ਏਅਰ ਇੰਡੀਆ ਦੇ ਜਹਾਜ਼ਾਂ 'ਚ ਸਿਰਫ ਮਿਲੇਗਾ ਸ਼ਾਕਾਹਾਰੀ ਖਾਣਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਦੇਸ਼ ਦੀ ਸਭ ਤੋਂ ਵੱਡੀ ਹਵਾਈ ਸੇਵਾ ਕੰਪਨੀ ਏਅਰ ਇੰਡੀਆ ਨੇ ਫੈਸਲਾ ਕੀਤਾ ਹੈ ਕਿ ਉਹ ਆਪਣੀਆਂ 60 ਤੋਂ 90 ਮਿੰਟਾਂ ਤੱਕ ਦੀਆਂ ਉਡਾਨਾਂ ਲਈ ਸਿਰਫ ਸਾਕਾਹਾਰੀ ਖਾਣਾ ਹੀ ਪਰੋਸੇਗੀ। ਹਾਲਾਂਕਿ ਏਅਰ ਇੰਡੀਆ ਦੇ ਇਸ ਫੈਸਲੇ ਨੂੰ ਪਹਿਲੀ ਜਨਵਰੀ ਨੂੰ ਲਾਗੂ ਕੀਤਾ ਜਾਣਾ ਹੈ, ਪਰ ਇਸ ਨੂੰ ਲੈ ਕੇ ਸਿਆਸਤ ਹੁਣ ਤੋਂ ਹੀ ਗਰਮਾ ਗਈ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁਲਾ ਨੇ ਟਵੀਟ ਕਰਕੇ ਏਅਰ ਇੰਡੀਆ ਨੂੰ ਪੁੱਛਿਆ ਕਿ ਇਸ ਫੈਸਲੇ ਪਿੱਛੇ ਕੀ ਵਜ੍ਹਾ ਹੈ। ਏਅਰ ਇੰਡੀਆ ਨੇ ਇਸ ਫੈਸਲੇ ਦਾ ਕਾਰਨ ਸਮੇਂ ਦੀ ਕਮੀ ਦੱਸਿਆ ਹੈ। ਏਅਰ ਇੰਡੀਆ ਦੇ ਦੱਸਿਆ ਕਿ ਜਹਾਜ਼ ਵਿੱਚ ਭੋਜਣ ਪਰੋਸਣ ਲਈ ਸਮਾਂ ਘੱਟ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾ ਦੱਸਿਆ ਕਿ ਮਾਸਾਹਾਰੀ ਤਾਂ ਸਾਕਾਹਾਰੀ ਭੋਜਨ ਖਾ ਸਕਦੇ ਹਨ, ਪਰ ਸਾਕਾਹਾਰੀ ਲੋਕ ਮਾਸਾਹਾਰੀ ਨਹੀਂ ਬਣ ਸਕਦੇ।
ਘਰੇਲੂ ਸੈਕਟਰ ਵਿੱਚ ਏਅਰ ਇੰਡੀਆ ਕੋਲ 5 ਕੈਟਾਗਰੀਆਂ ਹਨ, ਜਿਨ੍ਹਾਂ 'ਚ ਸਵੇਰੇ 5 ਵਜੇ ਤੋਂ 9.30 ਵਜੇ ਤੱਕ ਦੀਆਂ ਫਲਾਈਟਾਂ ਵਿੱਚ ਬਰੇਕ ਫਾਸਟ ਦਿੱਤਾ ਜਾਂਦਾ ਹੈ ਅਤੇ 9.30 ਵਜੇ ਤੋਂ ਸਾਢੇ 11 ਵਜੇ ਵਾਲੀਆਂ ਉਡਾਨਾਂ ਵਿੱਚ ਚਾਹ, ਦੁਪਹਿਰ ਬਾਅਦ 3 ਵਜੇ ਤੋਂ ਸਾਢੇ 6.30 ਵਜੇ, ਦੁਪਹਿਰ 12 ਵਜੇ ਤੋਂ ਢਾਈ ਵਜੇ ਤੱਕ ਦੀਆਂ ਉਡਾਨਾਂ ਲਈ ਦੁਪਹਿਰ ਦਾ ਭੋਜਨ ਅਤੇ ਸ਼ਾਮੀਂ ਸਾਢੇ 6 ਵਜੇ ਤੋਂ 10 ਵਜੇ ਤੱਕ ਅਤੇ ਰਾਤ 11 ਵਜੇ ਦੀਆਂ ਫਲਾਈਟਾਂ ਲਈ ਡਿਨਰ ਦਿੱਤਾ ਜਾਂਦਾ ਹੈ। ਏਅਰ ਇੰਡੀਆ ਦੇ ਇਸ ਫੈਸਲੇ ਨਾਲ ਮੁੰਬਈ, ਦਿੱਲੀ ਅਤੇ ਮੁੰਬਈ-ਬੰਗਲੁਰੂ ਤੋਂ ਉਡਾਰੀ ਭਰਨ ਵਾਲੇ ਜਹਾਜ਼ਾਂ ਦੇ ਮੁਸਾਫਰਾਂ 'ਤੇ ਅਸਰ ਪਵੇਗਾ।