ਸੋਨੀਆ ਤੇ ਰਾਹੁਲ ਦੀ ਅਦਾਲਤ 'ਚ ਪੇਸ਼ੀ ਅੱਜ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੈਸ਼ਨਲ ਹੈਰਾਲਡ ਮਾਮਲੇ 'ਚ ਸ਼ਨੀਵਾਰ 19 ਦਸੰਬਰ ਨੂੰ ਅਦਾਲਤ 'ਚ ਪੇਸ਼ ਹੋਣਗੇ। ਪਤਾ ਚੱਲਿਆ ਹੈ ਕਿ ਅੱਜ ਸੋਨੀਆ ਗਾਂਧੀ ਨੇ ਕਾਂਗਰਸ ਆਗੂਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਸਾਰੇ ਨੇਤਾ ਆਪਣੇ ਦਫ਼ਤਰਾਂ 'ਚ ਹੀ ਰਹਿਣਗੇ ਅਤੇ ਉਨ੍ਹਾ ਨੂੰ ਕਿਸੇ ਤਰ੍ਹਾਂ ਦਾ ਡਰਾਮਾ ਪਸੰਦ ਨਹੀਂ। ਉਨ੍ਹਾ ਕਿਹਾ ਕਿ ਸਿਰਫ਼ ਉਹੋ ਪਾਰਟੀ ਨੇਤਾ ਅਦਾਲਤ ਜਾਣਗੇ, ਜਿਨ੍ਹਾਂ ਦੇ ਨਾਂਅ ਇਸ ਕੇਸ 'ਚ ਹਨ। ਉਂਝ ਨੈਸ਼ਨਲ ਹੈਰਾਲਡ ਮਾਮਲੇ 'ਚ ਕਾਂਗਰਸ ਆਪਣੀ ਰਣਨੀਤੀ 'ਚ ਅਦਾਲਤ ਦੀ ਬਜਾਏ ਸਿਆਸੀ ਤਰੀਕਿਆਂ ਨੂੰ ਜ਼ਿਆਦਾ ਅਹਿਮੀਅਤ ਦੇ ਰਹੀ ਹੈ। ਕਾਂਗਰਸ ਅੰਦਰਲੇ ਸੂਤਰਾਂ ਅਨੁਸਾਰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਜ਼ਮਾਨਤ ਲਈ ਕੋਈ ਬਾਂਡ ਨਹੀਂ ਭਰਿਆ।
ਨਿਯਮਾਂ ਅਨੁਸਾਰ ਅਦਾਲਤ 'ਚ ਜ਼ਮਾਨਤ ਵੇਲੇ ਦੋਸ਼ੀ ਤੋਂ ਜੱਜ ਵੱਲੋਂ ਪੁਛਿਆ ਜਾਂਦਾ ਹੈ ਕਿ ਤੁਸੀਂ ਜ਼ਮਾਨਤ ਦਾ ਬਾਂਡ ਭਰਿਆ ਹੈ ਕਿ ਨਹੀਂ ਅਤੇ ਦੋਸ਼ੀ ਨੂੰ ਦੱਸਣਾ ਪੈਂਦਾ ਹੈ ਕਿ ਉਨ੍ਹਾ ਅਜਿਹਾ ਕੀਤਾ ਹੈ।
ਇਹ ਸਭ ਕੁਝ ਅਦਾਲਤ ਨੂੰ ਇਹ ਭਰੋਸਾ ਦੁਆਉਣ ਲਈ ਕੀਤਾ ਜਾਂਦਾ ਹੈ ਕਿ ਦੋਸ਼ੀ ਅਦਾਲਤ ਦੀ ਪ੍ਰਵਾਨਗੀ ਤੋਂ ਬਿਨਾਂ ਦੇਸ਼ ਤੋਂ ਬਾਹਰ ਨਹੀਂ ਜਾਣਗੇ ਅਤੇ ਅਦਾਲਤ ਦੇ ਹੁਕਮਾਂ 'ਤੇ ਪੇਸ਼ ਹੋਣਗੇ।
ਕਾਂਗਰਸ ਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ 1977 ਮਗਰੋਂ ਉਸ ਸਮੇਂ ਦੀ ਸਰਕਾਰ ਨੇ ਇੰਦਰਾ ਗਾਂਧੀ ਨੂੰ ਕੇਸ 'ਚ ਫਸਾਇਆ ਸੀ ਅਤੇ ਇੰਦਰਾ ਗਾਂਧੀ ਨੇ ਉਨ੍ਹਾਂ ਦਾ ਡਟ ਕੇ ਮੁਕਾਬਲਾ ਕੀਤਾ ਸੀ, ਉਸੇ ਤਰ੍ਹਾਂ ਹੁਣ ਵੀ ਕਾਂਗਰਸ ਦੀ ਨੀਤੀ ਹੈ ਕਿ ਹੈਰਾਲਡ ਮਾਮਲੇ 'ਚ ਵੀ ਹਮਲਾਵਰ ਰੁਖ ਅਖਤਿਆਰ ਕੀਤਾ ਜਾਵੇ ਅਤੇ ਜੇਲ੍ਹ ਜਾਣ ਦੀ ਹਾਲਤ 'ਚ ਵੀ ਝਿਜਕਿਆ ਨਾ ਜਾਵੇ।
ਜ਼ਿਕਰਯੋਗ ਹੈ ਕਿ ਨੈਸ਼ਨਲ ਹੈਰਾਲਡ ਦੀ ਥਾਂ 'ਤੇ ਵਪਾਰਕ ਇਮਾਰਤ ਦੇ ਨਿਰਮਾਣ ਦਾ ਮਾਮਲਾ ਹੁਣ ਜਾਂਚ ਦੇ ਦਾਇਰੇ 'ਚ ਹੈ ਅਤੇ ਮਹਾਂਰਾਸ਼ਟਰ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ 'ਚ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਇਸ ਦਾ ਐਲਾਨ ਕੀਤਾ।
1983 'ਚ ਅਖ਼ਬਾਰ ਦੇ ਦਫ਼ਤਰ ਲਈ ਬਾਂਦਰਾ ਇਲਾਕੇ 'ਚ 3478 ਵਰਗ ਮੀਟਰ ਦਾ ਪਲਾਟ ਦਿੱਤਾ ਗਿਆ ਸੀ।