ਇਰਾਕੀ ਫ਼ੌਜ ਵੱਲੋਂ ਰਮਾਦੀ ਸ਼ਹਿਰ 'ਤੇ ਮੁੜ ਕਬਜ਼ਾ

ਬਗਦਾਦ (ਨਵਾਂ ਜ਼ਮਾਨਾ ਸਰਵਿਸ)
ਇਰਾਕੀ ਫ਼ੌਜ ਨੇ ਇਰਾਕ ਦੇ ਪ੍ਰਮੁੱਖ ਸ਼ਹਿਰ ਰਮਾਦੀ 'ਤੇ ਮੁੜ ਕਬਜ਼ਾ ਕਰ ਲਿਆ ਹੈ। ਇਸਲਾਮਿਕ ਸਟੇਟ ਆਈ ਐਸ ਦੇ ਅੱਤਵਾਦੀਆਂ ਨੇ ਕੁਝ ਮਹੀਨੇ ਪਹਿਲਾਂ ਇਸ ਸ਼ਹਿਰ 'ਤੇ ਕਬਜ਼ਾ ਕਰ ਲਿਆ ਸੀ। ਇਰਾਕੀ ਫ਼ੌਜ ਨੇ ਆਈ ਐਸ ਦੇ ਅੱਤਵਾਦੀਆਂ ਉੱਪਰ ਵੱਡਾ ਹਮਲਾ ਕਰਕੇ ਉਨ੍ਹਾਂ ਨੂੰ ਸ਼ਹਿਰ 'ਚੋਂ ਖਦੇੜ ਦਿੱਤਾ। ਅਮਰੀਕਾ ਦੀ ਅਗਵਾਈ ਹੇਠਲੀਆਂ ਫ਼ੌਜਾਂ ਦੀ ਸੁਰੱਖਿਆ ਛੱਤਰੀ ਹੇਠ ਇਰਾਕ ਦੀਆਂ ਫ਼ੌਜਾਂ ਪਹਿਲਾਂ ਹੀ ਇਰਾਕ ਦੇ ਦੋ ਜ਼ਿਲ੍ਹਿਆਂ ਵਿੱਚ ਦਾਖ਼ਲ ਹੋ ਚੁੱਕੀਆਂ ਹਨ। ਅਮਰੀਕਾ ਦੀ ਅਗਵਾਈ ਹੇਠ ਗੱਠਜੋੜ ਫ਼ੌਜਾਂ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਕਾਰਨ ਖ਼ਤਰਨਾਕ ਅੱਤਵਾਦੀ ਜਥੇਬੰਦੀ ਆਈ ਐਸ ਦੇ ਪੈਰ ਉੱਖੜ ਗਏ ਹਨ। ਆਈ ਐਸ ਦੇ ਅੱਤਵਾਦੀਆਂ ਨੇ ਇਸ ਸਾਲ ਮਈ ਮਹੀਨੇ ਵਿੱਚ ਇਰਾਕੀ ਫ਼ੌਜ ਨੂੰ ਭਜਾ ਕੇ ਰਮਾਦੀ ਸ਼ਹਿਰ 'ਤੇ ਕਬਜ਼ਾ ਕਰ ਲਿਆ ਸੀ।