ਬੀ ਐੱਸ ਐੱਫ਼ ਦਾ ਜਹਾਜ਼ ਹਾਦਸੇ ਦਾ ਸ਼ਿਕਾਰ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਅੱਜ ਸਵੇਰੇ ਬੀ ਐਸ ਐਫ਼ ਦੇ ਇੱਕ ਜਹਾਜ਼ ਸੁਪਰ ਕਿੰਗ ਦੇ ਹਾਦਸੇ ਦਾ ਸ਼ਿਕਾਰ ਹੋਣ ਕਾਰਨ 2 ਅਫ਼ਸਰਾਂ ਸਮੇਤ 10 ਵਿਅਕਤੀਆਂ ਦੀ ਮੌਤ ਹੋ ਗਈ। ਸ਼ਹਿਰੀ ਹਵਾਬਾਜ਼ੀ ਮੰਤਰੀ ਮਹੇਸ਼ ਸ਼ਰਮਾ ਨੇ ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀ ਐਸ ਐਫ਼ ਦੇ ਜਹਾਜ਼ ਵਿੱਚ ਸਵਾਰ ਸਾਰੇ 10 ਮੁਸਾਫ਼ਰ ਮਾਰੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਘਟਨਾ ਵਾਲੀ ਥਾਂ 'ਤੇ ਮੌਜੂਦਾ ਬੀ ਐਸ ਐਫ਼ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਦੇ ਮਲਬੇ 'ਚੋਂ ਸਾਰੀਆਂ ਦਸ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਸ ਜਹਾਜ਼ ਨੇ ਅੱਜ ਸਵੇਰੇ ਦਿੱਲੀ ਦੇ ਹਵਾਈ ਅੱਡੇ ਰਾਂਚੀ ਲਈ ਉਡਾਣ ਭਰੀ ਸੀ। ਉਡਾਣ ਭਰਨ ਦੇ ਪੰਜ ਮਿੰਟ ਬਾਅਦ ਹੀ ਜਹਾਜ਼ ਦਾ ਸੰਪਰਕ ਕੰਟਰੋਲ ਰੂਮ ਤੋਂ ਟੁੱਟ ਗਿਆ ਅਤੇ ਜਹਾਜ਼ ਸਵੇਰੇ 9 ਵਜ ਕੇ 50 ਮਿੰਟ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ।
ਜਹਾਜ਼ ਨੂੰ ਡਿੱਗਦਿਆਂ ਹੀ ਅੱਗ ਲੱਗ ਗਈ। ਅਠਾਰਾਂ ਫਾਇਰ ਬ੍ਰਿਗੇਡ ਗੱਡੀਆਂ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਹਾਦਸੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਹਾਦਸੇ ਵਾਲੀ ਥਾਂ ਤੋਂ ਹੁਣ ਤੱਕ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਜਹਾਜ਼ ਵਿੱਚ ਬੀ ਐਸ ਐਫ਼ ਦੇ ਦਸ ਤਕਨੀਸ਼ੀਅਨ ਸਵਾਰ ਦੱਸੇ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਦਵਾਰਕਾ ਸੈਕਟਰ ਨੇੜੇ ਇੱਕ ਪਿੰਡ 'ਤੇ ਜਾ ਡਿੱਗਿਆ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੇ ਅਧਿਕਾਰੀਆਂ ਤੋਂ ਹਾਦਸੇ ਬਾਰੇ ਜਾਣਕਾਰੀ ਹਾਸਲ ਕੀਤੀ।
ਸੂਤਰਾਂ ਅਨੁਸਾਰ ਪਾਇਲਟ ਨੂੰ ਜਦੋਂ ਜਹਾਜ਼ 'ਚ ਤਕਨੀਕੀ ਨੁਕਸ ਮਹਿਸੂਸ ਹੋਇਆ ਤਾਂ ਉਸ ਨੇ ਹੰਗਾਮੀ ਲੈਂਡਿੰਗ ਦੀ ਆਗਿਆ ਮੰਗੀ, ਇਸ ਤੋਂ ਪਹਿਲਾਂ ਕਿ ਜਹਾਜ਼ ਐਮਰਜੈਂਸੀ ਲਂੈਡਿੰਗ ਕਰਦਾ, ਹਾਦਸੇ ਦਾ ਸ਼ਿਕਾਰ ਹੋ ਗਿਆ।
ਘਟਨਾ ਵਾਲੀ ਥਾਂ 'ਤੇ ਕੁਝ ਮਜ਼ਦੂਰ ਕੰਮ ਕਰ ਰਹੇ ਸਨ, ਉਹ ਵੀ ਜਹਾਜ਼ ਦੇ ਮਲਬੇ ਦੀ ਲਪੇਟ 'ਚ ਆ ਗਏ। ਕੁਝ ਮਜ਼ਦੂਰਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾ ਦੀ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕਾਂ 'ਚ ਕੈਪਟਨ ਭਗਵਤੀ ਪ੍ਰਸ਼ਾਦ ਐਸ ਐਸ ਬੀ ਤੋਂ ਡੈਪੂਟੇਸ਼ਨ 'ਤੇ ਆਏ ਬੀ ਐਸ ਐਫ਼ ਦੇ ਪਾਇਲਟ ਰਾਜੇਸ਼ ਸ਼ਿਵਰੇਨ ਡਿਪਟੀ ਕਮਾਂਡੈਟ ਡੀ ਕੁਮਾਰ, ਬੀ ਐਸ ਐਫ਼ ਦੇ ਸਟਾਫ਼ ਮੈਂਬਰ ਰਾਘਵੇਂਦਰ ਕੁਮਾਰ, ਰਵੀਂਦਰ ਕੁਮਾਰ, ਐਸ ਐਨ ਸ਼ਰਮਾ ਛੋਟੇ ਲਾਲ, ਡੀ ਪੀ ਚੌਹਾਨ, ਸੁੰਦਰ ਸਿੰਘ ਅਤੇ ਆਰ ਕੇ ਰਾਵਤ ਸ਼ਾਮਲ ਹਨ। ਡੀ ਜੀ ਸੀ ਦੇ ਮੁਤਾਬਕ 8 ਸੀਟਾਂ ਵਾਲਾ ਇਹ ਜਹਾਜ਼ 1994 ਦਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਹਾਜ਼ ਹਾਦਸੇ 'ਚ ਅਫ਼ਸਰਾਂ ਸਮੇਤ ਬੀ ਐਸ ਐਫ਼ ਦੇ ਸਟਾਫ਼ ਦੇ ਮਾਰੇ ਜਾਣ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਪੀੜਤ ਪਰਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।