ਮੋਦੀ ਰੂਸ ਦੇ ਤਿੰਨ ਦਿਨਾ ਦੌਰੇ ਲਈ ਮਾਸਕੋ ਪਹੁੰਚੇ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਦੋ ਦਿਨਾ ਦੌਰੇ ਲਈ ਅੱਜ ਸ਼ਾਮੀਂ ਮਾਸਕੋ ਪਹੁੰਚ ਗਏ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਨਰਿੰਦਰ ਮੋਦੀ ਦੇ ਮਾਣ ਵਿੱਚ ਅੱਜ ਰਾਤਰੀ ਭੋਜ ਦਿੱਤਾ। ਇਸ ਦੌਰੇ ਦੌਰਾਨ ਨਰਿੰਦਰ ਮੋਦੀ, ਵਲਾਦੀਮੀਰ ਪੁਤਿਨ ਨਾਲ ਭਲਕੇ ਸਾਲਾਨਾ ਸਿਖ਼ਰ ਵਾਰਤਾ ਕਰਨਗੇ ਅਤੇ ਦੋਵੇਂ ਆਗੂਆਂ ਵੱਲੋਂ ਪ੍ਰਮਾਣੂ ਉਰਜਾ, ਹਾਈਡਰੋਕਾਰਬਨਜ਼, ਰੱਖਿਆ ਅਤੇ ਵਪਾਰ ਦੇ ਖੇਤਰ ਵਿੱਚ ਦੁਵੱਲੀ ਅਤੇ ਰਣਨੀਤਕ ਭਾਈਵਾਲੀ ਨੂੰ ਵਧਾਉਣ ਬਾਰੇ ਚਰਚਾ ਕੀਤੀ ਜਾਵੇਗੀ।
ਵਿਦੇਸ਼ ਮੰਤਰਾਲੇ ਦੇ ਸਕੱਤਰ ਐਸ ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਬਾਰੇ ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ ਅਤੇ ਰੂਸ ਦੋਵੇਂ ਪਰਖੇ ਹੋਏ ਭਾਈਵਾਲ ਅਤੇ ਮਿੱਤਰ ਦੇਸ਼ ਹਨ। ਉਨ੍ਹਾਂ ਕਿਹਾ ਕਿ ਮੋਦੀ ਦੇ ਇਸ ਦੌਰੇ ਦੌਰਾਨ ਪ੍ਰਮਾਣੂ ਉਰਜਾ ਅਤੇ ਰੱਖਿਆ ਦੇ ਖੇਤਰ ਵਿੱਚ ਦੋਹਾਂ ਮੁਲਕਾਂ ਵਿਚਾਲੇ ਕਈ ਅਹਿਮ ਸਮਝੌਤੇ ਹੋਣ ਦੀ ਸੰਭਾਵਨਾ ਹੈ।
ਉਨ੍ਹਾ ਕਿਹਾ ਕਿ ਦੋਹਾਂ ਮੁਲਕਾਂ ਵੱਲੋਂ ਦੁਵੱਲਾ ਸਾਲਾਨਾ ਵਪਾਰ 30 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਵੇਲੇ ਦੋਹਾਂ ਮੁਲਕਾਂ ਵਿਚਾਲੇ ਦੁਵੱਲਾ ਵਪਾਰ 10 ਅਰਬ ਡਾਲਰ ਦਾ ਹੈ। ਦੋਹਾਂ ਮੁਲਕਾਂ ਵੱਲੋਂ ਅੱਤਵਾਦ ਦੇ ਟਾਕਰੇ ਅਤੇ ਸੀਰੀਆ ਵਿੱਚ ਹਿੰਸਾ ਬਾਰੇ ਵੀ ਵਿਚਾਰ-ਵਟਾਂਦਰਾ ਕੀਤੇ ਜਾਣ ਦੀ ਸੰਭਾਵਨਾ ਹੈ।
ਰੱਖਿਆ ਮੰਤਰਾਲੇ ਦੀ ਖ਼ਰੀਦ ਕੌਂਸਲ ਨੇ ਪਿਛਲੇ ਹਫ਼ਤੇ ਰੂਸ ਤੋਂ ਐਸ-400 ਟਰੂਮਫ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਖ਼ਰੀਦੇ ਜਾਣ ਨੂੰ ਹਰੀ ਝੰਡੀ ਦਿੱਤੀ ਸੀ। ਇਸ ਖ਼ਰੀਦ 'ਤੇ 40 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ।
ਪ੍ਰਧਾਨ ਮੰਤਰੀ ਦੇ ਇਸ ਦੌਰੇ ਦੌਰਾਨ ਭਾਰਤ ਅਤੇ ਰੂਸ ਵੱਲੋਂ 200 ਕਾਮੋਵ-226 ਟੀ ਹੈਲੀਕਾਪਟਰਾਂ ਦੇ ਸਾਂਝੇ ਤੌਰ 'ਤੇ ਨਿਰਮਾਣ ਲਈ ਵੀ ਸਮਝੌਤਾ ਹੋਣ ਦੀ ਆਸ ਹੈ। ਇਸ ਸਮਝੌਤੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੇਕ ਇੰਨ ਇੰਡੀਆ ਮੁਹਿੰਮ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਰੂਸ ਵੱਲੋਂ ਆਂਧਰਾ ਪ੍ਰਦੇਸ਼ ਵਿੱਚ ਛੇ ਪ੍ਰਮਾਣੂ ਰਿਐਕਟਰ ਲਾਉਣ ਲਈ ਵੀ ਭਾਰਤ ਦੀ ਮਦਦ ਲਈ ਹਾਮੀ ਭਰੇ ਜਾਣ ਦੀ ਆਸ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਆਪਣੇ ਰੂਸ ਦੌਰੇ ਬਾਰੇ ਬਹੁਤ ਹੀ ਆਸਵੰਦ ਹਨ ਤੇ ਉਨ੍ਹਾਂ ਦੇ ਇਸ ਦੌਰੇ ਨਾਲ ਦੋਹਾਂ ਮੁਲਕਾਂ ਵਿਚਾਲੇ ਆਰਥਿਕ, ਊਰਜਾ ਅਤੇ ਸੁਰੱਖਿਆ ਦੇ ਖੇਤਰਾਂ ਵਿੱਚ ਸੰਬੰਧ ਹੋਰ ਮਜ਼ਬੂਤ ਹੋਣਗੇ। ਰੂਸ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਜਾਰੀ ਇੱਕ ਬਿਆਨ ਵਿੱਚ ਮੋਦੀ ਨੇ ਕਿਹਾ ਕਿ ਦੋਹਾਂ ਮੁਲਕਾਂ ਵਿਚਾਲੇ ਵਪਾਰਕ ਸੰਬੰਧਾਂ ਦੀਆਂ ਹੋਰ ਬਹੁਤ ਸੰਭਾਵਨਾਵਾਂ ਹਨ ਤੇ ਇਸ ਨਾਲ ਨਾ ਕੇਵਲ ਦੋਹਾਂ ਮੁਲਕਾਂ ਸਗੋਂ ਪੂਰੀ ਦੁਨੀਆ ਨੂੰ ਇਸ ਦਾ ਫਾਇਦਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਐਨ ਡੀ ਏ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਰੂਸ ਦੌਰਾ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਉਹ ਇਸ ਦੌਰੇ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਆਰਥਿਕ, ਊਰਜਾ, ਸੁਰੱਖਿਆ ਅਤੇ ਰੱਖਿਆ ਦੇ ਖੇਤਰਾਂ ਵਿੱਚ ਸਹਿਯੋਗ ਹੋਰ ਵਧਾਏ ਜਾਣ ਲਈ ਵਿਆਪਕ ਗੱਲਬਾਤ ਕਰਨਗੇ। ਮੋਦੀ ਨੇ ਕਿਹਾ ਕਿ ਉਹ ਰੂਸ ਦੇ ਉਦਯੋਗਪਤੀਆਂ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਪੂੰਜੀਕਾਰੀ ਕਰਨ ਲਈ ਸੱਦਾ ਦੇਣਗੇ। ਪ੍ਰਧਾਨ ਮੰਤਰੀ ਇਸ ਦੌਰੇ ਦੌਰਾਨ ਫਰੈਂਡਜ਼ ਆਫ਼ ਇੰਡੀਆ ਪ੍ਰੋਗਰਾਮ ਵਿੱਚ ਵੀ ਸ਼ਿਰਕਤ ਕਰਨਗੇ। ਮੋਦੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਭਾਰਤ ਅਤੇ ਰੂਸ ਦੇ ਦਹਾਕਿਆਂ ਤੋਂ ਨੇੜਲੇ ਸੰਬੰਧ ਹਨ। ਮੋਦੀ ਨੇ ਕਿਹਾ ਕਿ ਉਹ ਆਪਣੇ ਦੌਰੇ ਦੇ ਨਤੀਜਿਆ ਨੂੰ ਲੈ ਕੇ ਬਹੁਤ ਹੀ ਆਸਵੰਦ ਹਨ। ਉਨ੍ਹਾ ਕਿਹਾ ਕਿ ਰੂਸ, ਭਾਰਤ ਦਾ ਇੱਕ ਮੁੱਲਵਾਨ ਦੇਸ਼ ਬਣਿਆ ਹੋਇਆ ਹੈ। ਮੋਦੀ ਨੇ ਸਾਲ 2001 ਦੇ ਉਸ ਸਮੇਂ ਨੂੰ ਯਾਦ ਕੀਤਾ, ਜਦੋਂ ਉਨ੍ਹਾ ਨੇ ਗੁਜਰਾਤ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਹੀ ਸੀ, ਉਸ ਸਮੇਂ ਉਹ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਰੂਸ ਦੇ ਦੌਰੇ 'ਤੇ ਗਏ ਸਨ। ਮੋਦੀ ਨੇ ਕਿਹਾ ਕਿ ਸ਼ਾਇਦ ਉਸ ਵੇਲੇ ਭਾਰਤ ਅਤੇ ਰੂਸ ਵਿਚਾਲੇ ਪਹਿਲੀ ਸਿਖ਼ਰ ਵਾਰਤਾ ਸੀ।