ਬੀ ਐੱਸ ਐੱਫ਼ ਦੇ ਸ਼ਹੀਦ ਹੋਏ ਜਵਾਨਾਂ ਨੂੰ ਰਾਸ਼ਟਰ ਵੱਲੋਂ ਸ਼ਰਧਾਂਜਲੀਆਂ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਹਵਾਈ ਹਾਦਸੇ 'ਚ ਸ਼ਹੀਦ ਹੋਏ ਬੀ ਐਸ ਐਫ਼ ਦੇ ਤਿੰਨ ਅਫ਼ਸਰਾਂ ਸਮੇਤ ਸ਼ਹੀਦ ਹੋਏ 10 ਜਵਾਨਾਂ ਨੂੰ ਬੁੱਧਵਾਰ ਨੂੰ ਸਫ਼ਦਰਜੰਗ ਹਵਾਈ ਅੱਡੇ 'ਤੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਬੀ ਐਸ ਐਫ਼ ਦੇ ਸੀਨੀਅਰ ਅਧਿਕਾਰੀ ਤੇ ਪੀੜਤ ਪਰਵਾਰ ਵੀ ਮੌਜੂਦ ਸਨ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਹਵਾਈ ਅੱਡੇ ਵਿਖੇ ਸ਼ਹੀਦ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਪਾਇਲਟਾਂ ਦੇ ਪਰਵਾਰਾਂ ਨੇ ਰਾਜਨਾਥ ਸਿੰਘ ਤੋਂ ਸਵਾਲ ਵੀ ਪੁੱਛੇ। ਸ਼ਹੀਦ ਪਾਇਲਟ ਦੀ ਇੱਕ ਪਤਨੀ ਨੇ ਰਾਜਨਾਥ ਸਿੰਘ ਨੂੰ ਪੁੱਛਿਆ ਕਿ ਹੁਣ ਤੱਕ ਕਈ ਪਾਇਲਟਾਂ ਦੀ ਜਾਨ ਗਈ ਹੈ ਅਤੇ ਬੀ ਐਸ ਐਫ਼ ਨੂੰ ਪੁਰਾਣਾ ਜਹਾਜ਼ ਕਿਉਂ ਦਿੱਤਾ ਗਿਆ। ਗ੍ਰਹਿ ਮੰਤਰੀ ਇਸ ਮੌਕੇ ਸੰਜਮ ਨਾਲ ਖੜੇ ਰਹੇ ਅਤੇ ਉਨ੍ਹਾ ਨੇ ਸਵਾਲਾਂ ਨੂੰ ਬੜੀ ਗੰਭੀਰਤਾ ਨਾਲ ਸੁਣਿਆ। ਮੰਗਲਵਾਰ ਨੂੰ ਦਿੱਲੀ ਤੋਂ ਰਾਚੀ ਲਈ ਉਡਾਣ ਭਰਨ ਵਾਲੇ ਜਹਾਜ਼ ਦੇ ਹਵਾਈ ਅੱਡੇ ਦੇ ਨੇੜੇ ਹੀ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਬੀ ਐਸ ਐਫ਼ ਦੇ 10 ਜਵਾਨ ਸ਼ਹੀਦ ਹੋ ਗਏ ਸਨ। ਜਹਾਜ਼ ਨੂੰ ਅੱਗ ਲੱਗਣ ਕਾਰਨ ਇਸ 'ਚ ਸਵਾਰ ਸਾਰੇ ਦੇ ਸਾਰੇ 10 ਵਿਅਕਤੀ ਮਾਰੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕਰਦਿਆਂ ਜਵਾਨਾਂ ਦੇ ਵਾਰਸਾਂ ਨੂੰ 20-20 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ।