ਪੰਜਾਬ ਦੀ ਰਾਜਨੀਤੀ ਵਿੱਚ ਟਕਰਾਅ ਦੇ ਲੱਛਣ

ਪੰਜਾਬ ਦੀ ਰਾਜਨੀਤੀ ਲਈ ਜ਼ਬਰਦਸਤੀ ਸਰਗਰਮੀ ਦਾ ਪੜੁੱਲ ਬਣ ਗਏ ਪੰਦਰਾਂ ਦਸੰਬਰ ਵਾਲੇ ਦਿਨ ਜਦੋਂ ਇੱਕ ਪਾਸੇ ਬਠਿੰਡੇ ਵਿੱਚ ਕਾਂਗਰਸ ਪਾਰਟੀ ਦੀ ਰੈਲੀ ਹੋ ਰਹੀ ਸੀ, ਓਦੋਂ ਪਟਿਆਲੇ ਵਿੱਚ ਹਾਕਮ ਧਿਰ ਵੀ ਰੈਲੀ ਕਰਦੀ ਪਈ ਸੀ। ਸਿਆਸੀ ਰੈਲੀਆਂ ਸਨ ਤਾਂ ਸਿਆਸਤ ਵੀ ਹੋਣੀ ਸੀ। ਕਾਂਗਰਸ ਪਾਰਟੀ ਨੇ ਬਠਿੰਡੇ ਵਿੱਚ ਰੈਲੀ ਓਦੋਂ ਰੱਖੀ ਸੀ, ਜਦੋਂ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਚੁਣੌਤੀ ਦੇ ਦਿੱਤੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਵਿੱਚ ਹਿੰਮਤ ਹੈ ਤਾਂ ਏਸੇ ਸ਼ਹਿਰ ਵਿੱਚ ਅਕਾਲੀ ਦਲ ਦੀ ਰੈਲੀ ਦੇ ਬਰਾਬਰ ਦੀ ਰੈਲੀ ਕਰ ਕੇ ਵਿਖਾਵੇ। ਅਗਲੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਚੁਣੌਤੀ ਕਬੂਲ ਕਰ ਕੇ ਰੈਲੀ ਦਾ ਓਦੋਂ ਐਲਾਨ ਕਰ ਦਿੱਤਾ, ਜਦੋਂ ਉਹ ਪੰਜਾਬ ਦੀ ਕਾਂਗਰਸ ਪਾਰਟੀ ਦਾ ਪ੍ਰਧਾਨ ਹਾਲੇ ਹਾਈ ਕਮਾਂਡ ਵੱਲੋਂ ਨਹੀਂ ਸੀ ਥਾਪਿਆ ਗਿਆ। ਉਸ ਦੇ ਚੁਣੌਤੀ ਕਬੂਲ ਕਰ ਲੈਣ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਇੱਕ ਥਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਮੈਂ ਚੁਣੌਤੀਆਂ ਦੀ ਸਿਆਸਤ ਕਰਦਾ ਨਹੀਂ ਹੁੰਦਾ, ਇਸ ਨਾਲ ਕੋਈ ਲਾਭ ਨਹੀਂ ਹੁੰਦਾ, ਪਰ ਉਹ ਇਹ ਗੱਲ ਆਪਣੇ ਪੁੱਤਰ ਨੂੰ ਨਹੀਂ ਸਨ ਕਹਿ ਸਕੇ।
ਹੁਣ ਜਦੋਂ ਇੱਕੋ ਦਿਨ ਦੋ ਸ਼ਹਿਰਾਂ ਬਠਿੰਡੇ ਤੇ ਪਟਿਆਲੇ ਵਿੱਚ ਮੁਕਾਬਲੇ ਦੀਆਂ ਰੈਲੀਆਂ ਹੋ ਚੁੱਕੀਆਂ ਹਨ ਤਾਂ ਇਹ ਖ਼ਬਰ ਪੜ੍ਹਨ ਨੂੰ ਬੜੀ ਸੁਖਾਵੀਂ ਲੱਗੀ ਹੈ ਕਿ ਮੁੱਖ ਮੰਤਰੀ ਬਾਦਲ ਨੇ ਕਿਹਾ ਹੈ ਕਿ ਸਾਨੂੰ ਟਕਰਾਅ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਇਹ ਗੱਲ ਮੰਨੀ ਜਾਵੇ ਤਾਂ ਪੰਜਾਬ ਦੇ ਲੋਕ ਖੁਸ਼ ਹੋਣਗੇ। ਰਾਜਨੀਤੀ ਟਕਰਾਅ ਦੇ ਰਾਹ ਪੈ ਕੇ ਕਈ ਕਿਸਮ ਦੇ ਵਿਗਾੜਾਂ ਦਾ ਕਾਰਨ ਬਣਦੀ ਹੈ। ਇਹ ਗੱਲ ਆਮ ਕਹੀ ਜਾਂਦੀ ਹੈ ਕਿ ਨੇਕੀ ਜਦੋਂ ਕਰਨੀ ਹੋਵੇ ਤਾਂ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਸਾਹਿਬ ਨੂੰ ਇਹ ਕੰਮ ਅਕਾਲੀ ਦਲ ਵਿੱਚ ਚੁਣੌਤੀਆਂ ਦੇਣ ਦੇ ਸੱਭਿਆਚਾਰ ਨੂੰ ਰੋਕਣ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਏਦਾਂ ਉਹ ਕਦੇ ਨਹੀਂ ਕਰਨਗੇ।
ਅਸਲੀਅਤ ਇਹ ਹੈ ਕਿ ਮੁੱਖ ਮੰਤਰੀ ਬਾਦਲ ਆਪ ਵੀ ਇੱਕ ਖ਼ਾਸ ਕਿਸਮ ਦੀ ਰਾਜਨੀਤੀ ਕਰਨ ਵਾਸਤੇ ਏਦਾਂ ਦੀ ਟਕਰਾਅ ਨਾ ਰੱਖਣ ਦੀ ਗੱਲ ਵਿੱਚ-ਵਿਚਾਲੇ ਕਹਿ ਛੱਡਦੇ ਹਨ। ਪੰਜਾਬ ਵਿੱਚ ਹੁੰਦੀਆਂ ਕਈ ਘਟਨਾਵਾਂ ਦਾ ਰੌਲਾ ਦਿੱਲੀ ਤੱਕ ਪੈਂਦਾ ਰਹਿੰਦਾ ਹੈ, ਪਰ ਉਨ੍ਹਾਂ ਬਾਰੇ ਉਹ ਕਦੇ ਗੱਲ ਨਹੀਂ ਕਰਦੇ ਜਾਂ ਤਿਲਕਾਊ ਜਿਹੀ ਗੱਲ ਨਾਲ ਪਾਸਾ ਵੱਟ ਜਾਂਦੇ ਹਨ। ਹੁਣੇ ਹੋਏ ਅਬੋਹਰ ਕਾਂਡ ਬਾਰੇ ਉਨ੍ਹਾ ਵੱਲੋਂ ਦਿੱਤਾ ਗਿਆ ਬਿਆਨ ਸਾਰਿਆਂ ਨੂੰ ਬੜਾ ਹੈਰਾਨੀ ਵਾਲਾ ਲੱਗਾ ਹੈ। ਰਾਜ ਦਾ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਇਸ ਤਰ੍ਹਾਂ ਨਹੀਂ ਟਾਲ ਸਕਦਾ। ਭਾਜਪਾ ਦੀ ਲੀਡਰਸ਼ਿਪ ਦੇ ਨਾਲ ਜਦੋਂ ਸੁਖਬੀਰ ਸਿੰਘ ਬਾਦਲ ਆਢਾ ਲਾਉਣ ਦੇ ਮੂਡ ਵਿੱਚ ਆ ਗਿਆ ਸੀ, ਪਾਕਿਸਤਾਨ ਦੇ ਬਾਰਡਰ ਵੱਲ ਜਾਂਦੇ ਰਾਹਾਂ ਉੱਤੇ ਉਸ ਨੇ ਜਲਸੇ ਜੋੜ ਕੇ ਅਸਿੱਧੇ ਤੌਰ ਉੱਤੇ ਭਾਜਪਾ ਨੂੰ ਚੁਣੌਤੀ ਦੇ ਦਿੱਤੀ, ਓਦੋਂ ਵੀ ਉਨ੍ਹਾਂ ਜਲਸਿਆਂ ਵਿੱਚ ਬਾਦਲ ਸਾਹਿਬ ਆਪ ਨਹੀਂ ਸੀ ਗਏ, ਪਰ ਰੋਕਿਆ ਵੀ ਨਹੀਂ ਸੀ। ਕਾਂਗਰਸ ਵਿਰੋਧੀ ਧਿਰ ਦੀ ਪਾਰਟੀ ਹੈ, ਆਪਣੇ ਗੱਠਜੋੜ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਵਾਲਿਆਂ ਵਿਰੁੱਧ ਉਹ ਹਰਿਆਣੇ ਦੇ ਓਮ ਪ੍ਰਕਾਸ਼ ਚੌਟਾਲਾ ਨਾਲ ਵਿਧਾਨ ਸਭਾ ਚੋਣਾਂ ਵਿੱਚ ਖੁੱਲ੍ਹ ਕੇ ਤੁਰਦੇ ਹੋਏ ਵੀ ਟਕਰਾਅ ਛੱਡਣ ਦੀ ਗੱਲ ਕਹੀ ਜਾਂਦੇ ਰਹੇ ਸਨ। ਨਿਤੀਸ਼ ਕੁਮਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਪਹਿਲਾਂ ਸੁਖਬੀਰ ਸਿੰਘ ਬਾਦਲ ਦਾ ਪਹੁੰਚਣਾ ਤੇ ਇਸ ਦੇ ਬਾਅਦ ਪਟਨੇ ਦਾ ਆਪ ਪ੍ਰੋਗਰਾਮ ਰੱਖ ਲੈਣਾ ਕੀ ਅਰਥ ਰੱਖਦਾ ਹੈ, ਇਹ ਵੀ ਸਭ ਨੂੰ ਪਤਾ ਹੈ।
ਰਹੀ ਗੱਲ ਟਕਰਾਅ ਦੀ ਸਿਆਸਤ ਦੀ, ਇਹ ਪੰਜਾਬ ਵਿੱਚ ਬੰਦ ਹੋ ਜਾਵੇ ਤਾਂ ਪੰਜਾਬ ਦੇ ਲੋਕ ਸਵਾਗਤ ਕਰਨਗੇ, ਪਰ ਇਹ ਹੋਣ ਵਾਲੀ ਨਹੀਂ। ਬਠਿੰਡੇ ਵਿੱਚ ਕੁਝ ਅਕਾਲੀ ਆਗੂ ਆਪਣੀ ਸਰਕਾਰੀ ਗੱਡੀ ਦੇ ਨਾਲ ਦੋ-ਦੋ ਸੌ ਮੋਟਰ ਸਾਈਕਲ ਸਵਾਰਾਂ ਦੇ ਕਾਫਲੇ ਲੈ ਕੇ ਚੱਲਦੇ ਹਨ ਤਾਂ ਲੋਕ ਇਸ ਦਾ ਅਰਥ ਸਮਝਦੇ ਹਨ। ਇਸ ਦਾ ਅਸਰ ਇਹ ਪੈਂਦਾ ਹੈ ਕਿ ਮੁਕਾਬਲੇ ਦੀ ਕੋਈ ਨਾ ਕੋਈ ਧਿਰ ਵੀ ਆਪਣੇ ਨਾਲ ਲੱਠ-ਮਾਰ ਟੋਲਾ ਗੰਢਣ ਦੇ ਲਈ ਸੋਚਣ ਲੱਗ ਸਕਦੀ ਹੈ। ਰੈਲੀਆਂ ਵਿੱਚ ਕਿਸੇ ਨੂੰ ਖੰਘਣ ਨਾ ਦੇਣ ਦੀਆਂ ਚੁਣੌਤੀਆਂ ਨਾਲ ਵੀ ਰਾਜਨੀਤਕ ਮਾਹੌਲ ਗਰਮ ਹੋਈ ਜਾ ਰਿਹਾ ਹੈ। ਚੋਣਾਂ ਹਾਲੇ ਸਵਾ ਸਾਲ ਦੂਰ ਹਨ ਤੇ ਮਾਹੌਲ ਹੁਣੇ ਭਖਦਾ ਜਾਂਦਾ ਹੈ। ਪਹਿਲਾਂ ਚੋਣਾਂ ਦੀ ਸਰਦਲ ਉੱਤੇ ਜਾ ਕੇ ਜਿਹੜਾ ਟਕਰਾਅ ਵੇਖਣ ਨੂੰ ਮਿਲਿਆ ਕਰਦਾ ਸੀ, ਉਹ ਟਕਰਾਅ ਜੇ ਸਵਾ ਸਾਲ ਅਗੇਤਾ ਵੇਖਣਾ ਪੈ ਰਿਹਾ ਹੈ ਤਾਂ ਇਸ ਨੂੰ ਟਾਲਣ ਦੀ ਪਹਿਲ ਅਮਲ ਵਿੱਚ ਮੁੱਖ ਮੰਤਰੀ ਨੂੰ ਖ਼ੁਦ ਕਰਨੀ ਚਾਹੀਦੀ ਹੈ।