Latest News

ਗੰਭੀਰ ਰੂਪ ਧਾਰ ਸਕਦੀ ਹੈ ਦਿੱਲੀ ਤੇ ਕੇਂਦਰ ਦੀ ਖਿੱਚੋਤਾਣ

Published on 17 Dec, 2015 11:41 AM.

ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਇੱਕ ਨਿਬੇੜੇ ਵਾਲਾ ਆਢਾ ਲਾਉਣ ਦੇ ਰਾਹ ਪੈ ਗਈਆਂ ਲੱਗਦੀਆਂ ਹਨ। ਇਸ ਵਿੱਚ ਇੱਕ ਵਾਰ ਫਿਰ ਕੇਂਦਰੀ ਜਾਂਚ ਏਜੰਸੀ ਸੀ ਬੀ ਆਈ ਨੂੰ ਕੇਂਦਰ ਸਰਕਾਰ ਦੇ ਨੇਜ਼ੇ ਦੀ ਨੋਕ ਬਣਾ ਕੇ ਵਰਤੇ ਜਾਣ ਦੇ ਦੋਸ਼ ਲੱਗ ਰਹੇ ਹਨ ਤੇ ਇਸ ਤਰ੍ਹਾਂ ਦੇ ਦੋਸ਼ ਲਾਉਣ ਵਿੱਚ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦਾ ਬਾਕੀ ਪਾਰਟੀਆਂ ਵੀ ਸਾਥ ਦੇ ਰਹੀਆਂ ਹਨ।
ਮਾਮਲਾ ਭ੍ਰਿਸ਼ਟਾਚਾਰ ਦਾ ਹੈ ਤੇ ਇਸ ਵਿੱਚ ਜਿਹੜੀ ਗੱਲ ਨੂੰ ਕੇਂਦਰ ਸਰਕਾਰ ਨੇ ਮੁੱਦਾ ਬਣਾ ਕੇ ਆਪਣਾ ਦਾਅ ਖੇਡਿਆ ਹੈ, ਉਹ ਉਸ ਨੂੰ ਉਲਟਾ ਪੈਂਦਾ ਜਾਪਦਾ ਹੈ। ਸੀ ਬੀ ਆਈ ਵੱਲੋਂ ਜਿਸ ਦਿਨ ਦਿੱਲੀ ਸਰਕਾਰ ਦੇ ਇੱਕ ਪ੍ਰਿੰਸੀਪਲ ਸੈਕਟਰੀ ਦੇ ਦਫ਼ਤਰ ਉੱਤੇ ਛਾਪਾ ਮਾਰਿਆ ਗਿਆ, ਉਸ ਨਾਲ ਕਈ ਕੁਝ ਉੱਧੜਨ ਲੱਗ ਗਿਆ। ਕੇਂਦਰ ਸਰਕਾਰ ਚਲਾ ਰਹੀ ਭਾਰਤੀ ਜਨਤਾ ਪਾਰਟੀ ਵਾਲਿਆਂ ਵੀ ਅਤੇ ਜਾਂਚ ਏਜੰਸੀ ਸੀ ਬੀ ਆਈ ਦੇ ਅਫ਼ਸਰਾਂ ਨੇ ਵੀ ਇਹ ਕਹਿ ਕੇ ਗੱਲ ਟਾਲਣੀ ਚਾਹੀ ਕਿ ਛਾਪਾ ਅਫ਼ਸਰ ਉੱਤੇ ਮਾਰਿਆ ਹੈ, ਮੁੱਖ ਮੰਤਰੀ ਕੇਜਰੀਵਾਲ ਵਾਲੇ ਦਫ਼ਤਰ ਨਾਲ ਇਸ ਦਾ ਸੰਬੰਧ ਨਹੀਂ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਿੰਸੀਪਲ ਸੈਕਟਰੀ ਦੇ ਦਫ਼ਤਰ ਵਿੱਚ ਛਾਪਾ ਮਾਰਨ ਆਈ ਟੀਮ ਦਾ ਨਿਸ਼ਾਨਾ ਅਸਲ ਵਿੱਚ ਉਹ ਖ਼ੁਦ ਹਨ ਅਤੇ ਇਸ ਦਾ ਸਿੱਧਾ ਸਬੂਤ ਇਹ ਵੀ ਹੈ ਕਿ ਸੀ ਬੀ ਆਈ ਟੀਮ ਜਾਣ ਲੱਗੀ ਉਨ੍ਹਾ ਦੇ ਮੁੱਖ ਮੰਤਰੀ ਦਫ਼ਤਰ ਦੀਆਂ ਫਾਈਲਾਂ ਦਾ ਮੂਵਮੈਂਟ ਰਜਿਸਟਰ ਨਾਲ ਲੈ ਗਈ ਹੈ। ਪ੍ਰਿੰਸੀਪਲ ਸੈਕਟਰੀ ਦੇ ਖ਼ਿਲਾਫ਼ ਜਿਹੜੀ ਪੜਤਾਲ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ, ਉਸ ਦਾ ਮੁੱਖ ਮੰਤਰੀ ਦਫ਼ਤਰ ਦੇ ਮੌਜੂਦਾ ਮੂਵਮੈਂਟ ਰਜਿਸਟਰ ਨਾਲ ਕੋਈ ਸੰਬੰਧ ਨਹੀਂ ਬਣਦਾ।
ਸੀ ਬੀ ਆਈ ਦੇ ਬੁਲਾਰੇ ਮੁਤਾਬਕ ਪ੍ਰਿੰਸੀਪਲ ਸੈਕਟਰੀ ਰਾਜਿੰਦਰ ਕੁਮਾਰ ਦੇ ਖ਼ਿਲਾਫ਼ ਸਾਲ 2004 ਤੋਂ 2014 ਦੇ ਦੌਰਾਨ ਕੀਤੇ ਗਏ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਤੇ ਉਹ ਬਹੁਤ ਚਿਰ ਤੋਂ ਜਾਂਚ ਏਜੰਸੀ ਦੀ ਚੌਕਸੀ ਦੇ ਘੇਰੇ ਵਿੱਚ ਸੀ। ਇਸ ਹਿਸਾਬ ਨਾਲ ਇਸ ਭ੍ਰਿਸ਼ਟਾਚਾਰ ਦਾ ਸੰਬੰਧ ਕਾਂਗਰਸ ਦੀ ਸ਼ੀਲਾ ਦੀਕਸ਼ਤ ਦੇ ਮੁੱਖ ਮੰਤਰੀ ਹੋਣ ਸਮੇਂ ਦਾ ਜਾਪਦਾ ਹੈ। ਓਦੋਂ ਕੋਈ ਛਾਪੇ ਨਹੀਂ ਮਾਰੇ ਗਏ ਤੇ ਹੁਣ ਮਾਰੇ ਗਏ ਹਨ। ਹੁਣ ਛਾਪੇ ਮਾਰਨ ਸਮੇਂ ਜਿਸ ਤਰ੍ਹਾਂ ਜਾਂਚ ਏਜੰਸੀ ਨੇ ਲੰਮਾ ਸਮਾਂ ਦਫ਼ਤਰ ਵਿੱਚ ਹੋਰ ਹਰ ਕਿਸੇ ਦਾ ਆਉਣ-ਜਾਣ ਰੋਕ ਕੇ ਤਲਾਸ਼ੀ ਲਈ, ਉਸ ਦਾ ਬਹੁਤਾ ਸਮਾਂ ਦਿੱਲੀ ਕ੍ਰਿਕਟ ਐਸੋਸੀਏਸ਼ਨ ਦੇ ਭ੍ਰਿਸ਼ਟਾਚਾਰ ਦੀ ਜਾਂਚ ਰਿਪੋਰਟ ਦੀਆਂ ਫਾਈਲਾਂ ਫੋਲਣ ਦੇ ਲਈ ਲਾਇਆ ਗਿਆ ਹੈ। ਆਮ ਆਦਮੀ ਪਾਰਟੀ ਅਤੇ ਉਸ ਦੇ ਆਗੂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਾ ਇਹ ਕਹਿਣਾ ਵਜ਼ਨਦਾਰ ਲੱਗਦਾ ਹੈ ਕਿ ਇਹ ਛਾਪੇ ਕੇਂਦਰੀ ਮੰਤਰੀ ਨੂੰ ਬਚਾਉਣ ਲਈ ਮਾਰੇ ਗਏ ਹਨ।
ਕੇਂਦਰ ਸਰਕਾਰ ਇਸ ਤੋਂ ਉਲਟ ਇਹ ਕਹਿੰਦੀ ਹੈ ਕਿ ਮੁੱਖ ਮੰਤਰੀ ਕੇਜਰੀਵਾਲ ਅਤੇ ਉਸ ਦੇ ਜੋੜੀਦਾਰ ਬਦੋਬਦੀ ਇਸ ਮਾਮਲੇ ਵਿੱਚ ਕੇਂਦਰੀ ਮੰਤਰੀ ਅਰੁਣ ਜੇਤਲੀ ਨੂੰ ਇਸ ਲਈ ਘਸੀਟ ਰਹੇ ਹਨ ਕਿ ਭ੍ਰਿਸ਼ਟਾਚਾਰੀ ਅਫ਼ਸਰ ਦੇ ਬਚਾਅ ਦਾ ਰਾਹ ਕੱਢਿਆ ਜਾ ਸਕੇ। ਇਸ ਦਲੀਲ ਵਿੱਚ ਬਹੁਤਾ ਵਜ਼ਨ ਨਹੀਂ ਜਾਪਦਾ। ਕ੍ਰਿਕਟ ਵਾਲਾ ਜਿਹੜਾ ਭ੍ਰਿਸ਼ਟਾਚਾਰ ਦਿੱਲੀ ਵਿੱਚ ਹੋਇਆ ਸੀ, ਉਸ ਦੀ ਗੱਲ ਅਰਵਿੰਦ ਕੇਜਰੀਵਾਲ ਨੇ ਨਹੀਂ, ਪਾਰਲੀਮੈਂਟ ਦੇ ਵਿੱਚ ਭਾਜਪਾ ਦੇ ਆਪਣੇ ਐੱਮ ਪੀ ਕੀਰਤੀ ਆਜ਼ਾਦ ਨੇ ਚੁੱਕੀ ਸੀ ਤੇ ਮੁੱਦਾ ਓਦੋਂ ਚੁੱਕਿਆ ਸੀ, ਜਦੋਂ ਨਰਿੰਦਰ ਮੋਦੀ ਸਰਕਾਰ ਵੱਲੋਂ ਸੱਤਾ ਸੰਭਾਲਣ ਨੂੰ ਤਿੰਨ ਮਹੀਨੇ ਹੋ ਚੁੱਕੇ ਸਨ। ਪਾਰਲੀਮੈਂਟ ਵਿੱਚ ਭਾਜਪਾ ਮੈਂਬਰ ਕੀਰਤੀ ਆਜ਼ਾਦ ਵੱਲੋਂ ਚੁੱਕਿਆ ਇਹ ਮੁੱਦਾ ਪਹਿਲਾਂ ਗ੍ਰਹਿ ਮੰਤਰਾਲੇ ਕੋਲ ਗਿਆ, ਓਥੋਂ ਇਹ ਕੇਸ ਖੇਡ ਮੰਤਰਾਲੇ ਵੱਲ ਭੇਜਿਆ ਗਿਆ ਤੇ ਫਿਰ ਖੇਡ ਮੰਤਰਾਲੇ ਵੱਲੋਂ ਇਸ ਦੀ ਜਾਂਚ ਵਾਸਤੇ ਦਿੱਲੀ ਸਰਕਾਰ ਨੂੰ ਮਾਮਲਾ ਭੇਜਿਆ ਗਿਆ ਸੀ। ਭਾਜਪਾ ਐੱਮ ਪੀ ਅਤੇ ਸਾਬਕਾ ਕ੍ਰਿਕਟ ਖਿਡਾਰੀ ਕੀਰਤੀ ਆਜ਼ਾਦ ਇਕੱਲਾ ਨਹੀਂ, ਕ੍ਰਿਕਟ ਦੇ ਬਹੁਤ ਸਾਰੇ ਨਾਮਵਰ ਖਿਡਾਰੀ ਇਸ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼ ਲਾ ਕੇ ਅਰੁਣ ਜੇਤਲੀ ਵੱਲ ਇਸ਼ਾਰੇ ਕਰੀ ਜਾ ਰਹੇ ਹਨ।
ਹੁਣ ਇਹ ਕੇਸ ਇੱਕ ਤਰ੍ਹਾਂ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਵਿਚਾਲੇ ਖਿੱਚੋਤਾਣ ਦੀ ਸਿਖ਼ਰ ਤੱਕ ਚਲੇ ਜਾਣ ਵਾਲਾ ਬਣ ਗਿਆ ਹੈ। ਕੇਂਦਰ ਨੇ ਦਿੱਲੀ ਦੇ ਮੁੱਖ ਮੰਤਰੀ ਉੱਤੇ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਲਾਇਆ, ਇੱਕ ਭ੍ਰਿਸ਼ਟਾਚਾਰੀ ਅਫ਼ਸਰ ਨੂੰ ਬਚਾਉਣ ਦਾ ਦੋਸ਼ ਲਾਇਆ ਹੈ ਤੇ ਦਿੱਲੀ ਦਾ ਮੁੱਖ ਮੰਤਰੀ ਕਿਸੇ ਤੀਸਰੇ ਵੱਲ ਨਹੀਂ, ਸਗੋਂ ਸਿੱਧਾ ਕੇਂਦਰੀ ਖ਼ਜ਼ਾਨਾ ਮੰਤਰੀ ਜੇਤਲੀ ਉੱਤੇ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਲਾਉਂਦਾ ਹੈ। ਕਾਂਗਰਸ ਦੇ ਆਗੂਆਂ ਨੇ ਪਹਿਲੇ ਦਿਨ ਆਪਣੀ ਕਿੜ ਕੱਢਣ ਲਈ ਅਰਵਿੰਦ ਕੇਜਰੀਵਾਲ ਉੱਤੇ ਚਾਂਦਮਾਰੀ ਕੀਤੀ ਤੇ ਅਗਲੇ ਦਿਨ ਤੱਕ ਜਦੋਂ ਸਾਰੀ ਸਥਿਤੀ ਦੀ ਸਮਝ ਆ ਗਈ ਤੇ ਇਹ ਵੀ ਕਿ ਕੇਰਲਾ, ਪੱਛਮੀ ਬੰਗਾਲ, ਬਿਹਾਰ ਅਤੇ ਹੁਣ ਅਰੁਣਾਚਲ ਪ੍ਰਦੇਸ਼ ਵਿੱਚ ਭਾਜਪਾ ਕੀ ਖੇਡ ਖੇਡਣ ਲੱਗੀ ਹੈ, ਉਹ ਵੀ ਦਿੱਲੀ ਸਰਕਾਰ ਦੇ ਪੱਖ ਵਿੱਚ ਪੈਂਤੜਾ ਲੈਣ ਨੂੰ ਮਜਬੂਰ ਹੋ ਗਏ ਹਨ। ਭਾਜਪਾ ਦੇ ਆਪਣੇ ਅੰਦਰ ਇਸ ਬਾਰੇ ਇੱਕਸੁਰਤਾ ਨਹੀਂ। ਇੱਕ ਸ਼ਤਰੂਘਨ ਸਿਨਹਾ ਹੀ ਨਹੀਂ, ਕੀਰਤੀ ਆਜ਼ਾਦ ਵਰਗੇ ਪੁਰਾਣੇ ਭਾਜਪਾ ਐੱਮ ਪੀ ਅਤੇ ਕਈ ਹੋਰ ਆਗੂ ਇਹ ਸਮਝਦੇ ਹਨ ਕਿ ਮੋਦੀ ਧੜਾ ਅਜੇ ਤੱਕ ਦੂਸਰੇ ਆਗੂਆਂ ਨੂੰ ਫਸਾਈ ਜਾਂਦਾ ਸੀ, ਹੁਣ ਆਪ ਫਸਣ ਲੱਗਾ ਹੈ। ਸੁਸ਼ਮਾ ਸਵਰਾਜ ਵਾਲੇ ਕੇਸ ਵਿੱਚ ਮੋਦੀ ਵਿਰੋਧੀ ਧੜਾ ਸਿੱਧੇ ਇਸ਼ਾਰੇ ਲਾਉਂਦਾ ਸੀ ਕਿ ਉਸ ਨੂੰ ਮੋਦੀ ਧੜੇ ਦੇ ਆਗੂਆਂ ਨੇ ਹੀ ਜਾਣ-ਬੁੱਝ ਕੇ ਫਸਾਇਆ ਹੈ ਤੇ ਇਸ ਤਰ੍ਹਾਂ ਭਾਜਪਾ ਅੰਦਰਲੇ ਵਿਰੋਧੀਆਂ ਨੂੰ ਵਾਰੀ-ਵਾਰੀ ਛਾਂਗਿਆ ਜਾ ਰਿਹਾ ਹੈ।
ਹੁਣ ਉੱਤੋਂ ਵੇਖਣ ਨੂੰ ਲੜਾਈ ਦਿੱਲੀ ਅਤੇ ਕੇਂਦਰ ਦੇ ਖਿਚਾਅ ਦੀ ਲੱਗਦੀ ਹੈ, ਪਰ ਵਿੱਚੋਂ ਕਈ ਤਹਿਆਂ ਹੋਣ ਕਰ ਕੇ ਜਿਹੜੀ ਖਿੱਚੋਤਾਣ ਪੈਦਾ ਹੋ ਗਈ ਹੈ, ਉਹ ਅਗਲੇ ਦਿਨਾਂ ਵਿੱਚ ਗੰਭੀਰ ਰੂਪ ਵੀ ਧਾਰ ਸਕਦੀ ਹੈ।

798 Views

e-Paper