Latest News
ਬਾਦਲ ਦੀ ਅਗਵਾਈ 'ਚ ਉੱਚ ਪੱਧਰੀ ਵਫ਼ਦ ਵੱਲੋਂ ਨਿਤੀਸ਼ ਨਾਲ ਮੁਲਾਕਾਤ

Published on 18 Dec, 2015 12:06 PM.

ਚੰਡੀਗੜ੍ਹ
(ਨਵਾਂ ਜ਼ਮਾਨਾ ਸਰਵਿਸ)
ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਅੱਜ ਇਕ ਉੱਚ ਪੱਧਰੀ ਵਫ਼ਦ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਮਿਲਿਆ, ਜਿਸ ਦੌਰਾਨ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜਨਮ ਸਥਾਨ ਪਟਨਾ ਸਾਹਿਬ ਵਿਖੇ ਜਨਵਰੀ 2017 ਵਿਚ ਗੁਰੂ ਸਾਹਿਬ ਜੀ ਦਾ 350ਵਾਂ ਪ੍ਰਕਾਸ਼ ਉਤਸਵ ਵੱਡੀ ਪੱਧਰ 'ਤੇ ਮਨਾਉਣ ਲਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਪਟਨਾ ਵਿਖੇ ਬਿਹਾਰ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਅੱਜ ਸਵੇਰੇ ਹੋਈ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ) ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ) ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੀ ਸਨ, ਜਿਨ੍ਹਾਂ ਨੇ ਇਸ ਮਹਾਨ ਸਮਾਰੋਹ ਨੂੰ ਮਨਾਉਣ ਲਈ ਵਿਸਥਾਰਤ ਵਿਚਾਰ ਵਟਾਂਦਰਾ ਕੀਤਾ।
ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਅਗਵਾਈ ਵਿਚ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਵਿਚ ਉਪ ਮੁੱਖ ਮੰਤਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਇਲਾਵਾ ਉਘੇ ਸਿੱਖ ਵਿਦਵਾਨ ਅਤੇ ਬੁੱਧੀਜੀਵੀ ਇਸ ਦੇ ਮੈਂਬਰ ਹੋਣਗੇ। ਇਹ ਕਮੇਟੀ ਧਾਰਮਿਕ ਰਵਾਇਤਾਂ, ਜੋਸ਼ੋ-ਖਰੋਸ਼ ਅਤੇ ਸ਼ਰਧਾ ਭਾਵਨਾ ਨਾਲ ਇਸ ਇਤਿਹਾਸਕ ਸਮਾਰੋਹ ਨੂੰ ਮਨਾਉਣ ਲਈ ਰੂਪ-ਰੇਖਾ ਉਲੀਕੇਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ.ਜੇ.ਐਸ. ਚੀਮਾ ਇਸ ਕਮੇਟੀ ਦੇ ਨੋਡਲ ਅਫਸਰ ਹੋਣਗੇ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਬਿਹਾਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਤਾਲਮੇਲ ਰਖਣਗੇ। ਵਿਚਾਰ ਚਰਚਾ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨੇ ਵਫਦ ਨੂੰ ਦੱਸਿਆ ਕਿ ਇਸ ਇਤਿਹਾਸਕ ਮੌਕੇ ਦੇਸ਼-ਵਿਦੇਸ਼ ਵਿਚੋਂ ਇਸ ਸਥਾਨ ਉਤੇ ਨਤਮਸਤਕ ਹੋਣ ਲਈ ਆਉਣ ਵਾਲੀ ਵੱਡੀ ਗਿਣਤੀ ਵਿਚ ਸੰਗਤਾਂ ਦੀ ਸ਼ਮੂਲੀਅਤ ਨੂੰ ਦੇਖਦੇ ਹੋਏ ਇਸ ਸਮਾਰੋਹ ਨੂੰ ਮਨਾਉਣ ਵਾਸਤੇ ਤਕਰੀਬਨ 75 ਏਕੜ ਜ਼ਮੀਨ ਦੀ ਪਹਿਲਾਂ ਹੀ ਸਨਾਖਤ ਕਰ ਲਈ ਗਈ ਹੈ।
ਇਸ ਮਹਾਨ ਇਤਿਹਾਸਕ ਸਮਾਰੋਹ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਪੂਰੀ ਮਦਦ ਅਤੇ ਸਹਿਯੋਗ ਦਾ ਭਰੋਸਾ ਦਿਵਾਉਂਦੇ ਹੋਏ ਨਿਤਿਸ਼ ਕੁਮਾਰ ਨੇ ਕਿਹਾ ਕਿ ਉਹ ਛੇਤੀ ਹੀ ਨਿੱਜੀ ਤੌਰ 'ਤੇ ਪਟਨਾ ਸਾਹਿਬ ਰੇਲਵੇ ਸਟੇਸ਼ਨ ਨੂੰ ਅੱਪਗ੍ਰੇਡ ਕਰਨ ਦਾ ਮੁੱਦਾ ਭਾਰਤ ਸਰਕਾਰ ਦੇ ਰੇਲਵੇ ਮੰਤਰਾਲੇ ਕੋਲ ਉਠਾਉਣਗੇ, ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਤ ਇਸ ਮਹਾਨ ਸਮਾਰੋਹ ਦੀ ਬਹੁਤ ਮਹਾਨਤਾ ਹੈ। ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਥਾਹ ਸਤਿਕਾਰ ਵਜੋਂ ਬਿਹਾਰ ਸਰਕਾਰ ਪਟਨਾ ਸਾਹਿਬ ਨੂੰ ਉੱਨਤ ਕਰਨ ਅਤੇ ਇਸ ਦੇ ਸੁੰਦਰੀਕਰਨ ਨੂੰ ਵੀ ਯਕੀਨੀ ਬਣਾਵੇਗੀ।
ਨਿਤਿਸ਼ ਕੁਮਾਰ ਦਾ ਧੰਨਵਾਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਹਾਨ ਸਮਾਰੋਹ ਨੂੰ ਸਮਰਪਣ ਅਤੇ ਧਾਰਮਿਕ ਰਵਾਇਤਾਂ ਨਾਲ ਮਨਾਉਣ ਲਈ ਉਨ੍ਹਾਂ ਦੀ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ, ਕਿਉਂਕਿ ਦੇਸ਼ ਖਾਸ ਕਰਕੇ ਪੰਜਾਬ ਦੇ ਲੋਕ ਇਸ ਇਤਿਹਾਸਕ ਸਮਾਰੋਹ ਵਿਚ ਸ਼ਮੂਲੀਅਤ ਕਰਕੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਰੋਹਾਂ ਦੇ ਹਿੱਸੇ ਵਜੋਂ ਅਪ੍ਰੈਲ 2016 ਵਿਚ ਵਿਸਾਖੀ ਦੇ ਮੌਕੇ ਪਟਨਾ ਵਿਖੇ 'ਸਿੱਖ ਸੰਮੇਲਨ' ਕਰਵਾਇਆ ਜਾਵੇਗਾ, ਜਿਸ ਦਾ ਉਦੇਸ਼ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਕਾਰਜ ਅਤੇ ਫਿਲਾਸਫੀ ਨੂੰ ਦੁਨੀਆ ਭਰ ਵਿਚ ਪਹੁੰਚਾਉਣਾ ਹੈ। ਸ. ਬਾਦਲ ਨੇ ਬਿਹਾਰ ਦੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਉਹ ਛੇਤੀ ਹੀ ਕੇਂਦਰੀ ਰੇਲ ਮੰਤਰੀ ਸੁਰੇਸ਼ ਪ੍ਰਭੂ ਨੂੰ ਮਿਲ ਕੇ ਪਟਨਾ ਰੇਲਵੇ ਸਟੇਸ਼ਨ ਨੂੰ ਪਹਿਲ ਦੇ ਅਧਾਰ 'ਤੇ ਅਪਗ੍ਰੇਡ ਕਰਨ ਲਈ ਉਨ੍ਹਾਂ ਦੇ ਨਿੱਜੀ ਦਖਲ ਦੀ ਮੰਗ ਕਰਨਗੇ।
ਸ. ਬਾਦਲ ਨੇ ਬਿਹਾਰ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਕੁਝ ਸੰਸਥਾਵਾਂ ਕਾਇਮ ਕਰਨ ਲਈ ਪਟਨਾ ਵਿਚ ਢੁਕਵੀਂ ਜ਼ਮੀਨ ਮੁਹੱਈਆ ਕਰਵਾਈ ਜਾਵੇ।
ਇਸ ਮਹਾਨ ਸਮਾਰੋਹ ਦੇ ਸੰਬੰਧ ਵਿਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਪਵਿੱਤਰ ਸਮਾਗਮ ਦੇ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਭੂਮੀ ਪਟਨਾ ਸਾਹਿਬ ਮੁੱਖ ਕੇਂਦਰ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਮਾਰੋਹ ਵਿਚ ਸ਼ਾਮਲ ਹੋਣ ਲਈ ਦੁਨੀਆ ਭਰ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤ ਬੇਸਬਰੀ ਨਾਲ ਉਡੀਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮਾਰੋਹ ਦੌਰਾਨ ਹਰ ਸੰਭਵ ਯੋਗਦਾਨ ਲਾਜ਼ਮੀ ਤੌਰ 'ਤੇ ਪਾਏਗਾ। ਉਪ ਮੁੱਖ ਮੰਤਰੀ ਨੇ ਸ੍ਰੀ ਕੁਮਾਰ ਨੂੰ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਅਗਲੇ ਕੇਂਦਰੀ ਬਜਟ ਵਿਚ ਬਜਟ ਦਾ ਵਿਸ਼ੇਸ਼ ਉਪਬੰਧ ਕਰਨ ਲਈ ਉਨ੍ਹਾਂ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਪਾਸੋਂ ਪਹਿਲਾਂ ਹੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਹੋਰਨਾਂ ਸ਼ਖਸੀਅਤਾਂ ਨੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਸਿਰੋਪਾਓ ਬਖਸ਼ਿਸ਼ ਕੀਤਾ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਬਾਅਦ ਵਿਚ ਰਾਸ਼ਟਰੀ ਜਨਤਾ ਦਲ ਦੇ ਮੁਖੀ ਸ੍ਰੀ ਲਾਲੂ ਪ੍ਰਸਾਦ ਯਾਦਵ ਨਾਲ ਵੀ ਸ਼ਿਸ਼ਟਾਚਾਰ ਵਜੋਂ ਮੁਲਾਕਾਤ ਕੀਤੀ। ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ.ਜੇ.ਐਸ. ਚੀਮਾ ਹਾਜ਼ਰ ਸਨ।

883 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper