ਮੋਦੀ ਦੇ ਸੁਆਗਤ ਤੋਂ ਬੁਖਲਾਇਆ ਸਈਦ

ਨਵੀਂ ਦਿੱਲੀ/ਲਾਹੌਰ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਚਾਨਕ ਕੀਤੇ ਗਏ ਪਾਕਿਸਤਾਨ ਦੇ ਸੰਖੇਪ ਦੌਰੇ ਅਤੇ ਪਾਕਿਸਤਾਨ 'ਚ ਕੀਤੇ ਗਏ ਸ਼ਾਨਦਾਰ ਸੁਆਗਤ ਤੋਂ ਮੁੰਬਈ ਹਮਲਿਆਂ ਦਾ ਸਰਗਨਾ ਅਤੇ ਜਮਾਤ ਉਦ ਦਾਵਾ ਦਾ ਮੁਖੀ ਹਾਫ਼ਿਜ ਸਈਦ ਬੁਖਲਾ ਗਿਆ ਹੈ। ਸਈਦ ਨੇ ਕਿਹਾ ਕਿ ਨਵਾਜ਼ ਸ਼ਰੀਫ਼ ਨੂੰ ਦੇਸ਼ ਨੂੰ ਸਫਾਈ ਦੇਣੀ ਚਾਹੀਦੀ ਹੈ ਕਿ ਉਨ੍ਹਾ ਦੁਸ਼ਮਣ ਦਾ ਏਨਾ ਸ਼ਾਨਦਾਰ ਸੁਆਗਤ ਕਿਉਂ ਕੀਤਾ।
ਇੱਥੇ ਹੀ ਬੱਸ ਨਹੀਂ, ਹਾਫਿਜ਼ ਸਈਦ ਨੇ ਮੋਦੀ ਵਿਰੁੱਧ ਵੀ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ। ਉਸ ਨੇ ਕਿਹਾ ਕਿ ਪਾਕਿਸਤਾਨ ਨੂੰ ਆਪਣਾ ਸਭ ਤੋਂ ਵੱਡਾ ਵਕੀਲ ਸਮਝਣ ਵਾਲੇ ਕਸ਼ਮੀਰੀ ਪਾਕਿਸਤਾਨ 'ਚ ਮੋਦੀ ਦੇ ਸ਼ਾਹੀ ਸੁਆਗਤ ਨੂੰ ਦੇਖ ਕੇ ਰੋ ਰਹੇ ਹਨ। ਮੋਦੀ ਖ਼ਿਲਾਫ਼ ਜ਼ਹਿਰ ਉਗਲਦਿਆਂ ਹਾਫ਼ਿਜ਼ ਨੇ ਕਿਹਾ ਕਿ ਇਹ ਉਹੀ ਮੋਦੀ ਹੈ, ਜਿਸ ਨੇ ਕੁਝ ਦਿਨ ਪਹਿਲਾਂ ਬੰਗਲਾਦੇਸ਼ ਜਾ ਕੇ ਪਾਕਿਸਤਾਨ ਨੂੰ ਤੋੜਣ ਦਾ ਐਲਾਨ ਕੀਤਾ ਸੀ। ਉਨ੍ਹਾ ਕਿਹਾ ਸੀ ਕਿ ਮੈਂ ਉਨ੍ਹਾ ਲੋਕਾਂ 'ਚ ਸ਼ਾਮਲ ਹਾਂ, ਜਿਨ੍ਹਾਂ ਨੇ ਪਾਕਿਸਤਾਨ ਨੂੰ ਤੋੜਿਆ ਅਤੇ ਹੁਣ ਵੀ ਉਹ ਪਾਕਿਸਤਾਨ 'ਚ ਦਹਿਸ਼ਤ ਫੈਲਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦਾ।
ਜ਼ਿਕਰਯੋਗ ਹੈ ਕਿ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਿਛਲੇ 12 ਸਾਲਾਂ 'ਚ ਪਹਿਲਾ ਪਾਕਿਸਤਾਨ ਦੌਰਾ ਸੀ। ਇਸ ਤੋਂ ਪਹਿਲਾਂ 2004 'ਚ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਪਾਕਿਸਤਾਨ ਗਏ ਸਨ।