ਕੇਜਰੀਵਾਲ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਆਪਣੇ ਪ੍ਰਿੰਸੀਪਲ ਸੈਕਟਰੀ ਦੇ ਦਫਤਰ ਵਿੱਚ ਸੀ ਬੀ ਆਈ ਦੀ ਛਾਪੇਮਾਰੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨੱਕ ਦਾ ਸਵਾਲ ਬਣਾ ਲਿਆ ਹੈ। ਮੰਗਲਵਾਰ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਇਰ ਦੱਸਣ ਵਾਲੇ ਕੇਜਰੀਵਾਲ ਨੇ ਸ਼ਾਮ ਢਲਦਿਆਂ-ਢਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਕਰਮ ਫੁੱਟ ਗਏ ਹਨ ਅਤੇ ਉਨ੍ਹਾਂ ਨੂੰ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ। ਕੇਜਰੀਵਾਲ ਨੇ ਕਿਹਾ ਕਿ ਸੀ ਬੀ ਆਈ ਅਸਲ ਵਿੱਚ ਕੇਂਦਰੀ ਖਜ਼ਾਨਾ ਮੰਤਰੀ ਅਰੁਨ ਜੇਤਲੀ ਨੂੰ ਬਚਾਉਣ ਲਈ ਮੁੱਖ ਮੰਤਰੀ ਦਫਤਰ ਵਿੱਚੋਂ ਫਾਈਲਾਂ ਜ਼ਬਤ ਕਰਨਾ ਚਾਹੁੰਦੀ ਹੈ। ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਅਤੇ ਸੀ ਬੀ ਆਈ ਰਲ ਕੇ ਉਸ ਨੂੰ ਪ੍ਰੇਸ਼ਾਨ ਕਰਨਾ ਅਤੇ ਡਰਾਉਣਾ ਚਾਹੁੰਦੇ ਹਨ। ਕੇਜਰੀਵਾਲ ਨੇ ਸੀ ਬੀ ਆਈ ਜਾਂਚ 'ਤੇ ਸਵਾਲ ਉਠਾਉਂਦਿਆਂ ਪੁੱਛਿਆ ਕਿ ਸੀ ਬੀ ਆਈ ਉਨ੍ਹਾਂ ਦੇ ਦਫਤਰ 'ਚੋਂ ਕਿਹੜੀਆਂ ਫਾਈਲਾਂ ਲੱਭ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਦੱਸਣਾ ਚਾਹੁੰਦੇ ਹਨ ਕਿ ਸੀ ਬੀ ਆਈ ਕੋਈ ਭ੍ਰਿਸ਼ਟਾਚਾਰ ਦੀਆਂ ਫਾਈਲਾਂ ਨਹੀਂ ਲੱਭ ਰਹੀ। ਉਨ੍ਹਾ ਕਿਹਾ ਕਿ ਅਸਲ ਵਿੱਚ ਕੇਂਦਰੀ ਜਾਂਚ ਏਜੰਸੀ ਡੀ ਡੀ ਸੀ ਏ ਨਾਲ ਸੰਬੰਧਤ ਫਾਈਲਾਂ ਲੱਭ ਰਹੀ ਹੈ, ਜੋ ਕਿ ਅਰੁਣ ਜੇਤਲੀ ਨੂੰ ਬਚਾਉਣਾ ਚਾਹੁੰਦੀ ਹੈ। ਜੇਤਲੀ ਕਈ ਸਾਲਾਂ ਤੱਕ ਡੀ ਡੀ ਸੀ ਏ ਦੇ ਚੇਅਰਮੈਨ ਰਹੇ ਸਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਡੀ ਡੀ ਸੀ ਏ ਵਿੱਚ ਹੋਏ ਭ੍ਰਿਸ਼ਟਾਚਾਰ ਲਈ ਜਾਂਚ ਸ਼ੁਰੂ ਕੀਤੀ ਹੈ, ਜਿਸ ਦੀ ਰਿਪੋਰਟ ਉਨ੍ਹਾਂ ਕੋਲ ਆਈ ਹੈ ਅਤੇ ਸੀ ਬੀ ਆਈ ਵਾਲੇ ਇਹੋ ਰਿਪੋਰਟ ਹੀ ਲੱਭ ਰਹੇ ਹਨ।
ਸੀ ਬੀ ਆਈ ਛਾਪਿਆਂ ਬਾਰੇ ਆਮ ਆਦਮੀ ਪਾਰਟੀ ਨੇ ਸਖ਼ਤ ਨਰਾਜ਼ਗੀ ਪ੍ਰਗਟ ਕੀਤੀ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਆਸ਼ੂਤੋਸ਼ ਨੇ ਕਿਹਾ ਹੈ ਕਿ ਜੇ ਸੀ ਬੀ ਆਈ ਨੇ ਕਾਰਵਾਈ ਕਰਨੀ ਸੀ ਤਾਂ ਇਸ ਬਾਰੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਿਉਂ ਨਹੀਂ ਦੱਸਿਆ ਗਿਆ। ਉਨ੍ਹਾਂ ਨੇ ਕਿਹਾ ਕਿ ਰਾਜਿੰਦਰ ਕੁਮਾਰ ਇੱਕ ਇਮਾਨਦਾਰ ਅਫ਼ਸਰ ਹਨ। ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਸੀ ਬੀ ਆਈ ਛਾਪਿਆਂ ਬਾਰੇ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਬਹਾਨਾ ਬਣਾ ਕੇ ਜੇ ਕੋਈ ਮੁੱਖ ਮੰਤਰੀ ਦਫ਼ਤਰ ਦੀਆਂ ਫਾਇਲਾਂ ਦੀ ਵੀ ਜਾਂਚ ਕਰੇ ਤਾਂ ਵੀ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਿੰਸੀਪਲ ਸਕੱਤਰ ਦਾ ਆਪਣਾ ਕੋਈ ਦਫ਼ਤਰ ਨਹੀਂ ਹੈ। ਉਨ੍ਹਾ ਦੱਸਿਆ ਕਿ ਸਕੱਤਰੇਤ ਦੀ ਤੀਜੀ ਮੰਜ਼ਲ ਵਿੱਚ ਸਿਰਫ਼ ਮੁੱਖ ਮੰਤਰੀ ਦਾ ਦਫ਼ਤਰ ਹੈ, ਜਿਸ ਨੂੰ ਸੀ ਬੀ ਆਈ ਨੇ ਸੀਲ ਕਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਸੀ ਬੀ ਆਈ ਛਾਪਿਆਂ ਤੋਂ ਸਾਫ਼ ਸੰਦੇਸ਼ ਜਾਂਦਾ ਹੈ ਕਿ ਕੇਂਦਰ ਸਰਕਾਰ ਕੇਜਰੀਵਾਲ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾ ਨੇ ਕਿਹਾ ਕਿ ਅਫ਼ਸਰਾਂ ਨੂੰ ਵੀ ਇਹਨਾਂ ਛਾਪਿਆਂ ਰਾਹੀਂ ਸੰਦੇਸ਼ ਦਿੱਤਾ ਗਿਆ ਹੈ ਕਿ ਉਹ ਕੇਜਰੀਵਾਲ ਨਾਲ ਕੰਮ ਨਾ ਕਰਨ, ਜੋ ਕਰੇਗਾ, ਉਸ ਵਿਰੁੱਧ ਏਦਾਂ ਦੀ ਕਾਰਵਾਈ ਹੋਵੇਗੀ।