ਹਰਿਆਣਾ ਸਰਕਾਰ ਵੱਲੋਂ ਹੁੱਡਾ ਵਿਰੁੱਧ ਕੇਸ ਦਰਜ ਕਰਨ ਦਾ ਹੁਕਮ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿਚਕਾਰ ਚੱਲ ਰਹੀ ਸਿਆਸੀ ਜੰਗ 'ਚ ਹੁਣ ਹਰਿਆਣਾ ਵੀ ਸ਼ਾਮਲ ਹੋ ਗਿਆ ਹੈ। ਹਰਿਆਣਾ ਸਰਕਾਰ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਿਰੁੱਧ ਇੱਕ ਘੁਟਾਲੇ ਦਾ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਹੈ, ਜਿਸ ਨਾਲ ਸੂਬੇ 'ਚ ਸਿਆਸੀ ਪਾਰਾ ਵਧਣ ਦੀ ਸੰਭਾਵਨਾ ਹੈ। ਹਰਿਆਣਾ ਦੀ ਖੱਟਰ ਸਰਕਾਰ ਕਾਂਗਰਸ ਰਾਜ ਵੇਲੇ ਦੇ ਮਾਮਲਿਆਂ ਦੀ ਜਾਂਚ-ਪੜਤਾਲ ਕਰ ਰਹੀ ਹੈ ਅਤੇ ਉਸੇ ਤਹਿਤ ਇੱਕ ਉਦਯੋਗਿਕ ਪਲਾਟ ਦੀ ਅਲਾਟਮੈਂਟ 'ਚ ਘੁਟਾਲਾ ਸਾਹਮਣੇ ਆਇਆ ਹੈ। ਸੂਬੇ ਦਾ ਚੌਕਸੀ ਵਿਭਾਗ ਮਾਮਲੇ ਦੀ ਜਾਂਚ ਕਰ ਰਿਹਾ ਹੈ। ਵਿਭਾਗੀ ਅਧਿਕਾਰੀਆਂ ਅਨੁਸਾਰ ਜਾਂਚ 'ਚ ਪਾਇਆ ਗਿਆ ਕਿ ਹੁੱਡਾ ਸਰਕਾਰ ਦੇ ਕਾਰਜਕਾਲ 'ਚ ਉਦਯੋਗਾਂ ਲਈ ਪਲਾਟਾਂ ਦੀ ਅਲਾਟਮੈਂਟ 'ਚ ਵੱਡਾ ਘੁਟਾਲਾ ਕੀਤਾ ਗਿਆ, ਜਿਸ ਦੇ ਚਲਦਿਆਂ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਅਤੇ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਦੋਸ਼ੀ ਬਣਾਇਆ ਹੈ। ਸੂਤਰਾਂ ਅਨੁਸਾਰ ਸੂਬਾ ਸਰਕਾਰ ਦੇ ਹੁਕਮਾਂ 'ਤੇ ਚੌਕਸੀ ਵਿਭਾਗ ਵੱਲੋਂ ਇਸ ਘੁਟਾਲੇ ਦੇ ਸੰਬੰਧ 'ਚ ਐੱਫ਼ ਆਈ ਆਰ ਦਰਜ ਕਰਵਾਈ ਜਾਵੇਗੀ, ਜਿਸ 'ਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਤਿੰਨ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਜਾਵੇਗਾ। ਖੱਟਰ ਸਰਕਾਰ ਦੇ ਇਸ ਫੁਰਮਾਨ ਮਗਰੋਂ ਸੂਬੇ ਦੀ ਸਿਆਸਤ ਗਰਮਾ ਗਈ ਹੈ। ਹਰਿਆਣਾ ਦੇ ਕਾਂਗਰਸ ਆਗੂ ਇਸ ਮਾਮਲੇ ਨੂੰ ਬਦਲੇ ਦੀ ਭਾਵਨਾ ਨਾਲ ਲਿਆ ਗਿਆ ਫੈਸਲਾ ਦੱਸ ਰਹੇ ਹਨ।