ਹੁਣ ਕੇਂਦਰ ਵੀ ਰਾਮਦੇਵ 'ਤੇ ਮੇਹਰਬਾਨ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਕੇਂਦਰ ਸਰਕਾਰ ਯੋਗ ਗੁਰੂ ਬਾਬਾ ਰਾਮਦੇਵ ਅਤੇ ਉਨ੍ਹਾ ਦੇ ਸਾਥੀ ਬਾਲ ਕ੍ਰਿਸ਼ਨ ਨੂੰ ਨੈਸ਼ਨਲ ਮੈਡੀਕਲ ਐਂਡ ਵੈਲਨੇਸ ਟੂਰਿਜ਼ਮ ਬੋਰਡ 'ਚ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਬੋਰਡ ਵਿਦੇਸ਼ੀ ਮਰੀਜ਼ਾਂ ਨੂੰ ਭਾਰਤ 'ਚ ਇਲਾਜ ਲਈ ਆਕਰਸ਼ਤ ਕਰਨ ਵਾਸਤੇ ਨੀਤੀ ਤਿਆਰ ਕਰਦਾ ਹੈ ਅਤੇ ਇਸ ਬੋਰਡ ਦੇ ਮੁਖੀ ਸੈਰ-ਸਪਾਟਾ ਮੰਤਰੀ ਮਹੇਸ਼ ਸ਼ਰਮਾ ਹਨ। ਇਸ ਬੋਰਡ 'ਚ ਸਰਕਾਰੀ ਅਧਿਕਾਰੀਆਂ, ਟਰੈਵਲ ਉਪਰੇਟਰਾਂ ਅਤੇ ਸੀਨੀਅਰ ਡਾਕਟਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਸ ਬੋਰਡ ਦੀ ਜ਼ਿੰਮੇਵਾਰੀ ਦੇਸ਼ ਦੇ ਹਸਪਤਾਲਾਂ 'ਚ ਇਲਾਜ ਲਈ ਵਿਦੇਸ਼ੀ ਮਰੀਜ਼ਾਂ ਨੂੰ ਆਕਰਸ਼ਤ ਕਰਨਾ ਹੁੰਦਾ ਹੈ ਅਤੇ ਇਹ ਬੋਰਡ ਸੰਸਥਾਵਾਂ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕਰਦਾ ਹੈ। ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਦੇ ਮੰਤਰੀ ਮਹੇਸ਼ ਸ਼ਰਮਾ ਨੇ ਦੱਸਿਆ ਕਿ ਇਸ ਸੈਕਟਰ 'ਚ ਭਾਰਤ ਨੇ ਪਿਛਲੇ ਕੁਝ ਸਾਲਾਂ 'ਚ ਗਤੀ ਹਾਸਲ ਕੀਤੀ ਹੈ, ਪਰ ਹੁਣ ਤੱਕ ਇਹ ਸੈਕਟਰ ਗੈਰ-ਸੰਗਠਿਤ ਹੀ ਰਿਹਾ ਅਤੇ ਹੁਣ ਅਸੀਂ ਇਸ ਨੂੰ ਸੰਗਠਿਤ ਤੌਰ 'ਤੇ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾ ਕਿਹਾ ਕਿ ਅਸੀਂ ਨੈਚਰੋਪੈਥੀ ਅਤੇ ਯੋਗ ਨੂੰ ਵੀ ਦੁਨੀਆ 'ਚ ਪ੍ਰਮੋਟ ਕਰਨਾ ਚਾਹੁੰਦੇ ਹਾਂ, ਇਸ ਲਈ ਅਸੀਂ ਬਾਬਾ ਰਾਮਦੇਵ ਅਤੇ ਉਨ੍ਹਾ ਦੇ ਸਹਿਯੋਗੀ ਬਾਲ ਕ੍ਰਿਸ਼ਨ ਨੂੰ ਵੀ ਬੋਰਡ 'ਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਬਾਬਾ ਰਾਮਦੇਵ ਨੂੰ ਯੋਗ ਅਤੇ ਆਯੁਰਵੈਦ ਦਾ ਬ੍ਰਾਂਡ ਅੰਬੈਸਡਰ ਐਲਾਨ ਕੇ ਉਨ੍ਹਾ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਸੀ। ਇਹ ਵੀ ਪਤਾ ਚੱਲਿਆ ਹੈ ਕਿ ਬਾਬਾ ਰਾਮਦੇਵ ਦੀ ਏਅਰਪੋਰਟ 'ਤੇ ਸੁਰੱਖਿਆ ਜਾਂਚ ਤੋਂ ਛੋਟ ਦੀ ਮੰਗ ਵੀ ਕੇਂਦਰ ਸਰਕਾਰ ਕੋਲ ਪੈਂਡਿੰਗ ਹੈ। ਹਾਲਾਂਕਿ ਬਾਬਾ ਰਾਮਦੇਵ ਦੇ ਤਰਜਮਾਨ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।