ਜਲੰਧਰ ਪੁਲਸ ਵੱਲੋਂ ਕਾਰ ਬੰਬ ਧਮਾਕੇ ਦੇ ਦੋਸ਼ੀ ਗ੍ਰਿਫਤਾਰ


ਜਲੰਧਰ
(ਸ਼ੈਲੀ ਐਲਬਰਟ)
ਬੀਤੇ ਦਿਨੀਂ ਦੁਗਰੀ ਅਤੇ ਰਸੂਲਪੁਰ ਰੋਡ 'ਤੇ ਕਾਰ ਵਿਚ ਹੋਏ ਬੰਬ ਧਮਾਕੇ ਦੀ ਗੁੱਥੀ ਸੁਲਝਾਉਂਦਿਆਂ ਦਿਹਾਤੀ ਪੁਲਸ ਨੇ ਖੁਲਾਸਾ ਕੀਤਾ ਕਿ ਇਸ ਸੰਬੰਧ ਵਿਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਬੰਬ ਧਮਾਕਾ ਟਿਫਨ ਬੰਬ ਰਾਹੀਂ ਕੀਤਾ ਗਿਆ ਸੀ। ਇਸ ਸੰਬੰਧ ਵਿਚ ਆਈ.ਜੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਹ ਬੰਬ ਦੇਸੀ ਤਰੀਕੇ ਨਾਲ ਤਿਆਰ ਕੀਤਾ ਗਿਆ ਸੀ ਤੇ ਇਸ ਨੂੰ ਤਿਆਰ ਕਰਨ ਵਾਲੇ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਹੈ। ਉਨ੍ਹਾ ਦੱਸਿਆ ਕਿ ਇਸ ਕੇਸ ਦੀ ਗੰਭੀਰਤਾ ਨੂੰ ਦੇਖਦੇ ਡੀ ਆਈ ਜੀ ਜਲੰਧਰ ਰੇਂਜ ਸ਼ਿਵ ਕੁਮਾਰ ਵਰਮਾ ਦੀ ਰਹਿਨੁਮਾਈ ਵਿੱਚ ਜਲੰਧਰ (ਦਿਹਾਤੀ) ਦੇ ਐੱਸ.ਐੱਸ.ਪੀ ਹਰਮੋਹਨ ਸਿੰਘ, ਐੱਸ.ਪੀ (ਆਈ) ਹਰਕਮਲਪ੍ਰੀਤ ਸਿੰਘ ਖੱਖ ਅਤੇ ਇਨ੍ਹਾਂ ਦੀ ਟੀਮ ਦੇ ਮੈਂਬਰ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਸਪੈਸ਼ਲ ਬ੍ਰਾਂਚ ਦੇ ਇੰਚਾਰਜ ਐੱਸ ਆਈ ਸ਼ਿਵ ਕੁਮਾਰ 'ਤੇ ਅਧਾਰਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ। ਜਾਂਚ ਟੀਮ ਵੱਲੋਂ ਘਟਨਾ ਵਾਲੀ ਜਗ੍ਹਾ ਅਤੇ ਕਾਰ ਦਾ ਬਹੁਤ ਹੀ ਬਰੀਕੀ ਨਾਲ ਮੁਆਇਨਾ ਕੀਤਾ ਗਿਆ ਅਤੇ ਵਿਗਿਆਨਕ ਤਰੀਕੇ ਨਾਲ ਇਸ ਕੇਸ ਦੀ ਤਫਤੀਸ਼ ਸ਼ੁਰੂ ਕੀਤੀ ਗਈ।
ਉਨ੍ਹਾ ਦੱਸਿਆ ਕਿ ਟੀਮ ਨੇ ਕੁਝ ਅਹਿਮ ਸਬੂਤਾਂ ਦੇ ਅਧਾਰ 'ਤੇ ਹਰਦੀਪ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਭੁਲੱਥ ਜ਼ਿਲਾ ਕਪੂਰਥਲਾ ਨੂੰ ਬੀਤੇ ਕੱਲ੍ਹ ਜਲੰਧਰ-ਕਰਤਾਰਪੁਰ ਰੋਡ ਤੋਂ ਗ੍ਰਿਫਤਾਰ ਕਰਕੇ ਉਸ ਤੋਂ ਡੂੰਘਾਈ ਨਾਲ ਕੀਤੀ ਪੁੱਛਗਿਛ ਦੌਰਾਨ ਉਸ ਨੇ ਦੱਸਿਆ ਕਿ ਉਹ ਅਤੇ ਜਗਮੋਹਣ ਆਪਸ ਵਿੱਚ ਚੰਗੇ ਦੋਸਤ ਹਨ ਅਤੇ ਜਗਮੋਹਣ ਵੱਲੋਂ ਪਿਛਲੇ ਮਹੀਨੇ ਦੀ 27 ਨਵੰਬਰ ਨੂੰ ਉਸ ਨੂੰ ਕਰਤਾਰਪੁਰ ਬੁਲਾਇਆ ਗਿਆ ਅਤੇ ਉਸ ਨੂੰ 3 ਟਿਫਨਾਂ ਵਾਲਾ ਇੱਕ ਬੈਗ ਦੇ ਕੇ ਇਸ ਨੂੰ ਸੰਭਾਲ ਕੇ ਰੱਖਣ ਲਈ ਕਿਹਾ ਅਤੇ ਉਸ ਵੱਲੋਂ ਆਪਣੇ ਘਰ ਵਿੱਚ ਹੀ ਇਹ ਬੈਗ ਸੰਭਾਲ ਲਿਆ। ਉਸ ਤੋਂ ਬਾਅਦ 4 ਦਸਬੰਰ ਨੂੰ ਜਗਮੋਹਣ ਸਿੰਘ ਅਤੇ ਮਰਨ ਵਾਲੇ ਅਜੈ ਸ਼ਰਮਾ ਉਸ ਕੋਲ ਆਏ ਅਤੇ ਉਨ੍ਹਾਂ ਤਿੰਨਾਂ ਟਿਫਨਾਂ ਵਿੱਚੋਂ ਇੱਕ ਟਿਫਨ ਉਸ ਤਂੋ ਲੈ ਗਏ। ਉਸ ਨੂੰ ਅਗਲੇ ਦਿਨ ਪਤਾ ਲੱਗਾ ਗਿਆ ਕਿ ਕਾਰ ਵਿੱਚ ਧਮਾਕਾ ਹੋਇਆ ਹੈ ਅਤੇ ਅਜੈ ਸ਼ਰਮਾ ਦੀ ਉਸ ਧਮਾਕੇ ਵਿੱਚ ਮੌਤ ਹੋ ਗਈ ਅਤੇ ਜਗਮੋਹਨ ਜ਼ਖਮੀ ਹੋ ਗਿਆ। ਇਸ ਲਈ ਉਸ ਨੇ ਡਰਦੇ ਮਾਰੇ ਬਾਕੀ ਦੋਵੇਂ ਟਿਫਨ ਬੰਬ ਆਪਣੇ ਕਸਬੇ ਭੁਲੱਥ ਨਾਲ ਦੀ ਵਗਦੀ ਵੇਈਂ ਵਿੱਚ ਸੁੱਟ ਦਿੱਤੇ ਅਤੇ ਉਹ ਰਿਸ਼ਤੇਦਾਰਾਂ ਕੋਲ ਯੂ ਪੀ ਚਲਾ ਗਿਆ।
ਜਦੋਂ ਉਸ ਨੇ ਪਤਾ ਕੀਤਾ ਕਿ ਜਗਮੋਹਨ ਹਸਪਤਾਲ ਦਾਖਲ ਹੈ ਅਤੇ ਉਸ ਵੱਲੋਂ ਪੁਲਸ ਨੂੰ ਕੁਝ ਵੀ ਨਹੀਂ ਦੱਸਿਆ ਗਿਆ, ਉਹ ਵਾਪਸ ਆ ਗਿਆ। ਸਪੈਸ਼ਲ ਇਨਵੈਸਟੀਗੇਸ਼ਨ ਦੀਆਂ ਟੀਮਾ ਵੱਲੋ ਮੁਜਰਮ ਹਰਦੀਪ ਸਿੰੰਘ ਦੀ ਨਿਸ਼ਾਨਦੇਹੀ 'ਤੇ ਕੱਲ੍ਹ ਭੁਲੱਥ ਕਸਬਾ ਵੇਈਂ ਦੀ ਕੁਝ ਗੋਤਾਖੋਰਾਂ ਦੀ ਮਦਦ ਨਾਲ ਤਲਾਸ਼ੀ ਲਈ ਗਈ ਤਾਂ ਵੇਈਂ ਵਿੱਚੋਂ ਇੱਕ ਟਿਫਨ ਸਟੀਲ ਬਰਾਮਦ ਹੋਇਆ ਹੈ, ਜਿਸ ਨੂੰ ਫੋਰੈਂਸਿਕ ਸਾਇੰਸ ਲੈਬਾਰਟਰੀ ਚੰਡੀਗੜ੍ਹ ਨੂੰ ਭੇਜੇ ਜਾ ਰਹੇ ਹਨ। ਹੁਣ ਤੱਕ ਦੀ ਪੁੱਛਗਿਛ ਵਿੱਚ ਦੋਸ਼ੀ ਹਰਦੀਪ ਸਿੰਘ ਨੇ ਦੱਸਿਆ ਕਿ ਜਗਮੋਹਨ ਸਿੰਘ ਦਾ ਇਨ੍ਹਾਂ ਬੰਬਾਂ ਨਾਲ ਵੱਖ-ਵੱਖ ਜਗ੍ਹਾ 'ਤੇ ਧਮਾਕੇ ਕਰਨ ਦਾ ਪ੍ਰੋਗਰਾਮ ਸੀ ਅਤੇ ਉਹ ਪਹਿਲਾ ਬੰਬ ਟੈਸਟ ਕਰਨ ਦੌਰਾਨ ਹੀ ਫਟ ਜਾਣ 'ਤੇ ਉਨ੍ਹਾਂ ਦੇ ਸਾਰੇ ਮਨਸੂਬੇ ਫੇਲ੍ਹ ਹੋ ਗਏ ਹਨ।